Site icon Sikh Siyasat News

ਜੰਮੂ ਦੀਆਂ ਸੰਗਤਾਂ ਵੱਲੋਂ ਸ਼ਹੀਦੀ ਯਾਦਗਾਰ ਦੀਵਾਨ ਵੱਖ-ਵੱਖ ਗੁਰੂ ਘਰਾਂ ਵਿੱਚ ਸਜਾਏ ਜਾਣਗੇ

ਚੰਡੀਗੜ੍ਹ- ਜੂਨ ੧੯੮੪ ਦੇ ਤੀਜੇ ਘੱਲੂਘਾਰੇ ਦੇ ੪੦ਵੇਂ ਸਾਲ ਵਿਚ ਜੰਮੂ ਦੀਆਂ ਸੰਗਤਾਂ ਵੱਲੋਂ ੪੦ ਦਿਨ ਲਗਾਤਾਰ ਸੰਧਿਆ ਵੇਲੇ ਦੇ ਸ਼ਹੀਦੀ ਯਾਦਗਾਰ ਦੀਵਾਨ ਵੱਖ ਵੱਖ ਗੁਰੂ ਘਰਾਂ ਵਿੱਚ ਸਜਾਏ ਜਾਣਗੇ।

ਇਸ ਸੰਬੰਧੀ ੨੭ ਅਪ੍ਰੈਲ ਨੂੰ ਰਖੀ ਗਈ ਮੀਡੀਆ ਮਿਲਣੀ ਵਿਚ ਸਮਾਜ ਦੇ ਵੱਖੋ ਵੱਖ ਤਬਕਿਆਂ ਚੋਂ ਅਤੇ ਵੱਖੋ ਵੱਖ ਵਿਚਾਰਧਾਰਾਵਾਂ ਰਖਣ ਵਾਲੇ ਪੰਥ ਦਰਦੀ ਸ਼ਖ਼ਸੀਅਤਾਂ ਸ਼ਾਮਿਲ ਹੋਈਆਂ ਅਤੇ ਸਮੂਹ ਸੰਗਤਾਂ ਨੂੰ ਇਨ੍ਹਾਂ ਲੜੀਵਾਰ ਸ਼ਹੀਦੀ ਯਾਦਗਰ ਸਮਾਗਮਾਂ ਵਿੱਚ ਸੰਗਤੀ ਤੌਰ ਉੱਤੇ ਸ਼ਾਮਿਲ ਹੋ ਕੇ ਸਹਿਜ ਪਾਠ ਕਰਨ ਦੀ ਬੇਨਤੀ ਕੀਤੀ ਗਈ।

ਇਨ੍ਹਾਂ ਦੀਵਾਨਾਂ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ ਇਕ ਸੰਪੂਰਨ ਸਹਿਜ ਪਾਠ ਲੜੀਵਾਰ ਵੱਖੋ ਵੱਖ ਗੁਰਦੁਆਰਿਆਂ ਚ ਕੀਤੇ ਜਾ ਰਹੇ ਹਨ। ਇਸ ਕਾਰਜ ਨੂੰ ਨੇਪਰੇ ਚੜ੍ਹਾਉਣ ਲਈ ਜੰਮੂ ਦੇ ਵੱਖੋ ਵੱਖ ਇਲਾਕਿਆਂ ਵਿਚ ੪੦ ਗੁਰਦਵਾਰਿਆਂ ਦੀ ਸੂਚੀ ਤਿਆਰ ਕੀਤੀ ਗਈ ਹੈ ਅਤੇ ਵਿਸਤਾਰ ਵਿਚ ਕਿਹੜੀ ਤਰੀਕ ਨੂੰ ਕਿਹੜੇ ਗੁਰਦੁਆਰੇ ਵਿਚ ਸਹਿਜ ਪਾਠ ਸਾਹਿਬ ਕਿਹੜੇ ਅੰਗ ਤੋਂ ਕਿਹੜੇ ਅੰਗ ਤਕ ਕੀਤਾ ਜਾਵੇਗਾ – ਇਸ ਸਭ ਦਾ ਵੇਰਵਾ ਪਹਿਲੋਂ ਹੀ ਤਿਆਰ ਕਰਕੇ ਸਥਾਨਕ ਸੰਗਤਾਂ ਨੇ ਮਿਲ ਜੁਲ ਕੇ ਆਪੋ ਆਪਣੀ ਜ਼ਿੰਮੇਵਾਰੀ ਸੰਭਾਲਦਿਆਂ ਗੁਰਦਵਾਰਿਆਂ ਵਿੱਚ ਰੋਜ਼ਾਨਾ ਲੜੀਵਾਰ ਸਹਿਜ ਪਾਠ ਸਾਹਿਬ ਕਰਵਾਉਣ ਦਾ ਉਪਰਾਲਾ ਵਿਉਂਤਿਆ ਹੈ।

ਜੂਨ ੧੯੮੪ ਦੇ ਤੀਜੇ ਘੱਲੂਘਾਰੇ ਦੀ ਯਾਦ ਵਿਚ ਸੰਗਤਾਂ ਵਲੋਂ ਸਹਿਜ ਪਾਠ ਸਾਹਿਬ ਦੀ ਅਰੰਭਤਾ ੨੯ ਜੂਨ ਨੂੰ ਕੀਤੀ ਜਾਵੇਗੀ ਅਤੇ ਭੋਗ ੬ ਜੂਨ ਨੂੰ ਪਾਏ ਜਾਣਗੇ।

ਤੀਜੇ ਘੱਲੂਘਾਰੇ ਦੇ ਸੰਬੰਧੀ ਜੰਮੂ ਕਸ਼ਮੀਰ ਵਿਚ ਵੱਖ ਵੱਖ ਸਮਾਗਮ ਹਰ ਸਾਲ ਉਲੀਕੇ ਜਾਂਦੇ ਹਨ ਪਰ ਇਸ ਵਾਰ ਸੰਗਤੀ ਤੌਰ ਉੱਤੇ ਕੀਤੇ ਜਾ ਰਹੇ ਇਸ ਉਪਰਾਲੇ ਅਤੇ ਸਮਾਜ ਦੇ ਹਰ ਵਰਗ ਵੱਲੋਂ ਇਸ ਵਿਚ ਕੀਤੀ ਜਾ ਰਹੀ ਸ਼ਮੂਲੀਅਤ ਗ਼ੌਰਤਲਬ ਹੈ।

ਇਸ ਮੀਡਿਆ ਮਿਲਣੀ ਵਿੱਚ ਸ਼ਾਮਿਲ ਜੰਮੂ ਦੇ ਸਿੱਖ ਸਮਾਜ ਦੀਆਂ ਮਾਣਯੋਗ ਸ਼ਖ਼ਸੀਅਤਾਂ ਨੇ ਉਲੀਕੇ ਗਏ ਇਸ ਸੰਗਤੀ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਜੂਨ ੧੯੮੪ ਦੇ ਮਹਾਨ ਸ਼ਹੀਦ ਗੁਰਬਾਣੀ ਦੇ ਓਟ ਆਸਰੇ ਹੀ ਆਪਣੇ ਸਿਦਕ ਉੱਤੇ ਨਿਭੇ ਸਨ , ਇਸ ਲਈ ਉਨ੍ਹਾਂ ਦੀ ਯਾਦ ਵਿੱਚ ਗੁਰਬਾਣੀ ਨਾਲ ਜੁੜਨ ਦਾ ਕੀਤਾ ਜਾ ਰਹੇ ਇਸ ਉਪਰਾਲੇ ਵਿਚ ਸ਼ਾਮਿਲ ਹੋਣਾ ਸਥਾਨਕ ਸੰਗਤਾਂ ਦਾ ਫਰਜ਼ ਹੈ।ਉਨ੍ਹਾਂ ਇਸ ਉਪਰਾਲੇ ਵਿਚ ਵਿਸਤਾਰ ਵਿਚ ਤਿਆਰ ਕੀਤੇ ਰੋਜ਼ਾਨਾ ਵੇਰਵਿਆਂ ਦੀ ਵੀ ਸ਼ਲਾਘਾ ਕੀਤੀ ਅਤੇ ਸਥਾਨਕ ਸੰਗਤਾਂ ਨੂੰ ਆਪੋ ਆਪਣੇ ਨੇੜਲੇ ਗੁਰੂ ਘਰਾਂ ਵਿੱਚ ਮਿਥੀ ਹੋਈ ਤਰੀਕ ਦੇ ਅਨੁਸਾਰ ਸੰਗਤੀ ਤੌਰ ਉੱਤੇ ਸਹਿਜ ਪਾਠ ਪੜ੍ਹਨ – ਸੁਣਨ ਹਿਤ ਸ਼ਾਮਿਲ ਹੋਣ ਲਈ ਬੇਨਤੀਆਂ ਕੀਤੀਆਂ।

ਜੰਮੂ ਦੇ ਵੱਖੋ ਵਖ ਇਲਾਕਿਆਂ ਚੋਂ ਸਥਾਨਕ ਗੁਰਦਵਾਰਾ ਕਮੇਟੀਆਂ ਦੇ ਨੁਮਾਇੰਦੇ , ਰਾਗੀ ਸਾਹਿਬਾਨ , ਪਰਚਾਰਕ ਸਿੰਘ , ਸ਼ਹੀਦ ਪਰਿਵਾਰਾਂ ਦੇ ਸਦੱਸ ਅਤੇ ਹੋਰ ਪੰਥ ਦਰਦੀ ਨੌਜਵਾਨ ਵੀ ਇਸ ਮਿਲਣੀ ਚ ਪਹੁੰਚੇ ਸਨ। ਰਾਗੀ ਸਭਾ ਵਲੋਂ ਹਾਜ਼ਿਰ ਨੁਮਾਂਇੰਦਿਆਂ ਵਲੋਂ ਇੰਨਾ ਲੜੀਵਾਰ ਸ਼ਹਿਦੀ ਸਮਾਗਮਾਂ ਚ ਹਰ ਤਰ੍ਹਾਂ ਦੀ ਨਿਸ਼ਕਾਮ ਸੇਵਾ ਕਰਨ ਦੇ ਵਚਨ ਵੀ ਕੀਤੇ ਗਏ। ਨੌਜਵਾਨਾਂ ਵਲੋਂ ਸਥਾਨਕ ਗੁਰੁਦਆਰਾ ਕਮੇਟੀਆਂ ਨੂੰ ਇਹ ਵੀ ਬੇਨਤੀ ਕੀਤੀ ਗਈ ਕਿ ਆਪੋ ਆਪਣੇ ਇਲਾਕਿਆਂ ਚ ਸ਼ਹੀਦ ਪਰਿਵਾਰਾਂ ਨੂੰ ਨਿਸ਼ਾਨਦੇਹੀ ਕਰਕੇ ਉਨ੍ਹਾਂ ਨੂੰ ਸਿਰੋਪਿਆਂ ਅਤੇ ਬਣਦੇ ਮਾਣ – ਸਨਮਾਨ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਨਿਵਾਜਿਆ ਜਾਵੇ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version