ਇਆਲੀ/ਥਰੀਕੇ — ਹਲੇਮੀ ਰਾਜ ਦੀ ਸਥਾਪਨਾ ਅਤੇ ਖਾਲਸਾ ਜੀ ਦੇ ਬੋਲ ਬਾਲੇ ਵਾਸਤੇ ਸੰਘਰਸ਼ ਕਰਦਿਆਂ ਦਿੱਲੀ ਦਰਬਾਰ ਦੀ ਬੰਦੀ ਵਿੱਚ ਪਏ ਬੰਦੀ ਸਿੰਘਾਂ ਦੀ ਪੱਕੀ ਰਿਹਾਈ ਅਤੇ ਚੜ੍ਹਦੀ ਕਲਾ ਨਮਿਤ ਇੱਕ ਅਰਦਾਸ ਸਮਾਗਮ ਗੁਰਦੁਆਰਾ ਥੜਾ ਸਾਹਿਬ ਪਾਤਸ਼ਾਹੀ ਛੇਵੀਂ, ਇਆਲੀ ਵਿਖੇ ਹੋਇਆ।
ਸਮਾਗਮ ਦੀ ਸ਼ੁਰੂਆਤ ਵਿੱਚ ਭਾਈ ਦਲਜੀਤ ਸਿੰਘ ਅਤੇ ਬੀਬੀ ਅੰਮ੍ਰਿਤ ਕੌਰ ਵੱਲੋਂ ਕੀਤੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਭਾਈ ਮਹਿਕਦੀਪ ਸਿੰਘ ਮਹਿਤੇ ਵਾਲਿਆਂ ਦੇ ਰਾਗੀ ਜਥੇ ਨੇ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਕੀਤਾ।
ਜਿਸ ਉਪਰੰਤ ਪੰਜ ਸਿੰਘਾਂ ਭਾਈ ਨਿਸ਼ਾਨ ਸਿੰਘ, ਜਥੇਦਾਰ ਜਰਨੈਲ ਸਿੰਘ, ਭਾਈ ਸਵਰਨ ਸਿੰਘ ਕੋਟਧਰਮੂ, ਭਾਈ ਸਾਹਿਬ ਸਿੰਘ ਅਤੇ ਭਾਈ ਰਾਏ ਸਿੰਘ ਨੇ ਅਕਾਲ ਪੁਰਖ ਦੇ ਸਨਮੁਖ ਬੰਦੀ ਸਿੰਘਾਂ ਦੀ ਚੜਦੀਕਲਾ ਅਤੇ ਪੱਕੀ ਰਿਹਾਈ ਵਾਸਤੇ ਅਰਦਾਸ ਕੀਤੀ।
ਇਸ ਮੌਕੇ ਹਾਜ਼ਰ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਪੰਥ ਸੇਵਕ ਜਥਾ ਦੋਆਬਾ ਦੇ ਸੇਵਾਦਾਰ ਭਾਈ ਮਨਧੀਰ ਸਿੰਘ ਨੇ ਕਿਹਾ ਕਿ ਸਿੱਖ ਇਤਿਹਾਸ ਵਿੱਚ ਨਜ਼ਰਬੰਦੀਆਂ ਦਾ ਸਮਾਂ ਗੁਰੂ ਸਾਹਿਬ ਦੇ ਸਮੇਂ ਤੋਂ ਹੀ ਚਲਦਾ ਆ ਰਿਹਾ ਹੈ ਅਤੇ ਸਿੱਖ ਇਤਿਹਾਸ ਦਾ ਹਰ ਦੌਰ ਨਜ਼ਰਬੰਦੀਆਂ ਅਤੇ ਕੈਦਾਂ ਦੌਰਾਨ ਕਰੜੇ ਤਸ਼ੱਦਦਾਂ ਨੂੰ ਸਿਦਕ ਨਾਲ ਝਲਣ ਦੀਆਂ ਮਿਸਾਲਾਂ ਨਾਲ ਭਰਿਆ ਹੋਇਆ ਹੈ। ਉਹਨਾਂ ਕਿਹਾ ਕਿ ਸਿੱਖਾਂ ਵਿੱਚ ਨਜ਼ਰਬੰਦੀ ਵਿੱਚ ਪਏ ਸਿੰਘਾਂ ਸਿੰਘਣੀਆਂ ਦੀ ਰਿਹਾਈ ਬਾਰੇ ਹਕੂਮਤਾਂ ਨਾਲ ਦਲੀਲ ਦੇ ਪੱਧਰ ਉੱਤੇ ਗੱਲ ਕਰਨ ਦੀ ਰਿਵਾਇਤ ਰਹੀ ਹੈ ਪਰ ਕਦੇ ਵੀ ਹਕੂਮਤਾਂ ਕੋਲੋਂ ਰਿਹਾਈਆਂ ਦੀ ਮੰਗ ਨਹੀਂ ਕੀਤੀ ਜਾਂਦੀ ਰਹੀ।
ਉਹਨਾਂ ਕਿਹਾ ਕਿ ਸਿੱਖ ਸਦਾ ਗੁਰੂ ਅਤੇ ਅਕਾਲ ਪੁਰਖ ਕੋਲੋਂ ਹੀ ਮੰਗਦੇ ਹਨ ਅਤੇ ਬੰਦੀ ਸਿੰਘਾਂ ਦੀ ਚੜ੍ਹਦੀ ਕਲਾ ਅਤੇ ਪੱਕੀ ਰਿਹਾਈ ਵਾਸਤੇ ਗੁਰੂ ਸਾਹਿਬ ਅਤੇ ਅਕਾਲ ਪੁਰਖ ਦੇ ਸਨਮੁਖ ਅਰਦਾਸ ਕਰਨੀ ਹੀ ਸਾਡਾ ਫਰਜ਼ ਬਣਦਾ ਹੈ।
ਇਸ ਸਮਾਗਮ ਵਿੱਚ ਸ਼ਹੀਦ ਪਰਿਵਾਰਾਂ ਅਤੇ ਪੰਥ ਦੀ ਸੇਵਾ ਵਿੱਚ ਵਿਚਰ ਰਹੇ ਜਥਿਆਂ ਅਤੇ ਸ਼ਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ।