ਚੰਡੀਗੜ੍ਹ- ਲੰਘੀ 28 ਜੂਨ ਨੂੰ ਮੀਰੀ ਪੀਰੀ ਦਿਵਸ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ਵ ਸਿੱਖ ਇਕੱਤਰਤਾ ਦਾ ਸੱਦਾ ਦੇਣ ਵਾਲੀਆਂ ਪੰਥ ਸੇਵਕ ਜੁਝਾਰੂ ਸਖਸ਼ੀਅਤਾਂ ਭਾਈ ਦਲਜੀਤ ਸਿੰਘ ਬਿੱਟੂ, ਭਾਈ ਨਰਾਇਣ ਸਿੰਘ ਚੌੜਾ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਰਾਜਿੰਦਰ ਸਿੰਘ ਮੁਗਲਵਾਲ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਅਮਰੀਕਾ ਸਿੰਘ ਈਸੜੂ, ਭਾਈ ਮਨਜੀਤ ਸਿੰਘ ਫਗਵਾੜਾ, ਭਾਈ ਸੁਖਦੇਵ ਸਿੰਘ ਡੋਡ ਅਤੇ ਭਾਈ ਹਰਦੀਪ ਸਿੰਘ ਮਹਿਰਾਜ ਨੇ ਵਿਸ਼ਵ ਸਿੱਖ ਇਕੱਤਰਤਾ ਦੀ ਸਫਲਤਾ ਲਈ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਹੈ।
ਉਹਨਾ ਇਸ ਇਕੱਤਰਤਾ ਵਿਚ ਸ਼ਮੂਲੀਅਤ ਕਰਨ ਵਾਲੀਆਂ ਦੇਸ ਵਿਦੇਸ਼ ਵਿਚ ਗੁਰ-ਸੰਗਤ ਤੇ ਖਾਲਸਾ ਪੰਥ ਦੀ ਸੇਵਾ ਵਿਚ ਵਿਚਰਦੀਆਂ ਸੰਪਰਦਾਵਾਂ, ਸੰਸਥਾਵਾਂ, ਜਥਿਆਂ ਤੇ ਮੁਕਾਮੀ ਸੰਗਤਾਂ ਦਾ ਵੀ ਧੰਨਵਾਦ ਕੀਤਾ ਹੈ।
ਪੰਥ ਸੇਵਕ ਜੁਝਾਰੂ ਸਖਸ਼ੀਅਤਾਂ ਨੇ ਕਿਹਾ ਕਿ ਵਿਸ਼ਵ ਸਿੱਖ ਇਕੱਤਰਤਾ ਵਿਚ ਗੁਰਮਤਿ ਆਸ਼ੇ ਤੇ ਖਾਲਸਾ ਪੰਥ ਦੀ ਰਿਵਾਇਤ ਮੁਤਾਬਿਕ ਹਾਜ਼ਰ ਨੁਮਾਇੰਦਿਆਂ ਵਿਚੋਂ ਪੰਜ ਸਿੰਘਾਂ ਦੀ ਚੋਣ ਸੰਗਤ ਦੀ ਪ੍ਰਵਾਣਗੀ ਨਾਲ ਕੀਤੀ ਗਈ ਸੀ ਜਿਹਨਾ ਸਭਨਾ ਦੇ ਵਿਚਾਰ ਸੁਣ ਕੇ ਗੁਰਮਤਿ ਤੇ ਪੰਥਕ ਪਰੰਪਰਾ ਦੀ ਰੌਸ਼ਨੀ ਵਿਚ ਗੁਰਮਤਾ ਸੋਧਿਆ ਹੈ। ਇਸ ਗੁਰਮਤੇ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਮੌਜੂਦਾ ਪ੍ਰਬੰਧ ਨੂੰ ਰੱਦ ਕੀਤਾ ਗਿਆ ਹੈ ਕਿਉਂਕਿ ਇਹ ਪ੍ਰਬੰਧ ਸਿੱਧੇ ਤੇ ਅਸਿੱਧੇ ਰੂਪ ਵਿਚ ਅਕਾਲ ਤਖਤ ਸਾਹਿਬ ਨੂੰ ਦਿੱਲੀ ਦਰਬਾਰ ਦੇ ਦੁਨਿਆਵੀ ਤਖਤ ਦੇ ਅਧੀਨ ਕਰਦਾ ਹੈ। ਗੁਰਮਤੇ ਵਿਚ ਇਹ ਸੇਧ ਮਿਲੀ ਹੈ ਕਿ ਆਕਲ ਤਖਤ ਸਾਹਿਬ ਦੀ ਸੇਵਾ ਸੰਭਾਲ ਲਈ ਪੰਥ ਨੂੰ ਸਮਰਪਿਤ ਸਖਸ਼ੀਅਤਾਂ ਦਾ ਇਕ ਨਿਸ਼ਕਾਮ ਜਥਾ ਬਣਾਇਆ ਜਾਵੇ। ਉਹਨਾ ਆਸ ਪ੍ਰਗਟਾਈ ਕਿ ਵਿਸ਼ਵ ਸਿੱਖ ਇਕੱਤਰਤਾ ਦਾ ਗੁਰਮਤਾ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਵਿਚ ਪੰਥਕ ਰਿਵਾਇਤ ਦੀ ਬਹਾਲੀ ਦਾ ਸਬੱਬ ਬਣੇਗਾ।