ਨਵੀਂ ਦਿੱਲੀ (29 ਜੁਲਾਈ, 2013): ਨਵੰਬਰ 1984 ਵਿਚ ਦਿੱਲੀ ਵਿਖੇ ਹੋਏ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦੇ ਖਿਲਾਫ ਇਕ ਹੋਰ ਅਹਿਮ ਗਵਾਹ ਬੀਬੀ ਭਗਵਾਨੀ ਬਾਈ ਧਰਮ-ਸੁਪਤਨੀ ਸਵਰਗੀ ਸ਼ ਸੇਵਾ ਸਿੰਘ ਦੇ 27 ਜੁਲਾਈ ਨੂੰ ਚਲਾਣਾ ਕਰ ਜਾਣ ਦੀ ਦੁਖ ਭਰੀ ਖਬਰ ਪ੍ਰਾਪਤ ਹੋਈ ਹੈ। ਬੀਬੀ ਭਗਵਾਨੀ 29 ਸਾਲਾਂ ਤਕ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੌਰਾਨ ਮਾਰੇ ਗਏ ਆਪਣੇ ਪਰਵਾਰਕ ਜੀਆਂ ਲਈ ਇਨਸਾਫ ਦੀ ਲੜਾਈ ਲੜਦੀ ਰਹੀ ਅਤੇ ਉਡੀਕ ਕਰਦੀ ਰਹੀ ਕਿ ਕਦੀ ਤਾਂ ਭਾਰਤੀ ਅਦਾਲਤਾਂ ਸੱਚ ਦੀ ਹਾਮੀ ਭਰਦਿਆਂ ਦੋਸ਼ੀਆਂ ਨੂੰ ਸਜ਼ਾ ਦੇਣਗੀਆਂ; ਪਰ ਅੰਤ ਬੀਬੀ ਭਗਵਾਨੀ ਨੂੰ ਇਨਸਾਫ ਨਹੀਂ ਮਿਲਿਆ ਤੇ ਉਹ ਇਸ ਦੀ ਉਡੀਕ ਵਿਚ ਹੀ ਸੰਸਾਰ ਤੋਂ ਚਲਾਣਾ ਕਰ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਬੀਬੀ ਨਿਰਪ੍ਰੀਤ ਕੌਰ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਜੇ ਕਰ ਸਰਕਾਰ ਨੇ 10 ਅਗਸਤ ਤਕ ਸੱਜਣ ਕੁਮਾਰ ਦੇ ਖਿਲਾਫ ਸੁਲਤਾਨਪੁਰੀ ਕੇਸ ਦੀ ਐਫ. ਆਈ. ਆਰ ਫਾਈਲ ਨਹੀ ਕੀਤੀ ਤੇ ਉਹ ਸੰਗਤਾਂ ਦੇ ਸਹਿਯੋਗ ਨਾਲ ਮੁੜ ਤੋ ਸੰਘਰਸ਼ ਸ਼ੁਰੂ ਕਰ ਦੇਣਗੇ । ਉਨ੍ਹਾਂ ਸਿੱਖ ਸੰਗਤਾਂ ਤੋਂ ਇਸ ਸੰਭਾਵੀ ਸੰਘਰਸ਼ ਵਿਚ ਸਹਿਯੋਗ ਦੀ ਮੰਗ ਕੀਤੀ ਹੈ।