ਪੈਨਸਿਲਵੇਨੀਆ, ਅਮਰੀਕਾ: ਨਵੰਬਰ 1984 ਦੇ ਸਿੱਖ ਕਤਲੇਆਮ ਨੂੰ ਵਾਪਰਿਆਂ ਤਿੰਨ ਦਹਾਕੇ ਬੀਤ ਚੁੱਕੇ ਹਨ। ਭਾਰਤ ਸਰਕਾਰ ਤੇ ਭਾਰਤੀ ਖਬਰ ਅਦਾਰਿਆਂ ਨੇ ਤਕਰੀਬਨ ਪੂਰੇ ਭਾਰਤੀ ਉਪਮਹਾਂਦੀਪ ਵਿੱਚ ਵਾਪਰੇ ਇਸ ਕਤਲੇਆਮ ਨੂੰ ‘ਦਿੱਲੀ ਦੰਗੇ’ ਜਾਂ ‘ਸਿੱਖ ਵਿਰੋਧੀ ਦੰਗੇ’ ਆਦਿ ਦਾ ਨਾਂ ਦਿੱਤਾ ਤਾਂ ਕਿ ਨਸਲਕੁਸ਼ੀ ਦੇ ਇਸ ਭਿਆਨਕ ਕਾਂਡ ਦੇ ਸੱਚ ਨੂੰ ਦੱਬਿਆ ਜਾ ਸਕੇ। ਪਰ ਪਿਛਲੇ ਕੁਝ ਕੁ ਸਾਲਾਂ ਤੋਂ ਇਹ ਸੱਚ ਦੁਨੀਆ ਸਾਹਮਣੇ ਪਰਗਟ ਹੋਣਾ ਸ਼ੁਰੂ ਹੋ ਗਿਆ ਹੈ ਤੇ ਦੁਨੀਆ ਦੀਆਂ ਸਰਕਾਰਾਂ/ਸਭਾਵਾਂ ਨੇ ‘ਸਿੱਖ ਨਸਲਕੁਸ਼ੀ 1984’ ਦੇ ਸੱਚ ਨੂੰ ਤਸਲੀਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸੇ ਕੜੀ ਤਹਿਤ ਹੁਣ ਅਮਰੀਕਾ ਦੇ ਸੂਬੇ ਪੈਨਸਿਲਵੇਨੀਆ ਦੀ ਵਿਧਾਨ ਸਭਾ (ਜਨਰਲ ਅਸੈਂਬਲੀ) ਨੇ ਮਤਾ ਪਕਾ ਕੇ ਸਿੱਖ ਨਸਲਕੁਸ਼ੀ 1984 ਦੇ ਤੱਥ ਨੂੰ ਮਾਨਤਾ ਦਿੱਤੀ ਹੈ।
‘2018 ਦੇ ਹਾਊਸ ਰੈਜੂਲੇਸ਼ਨ ਨੰਬਰ 1160’ ਦੇ ਸਿਰਲੇਖ ਹੇਂਠ 15 ਅਕਤੂਬਰ ਨੂੰ ਪਕਾਏ ਗਏ ਇਸ ਮਤੇ ਦੀ ਪਹਿਲੀ ਸਤਰ ਵਿੱਚ ਕਿਹਾ ਗਿਆ ਹੈ ਕਿ ਇਹ ਮਤਾ ‘ਭਾਰਤ ਵਿੱਚ ਹੋਈ ਨਵੰਬਰ 1984 ਦੀ ਸਿੱਖ ਵਿਰੋਧੀ ਹਿੰਸਾ ਦੀ ‘ਨਸਲਕੁਸ਼ੀ’ ਵਜੋਂ ਨਿੰਦਾ ਕਰਨ ਲਈ’ ਹੈ। ਮਤੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਸਿੱਖ ਭਾਈਚਾਰਾ ਪੰਜਾਬ ਵਿੱਚ ਪੈਦਾ ਹੋਇਆ ਤੇ ਅਮਰੀਕਾ ਵਿੱਚ ਇਹ ਭਾਈਚਾਰਾ 100 ਸਾਲ ਪਹਿਲਾਂ ਆਉਣਾ ਸ਼ੁਰੂ ਹੋਇਆ ਸੀ ਅਤੇ ਸਿੱਖ ਦੁਨੀਆ ਦਾ ਪੰਜਵਾਂ ਵੱਡਾ ਧਰਮ ਹੈ ਤੇ ਅਮਰੀਕਾ ਵਿੱਚ ਅੰਦਾਜ਼ਨ 7 ਲੱਖ ਸਿੱਖ ਹਨ।
ਮਤੇ ਵਿੱਚ ਅੱਗੇ ਲਿਿਖਆ ਹੋਇਆ ਹੈ ਕਿ ਸਿੱਖ ਨਸਲਕੁਸ਼ੀ ਦਾ ਦੌਰ 1 ਨਵੰਬਰ 1984 ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਮਾਰਨ ਉੱਤੇ ਦਿੱਲੀ ਅਤੇ ਮੱਧ ਪ੍ਰਧੇਸ਼, ਹਰਿਆਣਾ, ਉੱਤਰਾਖੰਡ, ਬਿਹਾਰ, ਝਾਰਖੰਡ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਰਾਜਸਥਾਨ, ਉੜੀਸਾ, ਜੰਮੂ ਕਸ਼ਮੀਰ, ਪੱਛਮੀ ਬੰਗਾਲ, ਛੱਤੀਸਗੜ੍ਹ, ਤ੍ਰਿਪੁਰਾ, ਤਮਿਲ ਨਾਡੂ, ਗੁਜਰਾਤ, ਆਦਰਾ ਪ੍ਰਦੇਸ਼, ਕੇਰਲਾ ਅਤੇ ਮਹਾਂਰਾਸ਼ਟਰਾ ਹੇਠ ਪੈਂਦੇ ਇਲਾਕਿਆਂ ਵਿੱਚ ਸ਼ੁਰੂ ਹੋਇਆ। ਤਿੰਨ ਦਿਨ ਚੱਲੇ ਇਸ ਕਤਲੇਆਮ ਵਿੱਚ 30 ਹਜ਼ਾਰ ਦੇ ਕਰੀਬ ਸਿੱਖ ਬੁਰੀ ਤਰ੍ਹਾਂ ਕਤਲ ਕੀਤੇ ਗਏ ਤੇ ਜਿਓਂਦੇ ਸਾੜ ਦਿੱਤੇ ਗਏ।
ਮਤੇ ਵਿੱਚ ਇਹ ਵੀ ਜ਼ਿਕਰ ਹੈ ਕਿ ਅਪਰੈਲ 16, 2015 ਨੂੰ ਕੈਲੇਫੋਰਨੀਆ ਦੀ ਵਿਧਾਨ ਸਭਾ ਨੇ ਸਰਬਸੰਮਤੀ ਨਾਲ ‘ਅਸੈਂਬਲੀ ਕੰਨਕਰੰਟ ਮਤਾ ਨੰ. 34’ ਪਕਾਇਆ ਸੀ, ਜਿਸ ਰਾਹੀਂ ਭਾਰਤ ਸਰਕਾਰ ਵੱਲੋਂ ‘ਵਿਓਂਤਬੱਧ ਤੇ ਸੰਗਠਤ’ ਤਰੀਕੇ ਨਾਲ ਸਿੱਖਾਂ ਦੇ ਕਤਲਾਂ ਨੂੰ ਤਸਲੀਮ ਕਰਦਿਆਂ 1984 ਦੀ ਨਸਲਕੁਸ਼ੀ ਵਿੱਚ ਜਾਨਾਂ ਗਵਾਉਣ ਵਾਲੇ ਜੀਆਂ ਨੂੰ ਯਾਦ ਕੀਤਾ ਗਿਆ ਸੀ।
ਪੈਨਸਿਲਵੇਨੀਆ ਵਿਧਾਨ ਸਭਾ ਦੇ ਮਤੇ ਵਿੱਚ ਇਸ ਤੱਥ ਦਾ ਵੀ ਜ਼ਿਕਰ ਹੈ ਕਿ ਚਸ਼ਮਦੀਦ ਗਵਾਹਾਂ, ਪੱਤਰਕਾਰਾਂ ਤੇ ਮਨੁੱਖੀ ਹੱਕਾਂ ਦੇ ਕਾਰਕੁੰਨਾਂ ਵੱਲੋਂ ਇਕੱਠੇ ਕੀਤੇ ਗਏ ਸਬੂਤਾਂ ਤੋਂ ਪਤਾ ਲੱਗਦਾ ਹੈ ਕਿ ਸਰਕਾਰ ਅਤੇ ਕਾਨੂੰਨੀ ਕਾਰਵਾਈ ਕਰਨ ਲਈ ਜ਼ਿੰਮੇਵਾਰ ਅਫਸਰਾਂ ਨੇ ਕਤਲੇਆਮ ਨੂੰ ਸਰਅੰਜਾਮ ਦਿੱਤਾ, ਇਸ ਵਿੱਚ ਸ਼ਮੂਲੀਅਤ ਕੀਤੀ ਅਤੇ ਇਸ ਨੂੰ ਸਿੱਧੇ ਜਾਂ ਅਸਿੱਧੇ ਤੌਰ ਤੇ ਰੋਕਣ ਲਈ ਕੋਈ ਦਖਲ ਨਹੀਂ ਦਿੱਤਾ।
ਮਤੇ ਵਿੱਚ ਇਹ ਵੀ ਜ਼ਿਕਰ ਹੈ ਕਿ ਸਾਲ 2011 ਵਿੱਚ ਹਰਿਆਣਾ ਹੋਂਦ ਚਿੱਲੜ ਅਤੇ ਪਟੌਦੀ ਵਿੱਚ ਨਸਲਕੁਸ਼ੀ ਵਾਲੀਆਂ ਥਾਵਾਂ ਲੱਭੀਆਂ ਹਨ ਜੋ ਇਸ ਤੱਥ ਦੀ ਦੱਸ ਪਾਉਂਦੀਆਂ ਹਨ ਕਿ ਕਿਵੇਂ ਇਹਨਾਂ ਕਾਰਿਆਂ ਲਈ ਦੋਸ਼ੀਆਂ ਨੂੰ ਸਜਾਵਾਂ ਨਹੀਂ ਦਿੱਤੀਆਂ ਗਈਆਂ। ਮਤੇ ਵਿੱਚ ਤਿਲਕ ਵਿਹਾਰ ਦੀ ‘ਵਿਧਵਾ ਕਲੋਨੀ’ ਦਾ ਵੀ ਜ਼ਿਕਰ ਹੈ।
ਇਸ ਮਤੇ ਵਿੱਚ ਲਿਿਖਆ ਹੈ ਕਿ ਬਹੁਤ ਸਾਰੇ ਸਿੱਖ 1984 ਤੋਂ ਬਾਅਦ ਅਮਰੀਕਾ ਵਿੱਚ ਆਏ ਹਨ ਤੇ ਅਮਰੀਕਾ ਦੇ ਸਿੱਖ ਭਾਈਚਾਰਾ 1984 ਵਿੱਚ ਮਾਰੇ ਗਏ ਜੀਆਂ ਨੂੰ ਯਾਦ ਰੱਖ ਰਿਹਾ ਹੈ ਤੇ ਉਹ ਕਦੀ ਵੀ ਇਸ ਸਾਕੇ ਨੂੰ ਨਹੀਂ ਭੁੱਲਣਗੇ।
ਮਤੇ ਵਿੱਚ ਇਸ ਗੱਲ ਦਾ ਵੀ ਖਾਸ ਜ਼ਿਕਰ ਹੈ ਕਿ ਸਾਲਾਂ ਤੱਕ ‘1984 ਸਿੱਖ ਵਿਰੋਧੀ ਦੰਗੇ’ ਸ਼ਬਦ ਦੀ ਵਰਤੋਂ ਹੁੰਦੀ ਰਹੀ ਹੈ ਜੋ ਕਿਸ ਵਾਪਰੇ ਘਟਨਾਕ੍ਰਮ ਦੀ ਗਲਤ ਪੇਸ਼ਕਾਰੀ ਹੈ।
ਮਤੇ ਦੇ ਅਖੀਰ ਵਿੱਚ ‘ਸਰਕਾਰ ਵੱਲੋਂ ਕੀਤੇ ਕਤਲੇਆਮ’ ਦਾ ਜ਼ਿਕਰ ਕਰਦਿਆਂ ਨਵੰਬਰ 1984 ਦੇ ਸਿੱਖ ਕਤਲੇਆਮ ਨੂੰ ‘ਨਸਲਕੁਸ਼ੀ’ ਵਜੋਂ ਮਾਨਤਾ ਦਿੱਤੀ ਗਈ ਹੈ। ਅਮਰੀਕਾ ਦੀਆਂ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਇਸ ਮਤੇ ਦਾ ਸਵਾਗਤ ਕੀਤਾ ਹੈ।
ਪੈਨਸਿਲਵੇਨੀਆ ਵਿਧਾਨ ਸਭਾ ਵਲੋਂ ਪਾਸ ਕੀਤਾ ਗਿਆ ਮਤਾ ਹੇਂਠਾਂ ਪੜ੍ਹਿਆ ਜਾ ਸਕਦਾ ਹੈ।