ਅੰਮ੍ਰਿਤਸਰ: ਅਜ਼ਾਦੀ ਪਸੰਦ ਸਿੱਖ ਜਥੇਬੰਦੀ ਦਲ ਖ਼ਾਲਸਾ ਨੇ ਸੰਯੁਕਤ ਰਾਸ਼ਟਰ ਦੇ ਮੁਖੀ ਬਾਨ ਕੀ ਮੂਨ ਨੂੰ ਚਿੱਠੀ ਲਿਖ ਕੇ ਯਾਦ ਕਰਵਾਇਆ ਕਿ ਜੋ ਤੁਸੀਂ ਸ੍ਰੀਲੰਕਾ ਨਾਲ ਕੀਤਾ ਉਹ ਭਾਰਤ ਨਾਲ ਵੀ ਕੀਤਾ ਜਾਵੇ। ਦਲ ਖ਼ਾਲਸਾ ਨੇ ਚਿੱਠੀ ‘ਚ ਕਿਹਾ ਕਿ ਭਾਰਤ ਵਿਚ ਜੋ ਸਿੱਖਾਂ, ਕਸ਼ਮੀਰੀਆਂ ਅਤੇ ਹੋਰ ਘੱਟਗਿਣਤੀਆਂ ਨਾਲ ਪਿਛਲੇ ਚਾਰ ਦਹਾਕਿਆਂ ਤੋਂ ਹੋ ਰਿਹਾ ਹੈ ਉਸ ‘ਤੇ ਕੌਮਾਂਤਰੀ ਸੰਸਥਾ ਸੰਯੁਕਤ ਰਾਸ਼ਟਰ ਨੇ ਕਿਉਂ ਅੱਖਾਂ ਬੰਦ ਕੀਤੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਇਨਸਾਫ ਲਈ “ਹਮੇਸ਼ਾ ਲਈ ਇੰਤਜ਼ਾਰ” ਨਹੀਂ ਕੀਤਾ ਜਾ ਸਕਦਾ।
ਜ਼ਿਕਰਯੋਗ ਹੈ ਕਿ ਜਨਾਬ ਬਾਨ ਕੀ ਮੂਨ ਇਨ੍ਹੀਂ ਦਿਨੀਂ ਸ੍ਰੀਲੰਕਾ ਦੌਰੇ ‘ਤੇ ਹਨ ਅਤੇ ਉਨ੍ਹਾਂ ਨੇ ਉਥੋਂ ਦੀ ਸਰਕਾਰ ਨੂੰ ਸਟੇਟ ਦੇ ਜ਼ੁਲਮ ਦੇ ਸ਼ਿਕਾਰ ਲੋਕਾਂ ਦੇ ਅਧਿਕਾਰਾਂ ਵਲ ਧਿਆਨ ਦੇਣ ਦਾ ਸੁਝਾਅ ਦਿੱਤਾ ਹੈ।
ਦਲ ਖ਼ਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਜੋ ਤੁਸੀਂ ਸ੍ਰੀਲੰਕਾ ਦੇ ਮਾਮਲੇ ‘ਚ ਅਮਲ ਕੀਤਾ ਹੈ ਉਹੀ ਭਾਰਤ ‘ਤੇ ਵੀ ਲਾਗੂ ਕਰੋ। ਉਨ੍ਹਾਂ ਕਿਹਾ, “ਕਸ਼ਮੀਰ ਲਹੂ ‘ਚ ਭਿੱਜਾ ਪਿਆ ਹੈ। ਲੋਕ ਆਪਣੇ ਰਿਸ਼ਤੇਦਾਰਾਂ ਅਤੇ ਪਿਆਰਿਆਂ ਦੇ ਸੋਗ ਵਿਚ ਪਿਛਲੇ ਦੋ ਮਹੀਨੇ ਤੋਂ ਡੁੱਬੇ ਹੋਏ ਹਨ। ਛੱਰੇ ਵਾਲੀਆਂ ਬੰਦੂਕਾਂ (ਪੈਲੇਟ ਗੰਨ) ਨਾਲ ਨੌਜਵਾਨ ਪੀੜੀ ਦੀਆਂ ਜਾਨਾਂ ਜਾ ਰਹੀਆਂ ਹਨ। ਭਾਰਤ ਦੀ ਸਥਾਪਤ ਧਿਰ ਇਸ ਮਾਮਲੇ ‘ਚ ਨਾ ਗੰਭੀਰ ਹੈ ਅਤੇ ਨਾ ਹੀ ਇਸਦਾ ਕੋਈ ਸ਼ਾਂਤੀਪੂਰਣ ਹੱਲ ਕੱਢਣਾ ਚਾਹੁੰਦੀ ਹੈ।”
ਕੰਵਰਪਾਲ ਸਿੰਘ ਨੇ ਕਿਹਾ, “ਕੀ ਤੁਸੀਂ ਦੱਸ ਸਕਦੇ ਹੋ ਕਿ ਕਸ਼ਮੀਰ ਵਿਚ ਹੋਣ ਵਾਲੇ ਮਨੁੱਖਤਾ ਦੇ ਘਾਣ ‘ਤੇ ਦੁਨੀਆਂ ਦੀਆਂ ਤਾਕਤਾਂ ਨੇ ਉਦਾਸੀਨ ਰਵੱਈਆ ਕਿਉਂ ਅਖਤਿਆਰ ਕਰ ਰੱਖਿਆ ਹੈ।”
ਸਿੱਖ ਆਗੂ ਨੇ ਅੱਗੇ ਕਿਹਾ ਕਿ ਤੁਸੀਂ ਤਾਮਿਲਾਂ ਅਤੇ ਸਿੱਖਾਂ ਦੇ ਮਾਮਲੇ ‘ਚ ਵਿਤਕਰੇ ਵਾਲਾ ਰੁੱਖ ਕਿਉਂ ਅਪਣਾਇਆ ਹੈ ਜਦੋਂ ਦੋਵੇਂ ਥਾਵਾਂ ‘ਤੇ ਸਟੇਟ ਵਲੋਂ ਕਤਲੇਆਮ, ਔਰਤਾਂ ਦੇ ਬਲਾਤਕਾਰ, ਭਾਸ਼ਾ ਨੂੰ ਦਬਾਉਣ ਆਦਿ ਦੀਆਂ ਘਿਨੌਣੀਆਂ ਚਾਲਾਂ ਇਕੋ ਜਿਹੀਆਂ ਹਨ।
ਅਖੀਰ ‘ਚ ਉਨ੍ਹਾਂ ਕਿਹਾ ਕਿ ਦਲ ਖ਼ਾਲਸਾ ਚਾਹੁੰਦਾ ਹੈ ਕਿ ਸੰਯੁਕਤ ਰਾਸ਼ਟਰ (UN) ਨਵੰਬਰ 1984 ਦੇ ਕਤਲੇਆਮ ਅਤੇ ਝੂਠੇ ਪੁਲਿਸ ਮੁਕਾਬਲਿਆਂ ਦੀ ਜਾਂਚ ਕਰੇ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
Sikh body to UN chief Ban Ki-Moon: What applys to Sri Lanka, applys to India as well ..