Site icon Sikh Siyasat News

ਸਿੱਖ ਜਥੇਬੰਦੀਆਂ ਨੇ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰੁ ਰਾਮਦਾਸ ਜੀ ਪ੍ਰਕਾਸ਼ ਦਿਹਾੜਾ ਮਨਾਇਆ

ਅੰਮ੍ਰਿਤਸਰ ( 9 ਅਕਤੂਬਰ, 2015): ਅੱਜ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਸਿੱਖ ਜਥੇਬੰਦੀਆਂ ਅਕਾਲ ਪੁਰਖ ਕੀ ਫੌਜ ਅਤੇ ਪੰਥਕ ਤਾਲਮੇਲ ਸੰਗਠਨ ਵੱਲੋਂ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਹੈ। ਜਦੋਂਕਿ ਸ੍ਰੀ ਅਕਾਲ ਤਖ਼ਤ ਤੋਂ ਜਾਰੀ ਕੀਤੇ ਗਏ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਵਾਨਿਤ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਅਨੁਸਾਰ ਇਹ ਪ੍ਰਕਾਸ਼ ਦਿਹਾੜਾ 29 ਅਕਤੂਬਰ ਨੂੰ ਮਨਾਇਆ ਜਾ    ਰਿਹਾ ਹੈ।

ਅੰਮ੍ਰਿਤਸਰ ਵਿੱਚ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੱਤਕੇ ਦੇ ਜੌਹਰ ਦਿਖਾ ਰਹੇ ਸਿੱਖ ਨੌਜਵਾਨ

ਇਨ੍ਹਾਂ ਜਥੇਬੰਦੀਆਂ ਵੱਲੋਂ ਅੱਜ ਸਵੇਰੇ ਗੁਰਦੁਆਰਾ ਰੂਪ ਨਗਰ ਤੋਂ ਪ੍ਰਭਾਤ ਫੇਰੀ ਕੱਢੀ, ਜਿਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਜਸਵਿੰਦਰ ਸਿੰਘ ਐਡਵੋਕੇਟ ਅਤੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਸਮੇਤ ਪ੍ਰੋ. ਬਲਜਿੰਦਰ ਸਿੰਘ ਤੇ ਹੋਰ ਪਤਵੰਤੇ ਸ਼ਾਮਲ ਸਨ। ਇਹ ਪ੍ਰਭਾਤਫੇਰੀ ਅੱਗੇ ਸਕੂਲੀ ਬੈਂਡ ਅਤੇ ਗੱਤਕਾ ਪਾਰਟੀਆਂ ਆਪਣੇ ਜੌਹਰ ਦਿਖਾ ਰਹੀਆਂ ਸਨ। ਰਸਤੇ ਵਿੱਚ ਕਈ ਥਾਵਾਂ ਤੇ ਪ੍ਰਭਾਤਫੇਰੀ ਦਾ ਸਵਾਗਤ ਕਰਦਿਆਂ ਸੰਗਤ ਵੱਲੋਂ ਫੁੱਲਾਂ ਦੀ ਵਰਖਾ ਵੀ ਕੀਤੀ ਗਈ।

ਪ੍ਰਭਾਤਫੇਰੀ ਸ੍ਰੀ ਦਰਬਾਰ ਸਾਹਿਬ ਪੁੱਜ ਕੇ ਸੰਪੂਰਨ ਹੋਈ, ਜਿਥੇ ਸੰਗਤੀ ਰੂਪ ਵਿੱਚ ਅਰਦਾਸ ਕੀਤੀ ਗਈ। ਅਰਦਾਸ ਸਮੇਂ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਸਾਰੇ ਗੁਰਪੁਰਬ ਤੇ ਦਿਨ ਤਿਉਹਾਰ ਮਨਾਉਣ ਦਾ ਪ੍ਰਣ ਕੀਤਾ ਗਿਆ।

ਇਸ ਮੌਕੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਸੰਗਤ ਨੂੰ ਗੁਰਪੁਰਬ ਦੀ ਵਧਾਈ ਦਿੱਤੀ। ਇਸ ਮੌਕੇ ਕੁਲਜੀਤ ਸਿੰਘ ਸਿੰਘ ਬ੍ਰਦਰਜ਼, ਅਮਰਜੀਤ ਸਿੰਘ ਭਾਟੀਆ ਕੌਂਸਲਰ, ਹਰਜੀਤ ਸਿੰਘ, ਰਜਿੰਦਰ ਸਿੰਘ, ਭੁਪਿੰਦਰਪਾਲ ਸਿੰਘ ਤੇ ਅਕਾਲ ਪੁਰਖ ਕੀ ਫੌਜ ਜਥੇਬੰਦੀ ਦੇ ਕਾਰਕੁਨ ਪਰਿਵਾਰਾਂ ਸਮੇਤ ਮੌਜੂਦ ਸਨ।

ਸ਼ਾਮ ਨੂੰ ਨਿਊ ਅੰਮ੍ਰਿਤਸਰ ਵਿਖੇ ਗੁਰਬਾਣੀ ਦਾ ਕੀਰਤਨ ਦਰਬਾਰ ਹੋਇਆ। ਇਸ ਮੌਕੇ ਰਾਗੀ ਜਥਿਆਂ ਨੇ ਕੀਰਤਨ ਕੀਤਾ ਅਤੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਗੁਰਪੁਰਬ ਅਤੇ ਕੈਲੰਡਰ ਬਾਰੇ ਵਿਚਾਰ ਚਰਚਾ ਕੀਤੀ। ਬੁਲਾਰਿਆਂ ਨੇ ਮੌਜੂਦਾ ਸਿੱਖ ਸੰਕਟ ਬਾਰੇ ਵੀ ਸੰਗਤ ਨੂੰ ਜਾਣੂ ਕਰਵਾਇਆ ਅਤੇ ਹਰੇਕ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਲਈ ਆਖਿਆ।

ਐਡਵੋਕੇਟ ਜਸਵਿੰਦਰ ਸਿੰਘ ਨੇ ਆਖਿਆ ਕਿ ਕਿ ਮੂਲ ਨਾਨਕਸ਼ਾਹੀ ਕੈਲੰਡਰ ਸ੍ਰੀ ਅਕਾਲ ਤਖ਼ਤ ਤੋਂ ਸਮੂਹ ਸਿੱਖ ਜਥੇਬੰਦੀਆਂ ਦੀ ਪ੍ਰਵਾਨਗੀ ਨਾਲ ਲਾਗੂ ਕੀਤਾ ਗਿਆ ਸੀ ਪਰ ਇਸ ਵਿੱਚ ਸੋਧ ਕਰਨ ਸਮੇਂ ਕਿਸੇ ਵੀ ਜਥੇਬੰਦੀ ਦੀ ਰਾਇ ਨਹੀਂ ਲਈ ਗਈ। ਉਨ੍ਹਾਂ ਆਖਿਆ ਕਿ ਮੂਲ ਨਾਨਕਸ਼ਾਹੀ ਕੈਲੰਡਰ, ਜੋ ਸਿੱਖ ਕੌਮ ਦੀ ਵੱਖਰੀ ਪਛਾਣ ਦਾ ਪ੍ਰਤੀਕ ਸੀ, ਨੂੰ ਮੁੜ ਬਿਕਰਮੀ ਕੈਲੰਡਰ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version