ਰੁਪਿੰਦਰ ਸਿੰਘ ਨੂੰ ਆਸਟਰੇਲੀਆ ਤੋਂ ਪੈਸੇ ਭੇਜਣ ਵਾਲੀ ਆਡੀਓ ਨਾਲ ਵੀ ਪੁਲਿਸ ਨੇ ਛੇੜਛਾੜ ਕਰਕੇ ਪੇਸ਼ ਕੀਤਾ: ਭਾਈ ਪੰਥਪ੍ਰੀਤ ਸਿੰਘ ਖਾਲਸਾ
ਪੰਜਗਰਾਂਈ (23 ਅਕਤੂਬਰ, 2015): ਪੰਜਾਬ ਪੁਲਿਸ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ‘ਚ ਅਸਲ ਦੋਸ਼ੀਆਂ ਤੱਕ ਨਾ ਪਹੁੰਚਣ ਦੀ ਆਪਣੀ ਨਾਕਾਬਲੀਅਤ ਨੂੰ ਛਪਾਉਣ ਅਤੇ ਬੇਅਦਬੀ ਖਿਲਾਫ ਚੱਲ ਰਹੇ ਸੰਘਰਸ਼ ਨੂੰ ਕਮਜ਼ੋਰ ਕਰਨ ਸੰਘਰਸ਼ ਨਾਲ ਜੁੜੀਆਂ ਸੰਗਤਾਂ ਦੇ ਮਨੋਬਾਲ ਡੇਗਣ ਅਤੇ ਸੰਘਰਸ਼ ਵਿੱਚ ਸਰਗਰਮੀ ਨਾਲ ਹਿੱਸਾ ਲੈ ਰਹੇ ਸਿੱਖ ਨੌਜਵਾਨਾਂ ਦੇ ਸਿਰ ਹੀ ਦੋਸ਼ ਮੜ ਕੇ ਸਿੱਖ ਕੌਮ ਨੂੰ ਬਦਨਾਮ ਕਰਨ ਲਈ ਰੁਪਿੰਦਰ ਸਿੰਘ ਤੇ ਉਸ ਦੇ ਭਰਾ ਜਸਵਿੰਦਰ ਸਿੰਘ ਦੀ ਗਿ੍ਫ਼ਤਾਰੀ ਨੂੰ ਸਮੁੱਚੀ ਸਿੱਖ ਕੌਮ ਨਿਖੇਧੀ ਕਰ ਰਹੀ ਹੈ ਅਤੇ ਇਸ ਨੂੰ ਸਿੱਖ ਕੌਮ ਖਿਲਾਫ ਬਾਦਲ ਸਰਕਾਰ ਦੀ ਇੱਕ ਵੱਡੀ ਸਾਜ਼ਿਸ਼ ਕਰਾਰ ਦੇ ਰਹੀ ਹੈ।
ਇਸ ਚਲਦਿਆਂ ਸਿੱਖ ਜੱਥੇਬੰਦੀਆਂ ਨੇ ਉਕਤ ਸਿੱਖ ਨੌਜਵਾਨਾਂ ਦੀ ਗ੍ਰਿਫਤਾਰੀ ਨੂੰ ਗਲਤ ਕਰਾਰ ਦਿੰਦਿਆਂ ਅੱਜ ਪੰਥਕ ਜਥੇਬੰਦੀਆਂ ਨੇ ਬੇਅਦਬੀ ਦੇ ਮਾਮਲੇ ਦੀ ਜਾਂਚ ਲਈ ਪੀਪਲਜ਼ ਕਮਿਸ਼ਨ ਬਣਾਉਣ ਦਾ ਫ਼ੈਸਲਾ ਕੀਤਾ ਹੈ ।
ਇਸ ਦੋਂ ਮੈਂਬਰੀ ਪੀਪਲਜ਼ ਕਮਿਸ਼ਨ ਵਿਚ ਇਕ ਸੇਵਾ-ਮੁਕਤ ਹਾਈਕੋਰਟ ਦਾ ਜੱਜ ਅਤੇ ਇਕ ਸੇਵਾ-ਮੁਕਤ ਆਈ. ਪੀ. ਐਸ. ਪੁਲਿਸ ਅਧਿਕਾਰੀ ਸ਼ਾਮਿਲ ਹੋਵੇਗਾ ।ਉਕਤ ਜਾਣਕਾਰੀ ਅੱਜ ਇਥੇ ਪ੍ਰੈਸ ਕਲੱਬ ਵਿਖੇ ਕੀਤੀ ਗਈ ਪ੍ਰੈਸ ਕਾਨਫਰੰਸ ‘ਚ ਭਾਈ ਪੰਥਪ੍ਰੀਤ ਸਿੰਘ ਖਾਲਸਾ ਵੱਲੋਂ ਦਿੱਤੀ ਗਈ ।ਉਨ੍ਹਾਂ ਦੱਸਿਆ ਕਿ ਕਮਿਸ਼ਨ ਦਾ ਐਲਾਨ 25 ਅਕਤੂਬਰ ਨੂੰ ਕੀਤਾ ਜਾਵੇਗਾ ।ਉਨ੍ਹਾਂ ਕਿਹਾ ਕਿ ਸਰਕਾਰ ਤੋਂ ਲੋਕਾਂ ਦਾ ਭਰੋਸਾ ਉੱਠਣ ਕਾਰਨ ਕਮਿਸ਼ਨ ਬਣਾਉਣ ਦਾ ਫ਼ੈਸਲਾ ਸਮੁੱਚੀਆਂ ਪੰਥਕ ਜਥੇਬੰਦੀਆਂ ਵੱਲੋਂ ਲਿਆ ਗਿਆ ਹੈ ।
ਭਾਈ ਖਾਲਸਾ ਨੇ ਅੱਗੇ ਕਿਹਾ ਕਿ 12 ਅਕਤੂਬਰ ਦੀ ਬਰਗਾੜੀ ਬੇਅਦਬੀ ਵਾਲੀ ਘਟਨਾ ਵਾਲੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੇ ਅੰਗਾਂ ਨੂੰ ਪਾਲਕੀ ਵਿਚ ਸੁਸ਼ੋਭਿਤ ਕਰਕੇ ਕੋਟਕਪੂਰੇ ਲਿਜਾਇਆ ਗਿਆ ਸੀ, ਜਿਥੋਂ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਨੂੰ ਭਾਈ ਬੇਅੰਤ ਸਿੰਘ ਕੋਟਕਪੂਰਾ ਦੇ ਘਰ ਸ਼ਸ਼ੋਭਿਤ ਕੀਤਾ ਗਿਆ ਸੀ ਤੇ ਬਾਅਦ ਵਿਚ ਪੁਲਿਸ ਕਾਰਵਾਈ ਪੂਰੀ ਕਰਨ ਲਈ ਪੱਤਰਕਾਰਾਂ ਤੇ ਸੰਗਤਾਂ ਦੀ ਮੌਜੂਦਗੀ ਵਿਚ ਬੇਅਦਬੀ ਦੀ ਘਟਨਾ ਵਾਲੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਪੁਲਿਸ ਦੇ ਸਪੁਰਦ ਕੀਤੇ ਗਏ ਸਨ ।ਪੁਲਿਸ ਨੇ ਵੀ ਭਾਈ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਕੋਲੋਂ ਕੋਈ ਵੀ ਅੰਗ ਬਰਾਮਦ ਨਾ ਹੋਣ ਦੀ ਗੱਲ ਕਹੀ ਹੈ ।
ਭਾਈ ਖਾਲਸਾ ਅਨੁਸਾਰ ਰੁਪਿੰਦਰ ਸਿੰਘ ਨੂੰ ਆਸਟਰੇਲੀਆ ਤੋਂ ਪੈਸੇ ਭੇਜਣ ਵਾਲੀ ਆਡੀਓ ਨਾਲ ਵੀ ਪੁਲਿਸ ਨੇ ਛੇੜਛਾੜ ਕਰਕੇ ਪੇਸ਼ ਕੀਤਾ ਹੈ ।ਰੁਪਿੰਦਰ ਸਿੰਘ ਨੂੰ ਉਕਤ ਪੈਸੇ ਵੈਸਟਰਨ ਯੂਨੀਅਨ ਰਾਹੀਂ ਸਰਕਾਰੀ ਨਿਯਮਾਂ ਮੁਤਾਬਿਕ ਸਿੱਖ ਸੰਘਰਸ਼ ‘ਚ ਜ਼ਖ਼ਮੀ ਹੋਏ ਸਿੰਘਾਂ ਦੇ ਇਲਾਜ ਲਈ ਉਸ ਦੇ ਆਸਟਰੇਲੀਆ ਰਹਿੰਦੇ ਦੋਸਤ ਗੁਰਪ੍ਰੀਤ ਸਿੰਘ ਨੇ ਭੇਜੇ ਸਨ, ਜਿਸ ਨੇ ਕਿਸੇ ਸਮੇਂ ਵੀ ਭਾਰਤ ਆ ਕੇ ਇਸ ਸਬੰਧੀ ਸਪੱਸ਼ਟੀਕਰਨ ਦੇਣ ਦੀ ਗੱਲ ਕਹੀ ਹੈ ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਗਿ੍ਫ਼ਤਾਰ ਕੀਤੇ ਨੌਜਵਾਨਾਂ ਦੀ ਗਿ੍ਫ਼ਤਾਰੀ ਨੂੰ ਸਹੀ ਠਹਿਰਾ ਕੇ ਪਿੰਡਾਂ ਦੀਆਂ ਪੰਚਾਇਤਾਂ ਤੋਂ ਇਸ ਸਬੰਧੀ ਤਸਦੀਕ ਕਰਵਾਉਣ ਦਾ ਝੂਠਾ ਬਿਆਨ ਦੇ ਰਹੇ ਹਨ, ਜਦਕਿ ਪਿੰਡ ਪੰਜਗਰਾਂਈ ਅਤੇ ਇਸ ਇਲਾਕੇ ਦੇ ਪਿੰਡਾਂ ਸਮਾਲਸਰ, ਮੱਲਕੇ, ਗੁਰੂ ਤੇਗ ਬਹਾਦਰ ਨਗਰ ਅਤੇ ਸਾਹਿਬ ਸਿੰਘ ਵਾਲਾ ਦੀਆਂ ਪੰਚਾਇਤਾਂ ਉਕਤ ਨੌਜਵਾਨ ਨੂੰ ਬੇਕਸੂਰ ਦੱਸ ਰਹੀਆਂ ਹਨ ।
ਇਸ ਮੌਕੇ ਉਨ੍ਹਾਂ ਨਾਲ ਭਾਈ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ, ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਦਮਦਮਾ ਸਾਹਿਬ, ਬਾਬਾ ਦਲੇਰ ਸਿੰਘ ਖੇੜੀ ਵਾਲੇ, ਜਥੇਦਾਰ ਬਲਵੰਤ ਸਿੰਘ ਨੰਦਗੜ੍ਹ, ਪ੍ਰੋ: ਸਰਬਜੀਤ ਸਿੰਘ ਧੂੰਦਾ, ਗਿਆਨ ਰਣਜੋਧ ਸਿੰਘ ਸਾਬਕਾ ਹੈੱਡ ਗ੍ਰੰਥੀ ਸ੍ਰੀ ਕੇਸਗੜ੍ਹ ਸਾਹਿਬ, ਭਾਈ ਬਲਜੀਤ ਸਿੰਘ ਦਿੱਲੀ, ਭਾਈ ਸਰਬਜੀਤ ਸਿੰਘ ਉੱਤਰਾਖੰਡ, ਪੰਜ ਪਿੰਡਾਂ ਦੀਆਂ ਪੰਚਾਇਤਾਂ, ਗਿ੍ਫ਼ਤਾਰ ਕੀਤੇ ਗਏ ਨੌਜਵਾਨ ਦੇ ਪਰਿਵਾਰਕ ਮੈਂਬਰ ਤੇ ਵੱਡੀ ਗਿਣਤੀ ‘ਚ ਕਈ ਹੋਰ ਸਿੱਖ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ ।