ਫ਼ਤਹਿਗੜ੍ਹ ਸਾਹਿਬ: “ਪੰਥਕ ਸੋਚ ਉਤੇ ਪਹਿਰਾ ਦੇਣ ਵਾਲੇ ਪੰਜਾਬ ਵਿਚ ‘ਹਰੀ ਕ੍ਰਾਂਤੀ’ ਦੇ ਮੋਢੀ ਖੇਤੀਬਾੜੀ ਯੂਨੀਵਰਸਿਟੀ ਪੰਜਾਬ ਦੇ ਰਹਿ ਚੁੱਕੇ ਵਾਈਸ ਚਾਂਸਲਰ ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿਚ ਬਹੁਤ ਹੀ ਯਾਦ ਰੱਖਣ ਯੋਗ ਭੂਮਿਕਾ ਨਿਭਾਈ, ਵਿਦਿਅਕ ਤੌਰ ਤੇ ਅਗਵਾਈ ਦੇਣ ਵਾਲੇ ਡਾ. ਖੇਮ ਸਿੰਘ ਗਿੱਲ ਜੋ ਪਿਛਲੇ ਦਿਨੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ। ਉਨ੍ਹਾਂ ਦੇ ਚਲੇ ਜਾਣ ਨਾਲ ਸਮੁੱਚੇ ਪੰਜਾਬੀਆਂ, ਸਿੱਖ ਕੌਮ ਨੂੰ ਗਹਿਰਾ ਦੁੱਖ ਮਹਿਸੂਸ ਹੋਇਆ ਹੈ ਕਿਉਂਕਿ ਉਨ੍ਹਾਂ ਨੇ ਮਨੁੱਖਤਾ ਲਈ ਅਤੇ ਖ਼ਾਲਸਾ ਪੰਥ ਲਈ ਆਪਣੇ ਜੀਵਨ ਵਿਚ ਨਿਰਸਵਾਰਥ ਹੋ ਕੇ ਵੱਡੇ ਉਦਮ ਕੀਤੇ ਹਨ”, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਦੇ ਮੁਖੀ ਸ. ਸਿਮਰਨਜੀਤ ਸਿੰਘ ਮਾਨ ਨੇ ਕੀਤਾ ਹੈ।
ਸ਼੍ਰੋ.ਅ.ਦ.ਅ. (ਮਾਨ) ਵੱਲੋਂ ਜਾਰੀ ਇਕ ਲਿਖਤੀ ਬਿਆਨ ਵਿਚ ਕਿਹਾ ਗਿਆ ਹੈ ਕਿ ਡਾ. ਖੇਮ ਸਿੰਘ ਗਿੱਲ ਦੇ ਚਲੇ ਜਾਣ ਨਾਲ ਸਮੁੱਚੇ ਪੰਜਾਬੀਆਂ, ਸਿੱਖ ਕੌਮ ਅਤੇ ਮਨੁੱਖਤਾ ਨੂੰ ਇਕ ਅਸਹਿ ਤੇ ਅਕਹਿ ਘਾਟਾ ਪਿਆ ਹੈ।
ਸ. ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨਾਲ ਉਨ੍ਹਾਂ ਦੇ ਆਰੰਭ ਤੋਂ ਹੀ ਬਹੁਤ ਸੰਭਾਵਨਾ ਭਰੇ ਸੰਬੰਧ ਸਨ ਅਤੇ ਅਸੀਂ ਵੀ ਉਨ੍ਹਾਂ ਤੋਂ ਸਮਾਜਿਕ ਤੇ ਸਿਆਸਤ ਤੌਰ ਤੇ ਸੁਚੱਜੀ ਅਗਵਾਈ ਲੈਦੇ ਰਹਿੰਦੇ ਸੀ।
ਸ. ਮਾਨ ਨੇ ਡਾ. ਖੇਮ ਸਿੰਘ ਗਿੱਲ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦਿਆਂ ਸਿੱਖ ਕੌਮ; ਡਾ. ਖੇਮ ਸਿੰਘ ਗਿੱਲ ਦੇ ਪਰਵਾਰ, ਸੰਬੰਧੀਆਂ ਅਤੇ ਦੋਸਤਾਂ-ਮਿੱਤਰਾਂ ਨੂੰ ਭਾਣੇ ਵਿਚ ਰਹਿਣ ਦੀ ਅਰਜੋਈ ਕੀਤੀ।