Site icon Sikh Siyasat News

ਸ਼ਿਵ ਸੈਨਾ ਹਿੰਦੁਸਤਾਨ ਨੇ ਸੰਤ ਭਿੰਡਰਾਂਵਾਲਿਆਂ ਦੇ ਪੋਸਟਰਾਂ ‘ਤੇ ਪਾਬੰਦੀ ਦੀ ਮੰਗ ਕਰਦਿਆਂ ਪੋਸਟਰ ਸਾੜਨ ਦੀ ਦਿੱਤੀ ਧਮਕੀ

ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ

ਪਟਿਆਲਾ (3 ਜੂਨ 2014): ਇਸਨੂੰ ਸਿੱਖ ਕੌਮ ਪ੍ਰਤੀ ਨਫਰਤ ਦੀ ਹੱਦ ਹੀ ਕਿਹਾ ਜਾਵੇਗਾ ਕਿ ਸਿੱਖਾਂ ਵੱਲੋਂ ਆਪਣੀ ਕੌਮ ‘ਤੇ ਹੋਏ ਜ਼ੁਲਮ ਅਤੇ ਉਸ ਜ਼ੁਲਮ ਦਾ ਟਾਕਰਾ ਕਰਨ ਵਾਲੇ ਸਿੰਘਾਂ ਦੀ ਯਾਦ ਨੂੰ ਸਮਰਪਿਤ ਦਿਹਾੜਾਂ ਮਨਾੳਣ ‘ਤੇ ਵੀ ਸ਼ਿਵ ਸੈਨਾ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਅਤੇ ਸਿੱਖਾਂ ਦੇ ਮੁਕੱਦਸ ਅਸਥਾਨ ਦਰਬਾਰ ਸਾਹਿਬ ‘ਤੇ ਹਮਲਾ ਕਰਕੇ ਹਜ਼ਾਰਾਂ ਨਿਰਦੋਸ਼ ਸਿੱਖ ਸ਼ਰਧਾਲੂਆਂ ਦੇ ਭਾਰਤੀ ਫੋਜ ਵੱਲੋਂ ਹੋਏ ਵਹਿਸ਼ੀਆਨਾ ਕਤਲਾ ਤੋਂ ਪ੍ਰਭਾਵਿਤ ਸਿੱਖ ਦੀਆਂ ਭਾਵਨਾਵਾਂ  ਜਿਵੇਂ ਭਾਵਨਾਵਾਂ ਹੀ ਨਾ ਹੋਣ।

ਭਾਰਤੀ ਫੌਜ ਵੱਲੋਂ ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਦੀ 30ਵੀ ਵਰੇਗੰਢ ਮੌਕੇ ਕੱਟੜ ਹਿੰਦੂ ਜੱਥੇਬੰਦੀਆਂ ਪੰਜਾਬ ਦੀ ਫਿਜ਼ਾ ਵਿੱਚ ਜ਼ਹਿਰ ਘੋਲਣ ਤੋਂ ਬਾਜ਼ ਨਹੀਂ ਆ ਰਹੀਆਂ ਅਤੇ ਆਨੇ ਬਹਾਨੇ ਸਿੱਖ ਕੌਮ ਦੇ ਸਤਿਕਾਰਤ ਸ਼ਹੀਦਾਂ ਪ੍ਰਤੀ ਆਪਣੀ ਸਦੀਆਂ ਪੁਰਾਣੀ ਨਫਰਤੀ ਵਿਹੁ ਘੋਲਦੀਆਂ ਰਹਿੰਦੀਆਂ ਹਨ।

ਪੰਜਾਬੀ ਅਖਬਾਰ “ਜੱਗਬਾਣੀ “ਵਿੱਚ ਪਟਿਆਲਾ ਤੋਂ ਨਸ਼ਰ ਖਬਰ ਅਨੁਸਾਰ ਘੱਲੂਘਾਰਾ ਦਿਵਸ ਦੇ ਮੌਕੇ ਪੰਜਾਬ ਵਿੱਚ ਸਿੱਖ ਜੱਥੇਬੰਦੀਆਂ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਲਗਾਏ ਗਏ ਪੋਸਟਰਾਂ ‘ਤੇ ਇਤਰਾਜ਼ ਜਿਤਾਉਦਿਆਂ ਸ਼ਿਵ ਸੈਨਾ ਹਿੰਦੁਸਤਾਨ ਨੇ ਪੰਜਾਬ ਦੀ ਬਾਦਲ ਸਰਕਾਰ ਤੋਂ ਮੰਗ ਕੀਤੀ ਹੈ ਕਿ  ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦੇ ਪੋਸਟਰਾਂ ‘ਤੇ ਬੈਨ ਲਾਏ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਸ਼ਹਿਰਾਂ ਵਿਚ ਭਿੰਡਰਾਂਵਾਲਾ ਦੇ ਪੋਸਟਰ ਲਾ ਕੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਥੇ ਪਾਰਟੀ ਦੇ ਹੈੱਡ ਆਫਿਸ ਵਿਚ ਪਾਰਟੀ ਦੇ ਕੌਮੀ ਪ੍ਰਧਾਨ ਪਵਨ ਕੁਮਾਰ ਗੁਪਤਾ ਨੇ ਪੰਜਾਬ ਸਰਕਾਰ ਨੂੰ ਧਮਕੀ ਦਿੰਦਿਆਂ ਕਿਹਾ  ਕਿ ਜੇਕਰ ਪੰਜਾਬ ਵਿਚ ਭਿੰਡਰਾਂਵਾਲਾ ਨੂੰ ਹੀਰੋ ਦੀ ਤਰ੍ਹਾਂ ਪੇਸ਼ ਕਰਨਾ ਬੰਦ ਨਾ ਕੀਤਾ ਤਾਂ ਪਾਰਟੀ ਦੇ ਲੋਕ 6 ਜੂਨ ਨੂੰ ਪੰਜਾਬ ਭਰ ਵਿਚ ਭਿੰਡਰਾਂਵਾਲਾ ਦੇ ਪੋਸਟਰ ਸਾੜਨਗੇ। ਇਸ ਮੀਟਿੰਗ ਵਿਚ ਸੂਬਾ ਪ੍ਰਧਾਨ ਕ੍ਰਿਸ਼ਨ ਸ਼ਰਮਾ, ਅਮਰ ਟੱਕਰ, ਵੈਦ ਅਮਰਜੀਤ ਸ਼ਰਮਾ, ਅਸ਼ੋਕ ਮਹਿਤਾ, ਬਲਜੀਤ ਪੇਸ਼ੀ, ਸਤਪਾਲ ਗੋਸਾਈਂ, ਸੰਜੀਵ ਕੌਸ਼ਲ, ਹਨੀ ਮਹਾਜਨ, ਪ੍ਰਵੀਨ ਸ਼ਰਮਾ, ਰੋਹਿਤ ਮੈਂਗੀ, ਵਿਜੇ ਚੋਪੜਾ, ਰਾਜਾ ਵਾਲੀਆ, ਰਾਮ ਰਾਜ ਗਰਗ ਤੋਂ ਇਲਾਵਾ ਹੋਰ ਕਈ ਆਗੂ ਹਾਜ਼ਰ ਸਨ।

ਮੀਟਿੰਗ ਵਿਚ ਮਤਾ ਪਾਸ ਕਰਕੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਕਿ 6 ਜੂਨ ਨੂੰ ਘੱਲੂਘਾਰਾ ਦਿਵਸ ਦੀ ਆੜ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦਾ ਪੰਜਾਬ ਵਿਚ ਪ੍ਰਚਾਰ ਬੰਦ ਨਾ ਹੋਇਆ ਤਾਂ ਸ਼ਿਵ ਸੈਨਾ ਸਖਤ ਕਦਮ ਚੁੱਕੇਗੀ।

ਗੁਪਤਾ ਨੇ ਦੱਸਿਆ ਕਿ ਇਸ ਸੂਬਾ ਪੱਧਰੀ ਮੀਟਿੰਗ ਵਿਚ ਸਾਰੀਆਂ ਜ਼ਿਲਾ ਇਕਾਈਆਂ ਨੂੰ ਕਿਹਾ ਗਿਆ ਹੈ ਕਿ ਉਹ 6 ਜੂਨ ਨੂੰ ਅੱਤਵਾਦ ਵਿਰੋਧੀ ਦਿਵਸ ਦੇ ਰੂਪ ਵਿਚ ਮਨਾਉਣ ਅਤੇ ਸ਼ਹਿਰਾਂ ਦੇ ਪ੍ਰਮੁੱਖ ਮੰਦਰਾਂ ਵਿਚ ਸ਼੍ਰੀ ਹਨੂਮਾਨ ਚਾਲੀਸਾ ਦੇ ਪਾਠ ਕਰਨ। ਸ਼੍ਰੀ ਗੁਪਤਾ ਨੇ ਕਿਹਾ ਕਿ ਅੱਤਵਾਦ ਦੇ ਖਿਲਾਫ ਅੰਦੋਲਨ ਸ਼ੁਰੂ ਕੀਤਾ ਜਾਵੇਗਾ ਅਤੇ ਉਹ 6 ਜੂਨ ਤੋਂ ਪਹਿਲਾਂ ਸੂਬਾ ਪੱਧਰ ‘ਤੇ ਮੀਟਿੰਗਾਂ ਕਰਨਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version