Site icon Sikh Siyasat News

ਇਕ ਹੋਰ ਸ਼ਿਵ ਸੈਨਾ (ਘਨੌਲੀ) ਵਾਲੇ ਨੇ ਆਪਣੇ ’ਤੇ ਹਮਲੇ ਦਾ ਡਰਾਮਾ ਰਚਿਆ; 4 ਮਹੀਨੇ ਬਾਅਦ ਖੁਲ੍ਹਿਆ ਭੇਤ

ਲੁਧਿਆਣਾ: ਸ਼ਿਵ ਸੈਨਾ (ਘਨੌਲੀ ਗਰੁੱਪ) ਦੇ ਯੂਥ ਵਿੰਗ ਦੇ ਪੰਜਾਬ ਪ੍ਰਧਾਨ ਅਮਿਤ ਅਰੋੜਾ (35) ਨੇ ਇਸੇ ਸਾਲ 3 ਫਰਵਰੀ ਨੂੰ ਆਪਣੇ ਆਪ ’ਤੇ ਹਮਲਾ ਹੋਣ ਦਾ ਡਰਾਮਾ ਕੀਤਾ ਸੀ। ਇਹ ਡਰਾਮਾ ਉਸਨੇ ਆਪਣੀ ਸੁਰੱਖਿਆ ਵਧਾਉਣ ਲਈ ਕੀਤਾ ਸੀ। ਇਸ ਗੱਲ ਦਾ ਖੁਲਾਸਾ ਲੁਧਿਆਣਾ ਪੁਲਿਸ ਨੇ ਕੀਤਾ ਹੈ।

ਪੁਲਿਸ ਨੂੰ ਪਹਿਲਾਂ ਤੋਂ ਹੀ ਉਸ ਦੀ ਕਹਾਣੀ ’ਤੇ ਸ਼ੱਕ ਸੀ। ਕਿਉਂਕਿ ਉਹ ਖੁਦ ਗੱਡੀ ਚਲਾ ਰਿਹਾ ਸੀ ਅਤੇ ਚੱਲੀ ਹੋਈ ਗੋਲੀ ਦਾ ਖਾਲੀ ਖੋਲ ਗੱਡੀ ਵਿਚੋਂ ਹੀ ਬਰਾਮਦ ਹੋਇਆ। ਜਦਕਿ ਅਮਿਤ ਅਰੋੜਾ ਨੇ ਪੁਲਿਸ ਨੂੰ ਜੋ ਬਿਆਨ ਦਿੱਤਾ ਸੀ ਉਸ ਵਿਚ ਉਸਨੇ ਕਿਹਾ ਸੀ ਕਿ ਬਸਤੀ ਜੋਧੇਵਾਲ ਚੌਂਕ ਵਿਚ ਉਹ ਕਾਰ ’ਤੇ ਜਾ ਰਿਹਾ ਸੀ ਕਿ ਮੋਟਰ ਸਾਈਕਲ ਸਵਾਰ ਦੋ ਨੌਵਾਨਾਂ ਨੇ ਉਸਤੇ ਕਾਰ ਦੇ ਬਾਹਰੋਂ ਫਾਇਰ ਕੀਤਾ ਸੀ। ਜਦਕਿ ਗੋਲੀ ਉਸਦੇ ਉਲਟ ਹਿੱਸੇ ਵਲ ਗਰਦਨ ਅਤੇ ਕੰਨ ਦੇ ਕੋਲ ਦੀ ਲੰਘੀ। ਹਾਲਾਂਕਿ ਪੁਲਿਸ ਅਫਸਰਾਂ ਵਲੋਂ ਹਾਲੇ ਗੱਲ ਨੂੰ ਗੁਪਤ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਸੂਤਰਾਂ ਮੁਤਾਬਕ ਪੁਲਿਸ ਇਕ-ਦੋ ਦਿਨਾਂ ਵਿਚ ਉਸਦੇ ਅਤੇ ਉਸਦੇ ਗੰਨਮੈਨ ਦੇ ਖਿਲਾਫ ਪਰਚਾ ਦਰਜ ਕਰੇਗੀ, ਕਿਉਂਕਿ ਉਸਦਾ ਸੁਰੱਖਿਆ ਗਾਰਦ ਵੀ ਅਰੋੜਾ ਦੇ ਇਸ ਡਰਾਮੇ ਵਿਚ ਸ਼ਾਮਲ ਹੈ।

ਅਮਿਤ ਅਰੋੜਾ ਵਲੋਂ ਆਪਣੇ ‘ਤੇ ਡਰਾਮਾ ਕਰਨ ਵਾਲੇ ਦਿਨ ਦੀ ਫੋਟੋ

ਅਮਿਤ ਅਰੋੜਾ, ਜੋ ਕਿ ਹੌਜਰੀ ਯੂਨਿਟ ਦਾ ਮਾਲਕ ਹੈ, ਨੇ ਦੱਸਿਆ ਸੀ ਕਿ ਉਹ ਕਿਸੇ ਦਾ ਇੰਤਜ਼ਾਰ ਕਰ ਰਿਹਾ ਸੀ ਜਦੋਂ ਉਸ ’ਤੇ ਹਮਲਾ ਹੋਇਆ। ਪੁਲਿਸ ਨੇ ਉਸ ਘਟਨਾ ਦੇ ਆਲੇ ਦੁਆਲੇ ਦੇ ਇਲਾਕੇ ਸੀ.ਸੀ.ਟੀ.ਵੀ. ਫੁਟੇਜ ਦੇਖੇ, ਜਿਸ ਵਿਚੋਂ ਉਨ੍ਹਾਂ ਨੂੰ ਕੁਝ ਵੀ ਅਜਿਹਾ ਨਜ਼ਰ ਨਹੀਂ ਆਇਆ।

ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਨੇ ਇਸ ਸਾਰੇ ਘਟਨਾਕ੍ਰਮ ਦੀ ਪੁਸ਼ਟੀ ਨਹੀਂ ਕੀਤੀ ਪਰ ਇਹ ਕਿਹਾ ਕਿ ਪੁਲਿਸ ਕੇਸ ਦੀ ਜਾਂਚ ਮੁਕੰਮਲ ਕਰਨ ਦੇ ਬਿਲਕੁਲ ਨੇੜੇ ਹੀ ਹੈ। ਉਨ੍ਹਾਂ ਕਿਹਾ, “ਇਕ ਦੋਨ ਦਿਨਾਂ ਵਿਚ ਸਾਰੀ ਗੱਲ ਦੱਸੀ ਜਾਏਗੀ।”

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version