ਅੰਮ੍ਰਿਤਸਰ: ਭਾਰਤ ਅਤੇ ਪਾਕਿਸਤਾਨ ਦਰਮਿਆਨ ਵੰਡੀ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਦੀ ਸਾਂਝ ਦੀ ਬਾਤ ਪਾਉਣ ਵਾਲੀ ਸੰਸਥਾ “ਜੀਵੇ ਸਾਂਝਾ ਪੰਜਾਬ” ਵੱਲੋਂ ਸ਼ਾਹਮੁਖੀ ਲਿਪੀ ਦੀ ਸਿਖਲਾਈ ਵਾਸਤੇ ਅਰਸ਼ੀ ਜਮਾਤਾਂ (ਆਨਲਾਈਨ ਕਲਾਸਾਂ) 6 ਅਪ੍ਰੈਲ ਤੋਂ ਲਗਾਈਆਂ ਜਾ ਰਹੀਆਂ ਹਨ।
ਇਹ ਜਮਾਤਾਂ 6 ਅਪ੍ਰੈਲ ਤੋਂ ਸ਼ੁਰੂ ਹੋ ਕੇ ਅਗਲੇ 10 ਸ਼ਨਿਚਰਵਾਰ ਅਤੇ ਐਤਵਾਰ ਨੂੰ ਰਾਤ 8 ਤੋਂ 9:30 ਵਜੇ ਤੱਕ ਲਗਾਈਆਂ ਜਾਇਆ ਕਰਨਗੀਆਂ।
ਸਿੱਖ ਸਿਆਸਤ ਨੂੰ ਲਿਖਤੀ ਤੌਰ ਉੱਤੇ ਭੇਜੀ ਜਾਣਕਾਰੀ ਵਿੱਚ ਦੱਸਿਆ ਗਿਆ ਹੈ ਕਿ ਇਨਾ ਜਮਾਤਾਂ ਲਈ ਨਾਮ ਦਰਜ ਕਰਵਾਉਣ ਦੀ ਆਖਰੀ ਮਿਤੀ 31 ਮਾਰਚ 2024 ਹੈ।
ਇਸ ਉਪਰਾਲੇ ਤਹਿਤ ਕੁਲ ਦਸ ਅਰਸ਼ੀ ਜਮਾਤਾਂ ਲੱਗਣਗੀਆਂ ਜਿਹਨਾਂ ਵਿੱਚ ਸਵਾਲ ਜਵਾਬ ਲਈ ਵੱਖਰਾ ਸਮਾਂ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਇਹਨਾਂ ਜਮਾਤਾਂ ਦੌਰਾਨ ਸੌਖੇ ਢੰਗ ਨਾਲ ਸ਼ਾਹਮੁਖੀ ਲਿਪੀ ਦੀ ਸਿਖਲਾਈ ਕਰਵਾਈ ਜਾਵੇਗੀ ਅਤੇ ਹਫਤਾਵਾਰੀ ਸਵਾਲ ਜਵਾਬ ਮੁਕਾਬਲੇ ਵੀ ਹੋਣਗੇ।
ਸ਼ਾਹਮੁਖੀ ਲਿਪੀ ਸਿੱਖਣ ਦੇ ਚਾਹਵਾਨ ਜੀਵੇ ਸਾਂਝਾ ਪੰਜਾਬ ਦੇ ਬਿਜਾਲ-ਮੰਚ (ਵੈਬਸਾਈਟ) www.jeevaysanjhapunjab.com ਰਾਹੀਂ 31 ਮਾਰਚ ਤੋਂ ਪਹਿਲਾਂ ਆਪਣੇ ਨਾਮ ਦਰਜ ਕਰ ਸਕਦੇ ਹਨ। ਇਹ ਜਮਾਤਾਂ ਬਿਲਕੁਲ ਭੇਟਾ ਰਹਿਤ (ਮੁਫਤ) ਹੋਣਗੀਆਂ।
ਜ਼ਿਕਰਯੋਗ ਹੈ ਕਿ ਲਹਿੰਦੇ ਪੰਜਾਬ ਵਿੱਚ ਪੰਜਾਬੀ ਬੋਲੀ ਨੂੰ ਲਿਖਣ ਲਈ ਸ਼ਾਹਮੁਖੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ ਜਦਕਿ ਚੜ੍ਹਦੇ ਪੰਜਾਬ ਵਿੱਚ ਇਸ ਬੋਲੀ ਵਾਸਤੇ ਗੁਰਮੁਖੀ ਲਿਪੀ ਵਰਤੀ ਜਾਂਦੀ ਹੈ। ਜੀਵੇ ਸਾਂਝਾ ਪੰਜਾਬ ਵੱਲੋਂ ਸ਼ਾਹਮੁਖੀ ਅਤੇ ਗੁਰਮੁਖੀ ਦੋਵਾਂ ਦੀ ਹੀ ਸਿਖਲਾਈ ਲਈ ਜਮਾਤਾਂ ਲਗਾਈਆਂ ਜਾਂਦੀਆਂ ਹਨ।