ਚੰਡੀਗੜ੍ਹ – ਤੀਜੇ ਘੱਲੂਘਾਰੇ (ਜੂਨ ੧੯੮੪) ਮੌਕੇ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਸਮੇਤ ਹੋਰਨਾਂ ਗੁਰਧਾਮਾਂ ਵਿਖੇ ਬਿਪਰਵਾਦੀ ਦਿੱਲੀ ਦਰਬਾਰ ਦੇ ਫੌਜੀ ਹਮਲੇ ਤੋਂ ਪਹਿਲਾਂ ੨੬ ਅਪ੍ਰੈਲ ੧੯੮੪ ਨੂੰ ਗੁਰਦੁਆਰਾ ਬੀਬੀ ਕਾਹਨ ਕੌਰ, ਮੋਗਾ ਵਿਖੇ ਕੀਤੇ ਹਮਲੇ ਨੂੰ ਸਥਾਨਕ ਸੰਗਤ ਜੂਨ ੧੯੮੪ ਦੀ ਤਿਆਰੀ ਜਾਂ ਮਸ਼ਕ ਵਜੋਂ ਕੀਤਾ ਹਮਲਾ ਮੰਨਦੀ ਹੈ। ਇਸ ਹਮਲੇ ਵਿਚ ਹਕੂਮਤੀ ਫੌਜਾਂ ਨੇ ਅੱਠ ਸਿੰਘ ਸ਼ਹੀਦ ਕਰ ਦਿੱਤੇ ਸਨ।
ਬੀਤੇ ਦਿਨੀ ਪਿੰਡ ਭਲੂਰ ਦੀ ਸੰਗਤ ਤੇ ਇਲਾਕੇ ਦੇ ਪੰਥ ਸੇਵਕਾਂ ਨੇ ਸ਼ਹੀਦ ਅਜੀਤ ਸਿੰਘ ਭਲੂਰ ਦੀ ਯਾਦ ਵਿਚ ਗੁਰਦੁਆਰਾ ਨਾਨਕਸਰ ਸਰੋਵਰ ਸਾਹਿਬ (ਭਲੂਰ) ਵਿਖੇ ਸ਼ਹੀਦੀ ਸਮਾਗਮ ਕਰਵਾਇਆ।
ਸਮਾਗਮ ਦੌਰਾਨ ਸਿੱਖ ਜਥਾ ਮਾਲਵਾ ਦੇ ਪੰਥ ਸੇਵਕ ਮਲਕੀਤ ਸਿੰਘ ਭਵਾਨੀਗੜ੍ਹ ਨੇ ਦੱਸਿਆ ਕਿ ਸ਼ਹੀਦ ਅਜੀਤ ਸਿੰਘ ਚੜ੍ਹਦੀ ਉਮਰ ਦਾ ਗੁਰਸਿੱਖ ਅਤੇ ਪੰਥ ਪ੍ਰਸਤ ਨੌਜਵਾਨ ਸੀ।
ਜਦੋਂ ਹਮਲੇ ਤੋਂ ਇਕ ਦਿਨ ਪਹਿਲਾਂ ਅਜੀਤ ਸਿੰਘ ਦਸਤਾਰ ਸਜਾ ਕੇ ਤਿਆਰ ਹੋ ਘਰੋਂ ਚੱਲਣ ਲੱਗਾ ਤਾਂ ਮਾਂ ਨੇ ਮਮਤਾ ਵੱਸ ਕਿਹਾ ਕਿ ਪੁੱਤਰ ਤੂੰ ਜਾਣੋਂ ਰਹਿਣ ਦੇ। ਅਜੀਤ ਸਿੰਘ ਨੇ ਮਾਤਾ ਨੂੰ ਚੜ੍ਹਦੀਕਲਾ ਵਿਚ ਫਤਿਹ ਬੁਲਾਈ ਤੇ ਚਲਾ ਗਿਆ। ਮਾਤਾ ਹੁਣ ਸੋਚਦੀ ਹੈ ਉਹ ਆਪਣੇ ਰਸਤੇ (ਸ਼ਹੀਦੀ ਮਾਰਗ) ਬਾਰੇ ਦ੍ਰਿੜ ਸੀ।
ਸ਼ਹੀਦ ਸਾਡਾ ਸਿਰਮਾਇਆ ਤੇ ਸਾਡੇ ਪ੍ਰੇਰਣਾ ਸਰੋਤ ਹਨ। ਸ਼ਹੀਦ ਪਰਿਵਾਰ, ਨਗਰ ਨਿਵਾਸੀ ਗੁਰ-ਸੰਗਤ, ਇਲਾਕੇ ਦੇ ਪੰਥ ਸੇਵਕ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਥਾਨਕ ਆਗੂ ਜੋ ਇਹਨਾ ਸ਼ਹੀਦਾਂ ਦੀ ਸਲਾਨਾ ਯਾਦ ਮਾਨ ਰਹੇ ਹਨ ਉਹਨਾ ਦੇ ਉੱਦਮ ਨੂੰ ਵੀ ਸਿਜਦਾ ਕਰਨਾ ਬਣਦਾ ਹੈ।