ਨਕੋਦਰ: ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਲਈ ਸ਼ਹੀਦ ਹੋਏ ਭਾਈ ਰਵਿੰਦਰ ਸਿੰਘ ਲਿੱਤਰਾਂ, ਭਾਈ ਝਲਮਣ ਸਿੰਘ, ਭਾਈ ਬਲਧੀਰ ਸਿੰਘ ਅਤੇ ਭਾਈ ਭਾਈ ਹਰਮਿੰਦਰ ਸਿੰਘ ਦੀ 32ਵੀਂ ਯਾਦ ਵਿੱਚ ਪਿੰਡ ਲਿੱਤਰਾਂ (ਨੇੜੇ ਨਕੋਦਰ) ਵਿਖੇ ਸ਼ਹੀਦੀ ਸਮਾਗਮ ਕਰਵਾਇਆ ਗਿਆ।
ਇਸ ਮੌਕੇ ਗੁਰਦੁਆਰਾ ਸਾਹਿਬ ਬੋਹੜ ਵਾਲਾ (ਪਿੰਡ ਲਿੱਤਰਾਂ) ਵਿਖੇ ਸ਼ਹੀਦਾਂ ਦੀ ਯਾਦ ਵਿੱਚ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ ਜਿਸ ਉਪਰੰਤ ਭਾਈ ਦਿਆਲ ਸਿੰਘ ਦੇ ਕੀਰਤਨੀ ਜਥੇ ਵੱਲੋਂ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਗਿਆ। ਕਥਾਵਾਚਕ ਭਾਈ ਗੁਰਪ੍ਰੀਤ ਸਿੰਘ ਨੇ ਸੰਗਤਾਂ ਨਾਲ ਸ਼ਹੀਦਾਂ ਦੇ ਪ੍ਰਥਾਏ ਵਿਚਾਰਾਂ ਦੀ ਸਾਂਝ ਪਾਈ।
ਸ਼ਹੀਦੀ ਸਮਾਗਮ ਦੌਰਾਨ ਸ਼ਹੀਦ ਭਾਈ ਰਵਿੰਦਰ ਸਿੰਘ ਦੇ ਪਿਤਾ ਸ. ਬਲਦੇਵ ਸਿੰਘ ਨੇ ਸੰਗਤਾਂ ਦਾ ਧੰਨਵਾਦ ਕਰਦਿਆਂ ਆਪਣੇ ਦਿਲ ਦੇ ਵਲਵਲੇ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਹੀਦਾਂ ਦੀ ਬਦੌਲਤ ਉਨ੍ਹਾਂ ਦਾ ਆਪਣਾ ਜੀਵਨ ਬਹੁਤ ਬਦਲਿਆ ਹੈ ਤੇ ਉਹ ਅਕਾਲ ਪੁਰਖੁ ਦੇ ਸ਼ੁਕਰਗੁਜ਼ਾਰ ਹਨ ਜਿਸ ਨੇ ਲੰਘੇ 32 ਸਾਲਾਂ ਦੌਰਾਨ ਉਨ੍ਹਾਂ ਨੂੰ ਸ਼ਹੀਦਾਂ ਦੀ ਯਾਦ ਨੂੰ ਸਾਂਭੀ ਰੱਖਣ ਦਾ ਬਲ ਬਖਸ਼ਿਆ ਹੈ।
ਸਾਕਾ ਨਕੋਦਰ ਦੇ ਸ਼ਹੀਦਾਂ ਦੀਆਂ ਤਸਵੀਰਾਂ ਦਰਬਾਰ ਸਾਹਿਬ ਸਮੂਹ ਸਥਿੱਤ ਕੇਂਦਰ ਅਜਾਇਬ ਘਰ ਵਿਖੇ ਲਗਾਏ ਜਾਣ ’ਤੇ ਉਨ੍ਹਾਂ ਅਕਾਲ ਪੁਰਖੁ ਦਾ ਸ਼ੁਕਰਾਨਾ ਕੀਤਾ ਤੇ ਇਸ ਕਾਰਜ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤਤਕਾਲੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਅਤੇ ਹੋਰਨਾਂ ਸਖਸ਼ੀਅਤਾਂ ਤੇ ਸੰਸਥਾਵਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਯਤਨ ਕੀਤੇ ਸਨ।
ਸਿਆਸੀ ਆਗੂਆਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕਿਸੇ ਵੇਲੇ ਮੁੱਖ ਸਿਆਸੀ ਆਗੂ ਉਨ੍ਹਾਂ ਨਾਲ ਸਾਕਾ ਨਕੋਦਰ ਦੀ ਜਾਂਚ ਬਾਰੇ ਧਰਨਿਆਂ ’ਤੇ ਆ ਕੇ ਬੈਠੇ ਸਨ ਪਰ ਹੁਣ ਇਨ੍ਹਾਂ ਸਿਆਸਤਦਾਨਾਂ ਨੇ ਸ਼ਹੀਦਾਂ ਨੂੰ ਵਿਸਾਰ ਦਿੱਤਾ ਹੈ।
ਸਾਕਾ ਨਕੋਦਰ ਦੇ ਸੰਬੰਧ ਵਿੱਚ ਜਸਟਿਸ ਗੁਰਨਾਮ ਸਿੰਘ ਦੇ ਅਦਾਲਤੀ ਕਮਿਸ਼ਨ ਵੱਲੋਂ ਕੀਤੀ ਗਈ ਜਾਂਚ ਦੀ ਰਿਪੋਰਟ ਜਨਤਕ ਨਾ ਕੀਤੇ ਜਾਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਸਾਕੇ ਦੇ ਦੋਸ਼ੀਆਂ ਨੂੰ ਸਰਕਾਰਾਂ ਨੇ ਇਨਸਾਫ ਦੇ ਕਟਹਿਰੇ ਵਿੱਚ ਖੜ੍ਹੇ ਨਹੀਂ ਕਰਨਾ ਪਰ ਉਨ੍ਹਾਂ ਨੂੰ ਇਸ ਗੱਲ ਤੇ ਸੰਤੁਸ਼ਟੀ ਹੈ ਕਿ ਗੁਰੂ ਸਾਹਿਬ ਦੇ ਅਦਬ ਲਈ ਆਪਾ ਵਾਰਨ ਵਾਲੇ ਸ਼ਹੀਦਾਂ ਨੂੰ ਪੰਥ ਵੱਲੋਂ ਸਤਿਕਾਰਿਆ ਗਿਆ ਹੈ।
ਇਸ ਮੌਕੇ ਸਾਕਾ ਨਕੋਦਰ ਦੇ ਸ਼ਹੀਦਾਂ ਦੇ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਲਾਏ ਗਏ ਚਿੱਤਰ ਬਣਾਉਣ ਵਾਲੇ ਸ. ਸੁਖਵਿੰਦਰ ਸਿੰਘ ਚਿੱਤਰਕਾਰ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਭਾਈ ਰਵਿੰਦਰ ਸਿੰਘ ਦੇ ਮਾਤਾ ਜੀ ਬੀਬੀ ਬਲਦੀਪ ਕੌਰ, ਭਾਈ ਬਲਧੀਰ ਸਿੰਘ ਦੇ ਭੈਣ ਜੀ ਬੀਬੀ ਕਰਮਜੀਤ ਕੌਰ ਅਤੇ ਭਾਈ ਹਰਮਿੰਦਰ ਸਿੰਘ ਦੇ ਭੈਣ ਜੀ ਹਰਜਿੰਦਰ ਕੌਰ ਨੂੰ ਸਿਰੋਪਾਏ ਨਾਲ ਸਨਮਾਨਿਤ ਕੀਤਾ ਗਿਆ।