Site icon Sikh Siyasat News

ਸ਼ਹੀਦ ਦਾ ਸੰਕਲਪ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ

-ਕਰਮਜੀਤ ਸਿੰਘ

‘ਸ਼ਹੀਦ’, ‘ਸ਼ਹਾਦਤ’ ਅਤੇ ‘ਖ਼ਾਲਸਾ’ ਤਿੰਨੇ ਸ਼ਬਦ ਅਰਬੀ ਭਾਸ਼ਾ ਵਿਚੋਂ ਸਫਰ ਕਰਦੇ ਕਰਦੇ ਪੰਜਾਬੀ ਬੋਲੀ ਵਿਚ ਇਸ ਤਰ੍ਹਾਂ ਘੁਲ ਮਿਲ ਗਏ ਹਨ ਜਿਵੇਂ ਇਨ੍ਹਾਂ ਸ਼ਬਦਾਂ ਦਾ ਸਾਡੇ ਨਾਲ ਨਹੁੰ-ਮਾਸ ਦਾ ਰਿਸ਼ਤਾ ਹੋਏ। ਸ਼ਹੀਦ ਆਪਣੀ ਖੁਰਾਕ ਉਸ ਪਵਿੱਤਰ ਸੋਮੇ ਤੋਂ ਲੈਂਦਾ ਹੈ, ਜਿਸ ਨੂੰ ਅਸਾਂ ਗੁਰੂ ਗ੍ਰੰਥ ਸਾਹਿਬ ਦਾ ਨਾਂਅ ਦਿੱਤਾ ਹੈ। ਸ਼ਹੀਦ ਗੁਰੂ ਗ੍ਰੰਥ ਸਾਹਿਬ ਦੀ ਲਿਵ ਵਿਚ ਜੁੜ ਕੇ ਜ਼ਿੰਦਗੀ ਦੀਆਂ ਸੱਚਾਈਆਂ ਨੂੰ ਇਤਿਹਾਸ ਵਿਚ ਉਤਾਰਦਾ ਹੈ, ਅਰੂਪ ਨੂੰ ਰੂਪਮਾਨ ਕਰਦਾ ਹੈ, ਗੁਪਤ ਨੂੰ ਪ੍ਰਤੱਖ ਕਰਦਾ ਹੈ, ਧੁੰਦ ਨੂੰ ਮਿਟਾ ਕੇ ਚਾਨਣ ਕਰਦਾ ਹੈ।

ਜੋ ਆਜ਼ਾਦੀ ਤੇ ਬਹਾਦਰੀ ਦਾ ਇਕ ਸੰਸਾਰ ਬਣਾਉਣ ਦੀ ਰੀਝ ਰੱਖਦੇ ਹਨ ਜਾਂ ਇਸ ਦੁਨੀਆਂ ਨੂੰ ਬੇਗਮਪੁਰਾ ਸ਼ਹਿਰ ਵਿਚ ਬਦਲਣਾ ਚਾਹੁੰਦੇ ਹਨ। ਸਿੱਖੀ ਵਿਚ ਸ਼ਹਾਦਤ ਦੀ ਨੀਂਹ ਗੁਰੂ ਨਾਨਕ ਸਾਹਿਬ ਨੇ ਹੀ ਰੱਖ ਦਿੱਤੀ, ਜਦੋਂ ਉਨ੍ਹਾਂ ਨੇ ਸਿੱਖੀ ਮਾਰਗ ਉੱਤੇ ਚੱਲਣ ਵਾਸਤੇ ਆਪਣੀ ਜਾਨ ਨੂੰ ਤਲੀ ਉਤੇ ਰੱਖ ਕੇ ਆਉਣ ਦੀ ਸ਼ਰਤ ਰੱਖ ਦਿੱਤੀ। ਜ਼ਿੰਦਗੀ ਵਿਚ ਮੁਹੱਬਤ ਦਾ ਬਹੁਤ ਉੱਚਾ ਸਥਾਨ ਹੈ। ਪਰ ਰੱਬ ਨਾਲ ਮੁਹੱਬਤ ਦਾ ਸਥਾਨ ਸਭ ਤੋਂ ਉੱਚਾ ਹੈ ਕਿਉਂਕਿ ਜੀਵਨ ਦੇ ਤਮਾਮ ਦਿੱਸਦੇ, ਅਣਦਿੱਸਦੇ ਤੇ ਸੂਖਮ ਭੇਤ ਅਤੇ ਰਿਸ਼ਤਿਆਂ ਦੇ ਰਾਜ਼ ਰੱਬੀ ਇਸ਼ਕ ਵਿਚੋਂ ਹੀ ਹਾਸਲ ਹੁੰਦੇ ਹਨ ਪਰ ਹਾਸਲ ਉਦੋਂ ਹੀ ਹੁੰਦੇ ਹਨ ਜਦੋਂ ਬੰਦਾ ਜ਼ਿੰਦਗੀ ਦੀ ਸਭ ਤੋਂ ਪਿਆਰੀ ਚੀਜ਼ ਅਰਥਾਤ ਆਪਣੀ ਜਾਨ ਨੂੰ ਉਸ ਵੱਡੇ ਇਸ਼ਕ ਦੇ ਹਵਾਲੇ ਕਰ ਦਿੰਦਾਹੈ। ਇਸ ਜਾਨ ਵਿਚ ਤਨ, ਮਨ ਤੇ ਧਨ ਤਿੰਨੇ ਹੀ ਸ਼ਾਮਲ ਹੁੰਦੇ ਹਨ। ਇਕ ਹੋਰ ਸ਼ਰਤ ਵੀ ਗੁਰੂ ਨਾਨਕ ਸਾਹਿਬ ਵੱਲੋਂ ਨਾਲ ਹੀ ਜੋੜ ਦਿੱਤੀ ਗਈਹੈ ਕਿ ਇਹ ਸਭ ਕੁਝ ਅਰਪਣ ਕਰਕੇ ਬੰਦੇ ਨੇ ਅਹਿਸਾਨ ਕਰਨ ਦੀ ਭਾਵਨਾ ਤੋਂ ਵੀ ਮੁਕਤ ਹੋਣਾ ਹੈ।

ਗੁਰੂ ਅਰਜਨ ਦੇਵ ਜੀ ਸ਼ਹੀਦਾਂ ਦੇ ਸਿਰਤਾਜ ਹਨ, ਜਿਨ੍ਹਾਂ ਦੀ ਸ਼ਹਾਦਤ ਅਮਨ ਤੇ ਜੰਗ ਦਾ ਇਕ ਅਜਿਹਾ ਸੁਮੇਲ ਹੈ, ਜਿਥੇ ਜੰਗ ਦਾ ਸੰਦੇਸ਼ ਤਾਂ ਲੁਕਿਆ ਪਿਆ ਹੈ ਜਦ ਕਿ ਅਮਨ ਦੀ ਮਿੱਥ ਦੇ ਸਾਰੇ ਸੁੱਚੇ ਰੰਗ ਜੱਗ ਜ਼ਾਹਰ ਹੋਏ ਹਨ। ਜੰਗ ਦਾ ਲੁਕਿਆ ਰੰਗ ਉਦੋਂ ਪ੍ਰਗਟ ਹੁੰਦਾ ਹੈ ਜਦੋਂ ਗੁਰੂ ਅਰਜਨ ਦੇਵ ਜੀ ਦੀ ਅਕਾਲ ਮੂਰਤ ਪਲਟ ਕੇ ਗੁਰੂ ਹਰਗੋਬਿੰਦ ਦਾ ਰੂਪ ਅਖਤਿਆਰ ਕਰਦੀ ਹੈ। ਸਿੱਖੀ ਵਿਚ ਅਮਨ ਦੀ ਠੰਡਕ ਤੇ ਜੰਗ ਦਾ ਸੇਕ ਨਾਲ-ਨਾਲ ਸਫਰ ਕਰਦੇ ਹਨ। ਦਸ ਦੇ ਦਸ ਗੁਰੂ ਸਾਹਿਬਾਨ ਹਾਲਤਾਂ ਮੁਤਾਬਿਕ ਇਨ੍ਹਾਂ ਦੋਹਾਂ ਹਕੀਕਤਾਂ ਦੇ ਭਿੰਨ-ਭਿੰਨ ਰੰਗ ਆਪਣੇ-ਆਪਣੇ ਅੰਦਾਜ਼ ਵਿਚ ਪੇਸ਼ ਕਰਦੇ ਰਹੇ ਹਨ। ਹਾਂ, ਇਹ ਗੱਲ ਵੱਖਰੀ ਹੈ ਕਿ ਇਤਿਹਾਸਕਾਰਾਂ ਤੇ ਵਿਦਵਾਨਾਂ ਦੀ ਪੂਰੀ ਤਰ੍ਹਾਂ ਪਕੜ ਵਿਚ ਨਹੀਂ ਆ ਸਕੇ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਵਿਚ ਜੰਗ ਤੇ ਅਮਨ ਦਾ ਸਦੀਵੀ ਰਿਸ਼ਤਾ ਸਾਡੇ ਸਾਹਮਣੇ ਕਿਸੇ ਹੋਰ ਰੰਗ ਵਿਚ ਪ੍ਰਗਟ ਹੁੰਦਾ ਹੈ। ਇਥੇ ਕਿਸੇ ਹੋਰ ਧਰਮ ਦੇ ਵਿਸ਼ਵਾਸ ਦੀ ਰੱਖਿਆ ਦਾ ਸਵਾਲ ਏਜੰਡੇ ਉੱਤੇ ਆ ਜਾਂਦਾ ਹੈ। ਇਸ ਦੁਨੀਆਂ ਵਿਚ ਮਨੁੱਖਾਂ ਦੇ ਆਪਣੇ ਵਿਸ਼ਵਾਸ ਹਨ ਅਤੇ ਇਸ ਨਾਤੇ ਉਸ ਦੇ ਕੁਝ ਅਧਿਕਾਰ ਵੀ ਹਨ। ਗੁਰੂ ਤੇਗ ਬਹਾਦਰ ਸਾਹਿਬ ਮਨੁੱਖੀ ਅਧਿਕਾਰਾਂ ਦੀ ਰੱਖਿਆ ਦੀ ਲਹਿਰ ਦੇ ਪਹਿਲੇ ਸ਼ਹੀਦ ਹਨ। ਨੌਵੇਂ ਗੁਰੂ ਚਾਹੁੰਦੇ ਹਨ ਕਿ ਮਨੁੱਖ ਦੇ ਅੰਦਰ ਜ਼ਮੀਰ ਨਹੀਂ ਮਰਨੀ ਚਾਹੀਦੀ ਕਿਉਂਕਿ ਜ਼ਮੀਰ ਪ੍ਰਮਾਤਮਾ ਦਾ ਇਕ ਹਿੱਸਾ ਹੈ ਅਤੇ ਇੰਜ ਗੁਰੂ ਸਾਹਿਬ ਮਨੁੱਖੀ ਜ਼ਮੀਰਾਂ ਨੂੰ ਜਿਉਂਦਿਆਂ ਤੇ ਜਾਗਦਿਆਂ ਰੱਖਣ ਲਈ ਗਵਾਹ ਬਣਦੇ ਹਨ। ਨਾ ਡਰਨਾ ਤੇ ਨਾ ਡਰਾਉਣਾ’ ਦੇ ਪਵਿੱਤਰ ਸਿਧਾਂਤ ਨੂੰ ਆਪਣੀ ਸ਼ਹਾਦਤ ਰਾਹੀਂ ਗੁਰੂ ਸਾਹਿਬ ਨੇ ਇਤਿਹਾਸ ਵਿਚ ਸਥਾਪਤ ਕੀਤਾ ਹੈ।

ਨੋਟ ਕਰਨ ਵਾਲੀ ਸੱਚਾਈ ਇਹ ਹੈ ਕਿ ਇਸ ਸਿਧਾਂਤ ਨੂੰ ਸਥਾਪਤ ਕਰਨ ਵਾਲੇ ਦਾ ਨਾਂਅ ਤੇਗ ਬਹਾਦਰ’ ਹੈ ਅਰਥਾਤ ਤਲਵਾਰ ਦਾ ਧਨੀ ਜਾਂ ਦੂਜੇ ਲਫਜ਼ਾਂ ਵਿਚ ਇਹ ਤੇਗ ਉਨ੍ਹਾਂ ਦੇ ਸਿਧਾਂਤ ਵਿਚੋਂ ਮਨਫੀ ਨਹੀਂ, ਗੈਰ ਹਾਜ਼ਰ ਨਹੀਂ, ਸਗੋਂ ਅੰਗ ਸੰਗ ਹੈ। ਹਾਲਾਂਕਿ ਬੰਦ-ਬੰਦ ਕਟਵਾ ਕੇ ਸ਼ਹਾਦਤ ਦਾ ਜਾਮ ਪੀਣ ਵਾਲੇ ਭਾਈ ਮਨੀ ਸਿੰਘ, ਸੀਸ ਤਲੀ ਉੱਤੇ ਟਿਕਾ ਕੇ ਲੜਨ ਵਾਲੇ ਬਾਬਾ ਦੀਪ ਸਿੰਘ, ਖੋਪਰੀ ਲੁਹਾ ਕੇ ਸਿੱਖੀ ਨੂੰ ਕਾਇਮ ਰੱਖਣ ਵਾਲੇ ਭਾਈ ਤਾਰੂ ਸਿੰਘ, ਉਬਲਦੇ ਪਾਣੀ ਵਿਚ ਲੰਘਦੇ ਭਾਈ ਦਿਆਲਾ ਜੀ, ਵੱਡੇ ਤੇ ਛੋਟੇ ਘਲੂਘਾਰੇ ਵਿਚ ਸ਼ਹੀਦ ਹੋਣ ਵਾਲੇ ਸਿੰਘ ਤੇ ਸਿੰਘਣੀਆਂ, ਸਿੱਖ ਰਾਜ ਦੇ ਡੁੱਬਦੇ ਸੂਰਜ ਦਾ ਆਖਰੀ ਗਵਾਹ ਸ਼ਾਮ ਸਿੰਘ ਅਟਾਰੀ ਵਾਲਾ ਅਤੇ ਸਾਡੇ ਵਰਤਮਾਨ ਦੌਰ ਦੇ ਸ਼ਹੀਦਾਂ ਵਿਚੋਂ ਹਰ ਇਕ ਸ਼ਹੀਦ ਦੀ ਸ਼ਹਾਦਤ ਦੇ ਵੱਖ ਵੱਖ ਰੰਗ ਹਨ, ਉਨ੍ਹਾਂ ਸਭਨਾਂ ਦੇ ਵੱਖ-ਵੱਖ ਪੈਗ਼ਾਮ ਹਨ ਅਤੇ ਵੱਖਰੇ-ਵੱਖਰੇ ਲੇਖ ਦੀ ਵੀ ਮੰਗ ਕਰਦੇ ਹਨ। ਪਰ ਅੱਜ ਅਸੀਂ ਸਾਹਿਬਜ਼ਾਦਿਆਂ ਦੇ ਪ੍ਰਸੰਗ ਵਿਚ ਸ਼ਹੀਦ ਦੇ ਸੰਕਲਪ ਦੀਆਂ ਅੱਡ-ਅੱਡ ਤੈਹਾਂ ਵਿਚ ਉਤਰਦੇ ਹਾਂ ਜਿਨ੍ਹਾਂ ਦੀ ਪਵਿੱਤਰ ਯਾਦ ਸਾਡੇ ਅਚੇਤ ਮਨ ਵਿਚ ਵੀ ਵਸੀ ਪਈਹੈ ਅਤੇ ਸੁਚੇਤ ਮਨ ਵਿਚ ਵੀ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦੁਨੀਆਂ ਦੀਆਂ ਸਿਰਤਾਜ ਸ਼ਹਾਦਤਾਂ ਵਿਚੋਂ ਇਕ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਦੀ ਮੁਹੱਬਤ ਦਾ ਦਰਿਆ ਜੋ ਉਸ ਦੀ ਯਾਦ ਵਿਚ ਵਗਿਆ, ਉਸ ਨੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ। ਸਿੱਖ ਧਰਮ ਵਿਚ ਨਿਰੋਲ ਸ਼ਹਾਦਤ ਦੇ ਸੰਕਲਪ ਨੂੰ ਲੈ ਕੇ ਬਹੁਤ ਘੱਟ ਲਿਖਿਆ ਗਿਆ ਹੈ।

ਜਿਥੋਂ ਤੱਕ ਸੱਚ ਦਾ ਸਵਾਲ ਹੈ, ਇਕ ਇਸ’ ਦੁਨੀਆਂ ਦਾ ਸੱਚ ਹੈ ਅਤੇ ਦੂਜਾ ਉਸ’ ਦੁਨੀਆਂ ਦਾ। ਕਈ ਵਾਰ ਸ਼ਹਾਦਤ ਇਸ ਦੁਨੀਆਂ ਦੀਆਂ ਕਦਰਾਂ ਕੀਮਤਾਂ ਤੱਕ ਹੀ ਮਹਿਦੂਦ ਹੁੰਦੀ ਹੈ ਪਰ ਕਈ ਵਾਰ ਇਹ ਦੂਜੀ ਦੁਨਿਆਵੀ ਸੱਚਾਈਆਂ ਤੋਂ ਉਭਰ ਉੱਠ ਕੇ ਰਹੱਸ ਦੇ ਆਲਮ ਵਿਚ ਵੀ ਪ੍ਰਵੇਸ਼ ਕਰ ਜਾਂਦੀ ਹੈ। ਜਦੋਂ ਸ਼ਹੀਦ ਇਕ ਵੱਡੇ ਸੱਚ ਦਾ ਗਵਾਹ ਬਣ ਕੇ ਸ਼ਹਾਦਤ ਦਾ ਜਾਮ ਪੀਂਦਾ ਹੈ ਅਤੇ ਇਸ ਦਾ ਰੰਗ ਹੋਰਨਾਂ ਨੂੰ ਵੀ ਚਾੜ੍ਹ ਦਿੰਦਾ ਹੈ ਅਤੇ ਇਹ ਰੀਤ ਕਿਸੇ ਕੌਮ ਦੀ ਰਵਾਇਤ ਵਿਚ ਸ਼ਾਮਲ ਹੋ ਜਾਂਦੀ ਹੈ ਤਾਂ ਅਸੀਂ ਕਹਿ ਸਕਦੇ ਹਨ ਕਿ ਸ਼ਹਾਦਤ ਦੇ ਸਾਰੇ ਰੰਗਾਂ ਦਾ ਪ੍ਰਕਾਸ਼ ਹੋ ਗਿਆ ਹੈ। ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਦੀਆਂ ਸ਼ਹਾਦਤਾਂ ਇਸੇ ਵਰਗ ਵਿਚ ਆਉਂਦੀਆਂ ਹਨ। ਜਿਥੋਂ ਤੱਕ ਸਵਾਲ ਹੈ ਕਿ ਸ਼ਹਾਦਤ ਹੁੰਦੀ ਕੀ ਹੈ? ਇਸ ਦੀ ਅਕਾਦਮਿਕ ਪਰਿਭਾਸ਼ਾ ਕੀ ਹੈ? ਇਸ ਬਾਰੇ ਵੈਸੇ ਦੁਨੀਆਂ ਭਰ ਦੇ ਵਿਦਵਾਨਾਂ ਨੇ ਬਹੁਤ ਕੁੱਝ ਲਿਖਿਆ ਹੈ।

ਇਸਲਾਮ ਸ਼ਾਇਦ ਇਸ ਸ਼ਬਦ ਦੇ ਡੂੰਘੇ ਅਰਥਾਂ ਦੀ ਤਲਾਸ਼ ਵਿਚ ਬਹੁਤ ਦੂਰ ਤੱਕ ਨਿਕਲ ਗਿਆ ਹੈ। ਪਰ ਜੇ ਸ਼ਹਾਦਤ ਦੀ ਵਿਆਖਿਆ ਤੇ ਪਰਿਭਾਸ਼ਾ ਦਾ ਅਨੰਦ ਮਾਨਣਾ ਹੋਵੇ ਅਤੇ ਜੇਕਰ ਉਹ ਅਨੰਦ ਦੇਣ ਵਾਲਾ ਖੁਦ ਵੀ ਸ਼ਹਾਦਤ ਤੋਂ ਪਹਿਲਾਂ ਉਸ ਅਨੰਦ ਦੇ ਦ੍ਰਿਸ਼ ਦੁਨੀਆਂ ਦੇ ਸਾਹਮਣੇ ਪੇਸ਼ ਕਰ ਦੇਵੇ ਤਾਂ ਉਹ ਸਿਹਰਾ ਕੇਵਲ ਸੁਖਦੇਵ ਸਿੰਘ ਸੁੱਖਾ ਤੇ ਹਰਜਿੰਦਰ ਸਿੰਘ ਜਿੰਦਾ ਨੂੰ ਹੀ ਨਸੀਬ ਹੋ ਸਕਿਆ ਹੈ। ਮੈਂ ਸ਼ਹੀਦਾਂ ਵੱਲੋਂ ਆਪਣੇ ਵਿਸ਼ਵਾਸ ਨੂੰ ਬੁਲੰਦ ਰੱਖਣ ਬਾਰੇ ਆਪਣੀ ਕੌਮ ਜਾਂ ਦੇਸ਼ ਦੇ ਲੋਕਾਂ ਨੂੰ ਦਿੱਤੇ ਅੰਤਮ ਸੁਨੇਹੇ ਵਾਚਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਜਿਸ ਤਰ੍ਹਾਂ ਇਨ੍ਹਾਂ ਦੋ ਨੌਜਵਾਨਾਂ ਦੀ ਭਾਰਤ ਦੇ ਰਾਸ਼ਟਰਪਤੀ ਨੂੰ ਲਿਖੀ ਚਿੱਠੀ ਵਿਚ ਸ਼ਹਾਦਤ ਦੀ ਪਰਿਭਾਸ਼ਾ ਤੇ ਇਸ ਦੇ ਅਰਥ ਦਿਤੇ ਹਨ, ਉਹ ਹੋਰ ਕਿਤੇ ਵੀ ਨਹੀਂ ਮਿਲਦੇ। ਇਥੇ ਸ਼ਹਾਦਤ ਦਾ ਸਿੱਖ ਸੰਕਲਪ ਏਨੇ ਸਾਫ, ਸਪੱਸ਼ਟ ਤੇ ਨਿਖਰਵੇਂ ਅੰਦਾਜ਼ ਵਿਚ ਪੇਸ਼ ਹੁੰਦਾ ਹੈ ਕਿ ਇਹ ਸਾਰੀ ਦੁਨੀਆਂ ਦੇ ਸ਼ਹੀਦਾਂ ਅਤੇ ਇਨਕਲਾਬੀਆਂ ਨੂੰ ਆਪਣੇ ਕਲਾਵੇ ਵਿਚ ਲੈ ਆਉਂਦਾ ਹੈ। ਇਉਂ ਲਗਦਾ ਹੈ ਜਿਵੇਂ ਸਾਰੇ ਧਰਮ ਅਤੇ ਹੱਕ ਤੇ ਸੱਚ ਲਈ ਲੜਨ ਵਾਲੇ ਸਭ ਇਨਕਲਾਬੀ ਸਿੱਖ ਧਰਮ ਵਿਚ ਇਕੱਠੇ ਹੋ ਕੇ ਮੌਤ ਦਾ ਜਸ਼ਨ ਮਨਾ ਰਹੇ ਹੋਣ। ਮੈਂ ਇਥੇ ਰਾਸ਼ਟਰਪਤੀ ਰਾਹੀਂ ਦਿੱਤੇ ਉਨ੍ਹਾਂ ਦੇ ਅੰਤਮ ਸੁਨੇਹੇ ਦੇ ਕੁਝ ਸ਼ਬਦ ਇੰਨ ਬਿੰਨ ਪੇਸ਼ ਕਰਨ ਦੀ ਇਜਾਜ਼ਤ ਲੈ ਰਿਹਾ ਹਾਂ ਜਿਸ ਉੱਤੇ ਉਨ੍ਹਾਂ ਦੇ ਆਪਣੇ ਹੱਥਾਂ ਨਾਲ ਕੀਤੇ ਦਸਤਖ਼ਤ ਹਨ :

ਅਸੀਂ ਤੁਹਾਡੇ ਰਾਹੀਂ ਇਹ ਪੈਗਾਮ ਦੇਣਾ ਚਾਹੁੰਦੇ ਹਾਂ ਕਿ ਸਾਡਾ ਹਿੰਦੁਸਤਾਨ ਦੇ ਮਹਾਨ ਲੋਕਾਂ, ਇਸ ਦੀ ਧਰਤੀ ਨਾਲ ਕੋਈ ਵੈਰ ਵਿਰੋਧ ਜਾਂ ਦੁਸ਼ਮਣੀ ਨਹੀਂ। ਉਨ੍ਹਾਂ ਪ੍ਰਤੀ ਨਫ਼ਰਤ ਦੀ ਭਾਵਨਾ ਦੇ ਅਸੀਂ ਨੇੜੇ ਤੇੜੇ ਵੀ ਨਹੀਂ ਹਾਂ। ਅਸੀਂ ਤਾਂ ਧਰਤ-ਅਸਮਾਨ ਨੂੰ ਆਪਣੀ ਗਲਵਕੜੀ ਵਿਚ ਲੈਣ ਲਈ ਬਿਹਬਲ ਹਾਂ ਅਤੇ ਸਮੁੱਚੇ ਬ੍ਰਹਿਮੰਡ ਅਤੇ ਇਸ ਵਿਚ ਵੱਸਦੀ ਰਸਦੀ ਜ਼ਿੰਦਗੀ ਦੀ ਆਰਤੀ ਉਤਾਰਦੇ ਹਾਂ। ਹਿੰਦੁਸਤਾਨ ਵਿਚ ਦੱਬੇ ਕੁਚਲੇ ਲੋਕਾਂ, ਸਦੀਆਂ ਤੋਂ ਬ੍ਰਾਹਮਣਵਾਦ ਦੀ ਚੱਕੀ ਵਿਚ ਪਿੱਸ ਰਹੇ ਕਰੜਾਂ ਦਲਿਤ ਭਰਾਵਾਂ, ਦਸਾਂ ਨਹੁੰਆਂ ਦੀ ਸੱਚੀ ਕਿਰਤ ਕਰਨ ਵਾਲੇ ਕਿਰਤੀਆਂ, ਮੁਸਲਮਾਨਾਂ ਤੇ ਹੋਰ ਸਭ ਘੱਟ ਗਿਣਤੀਆਂ, ਨਿਓਟਿਆਂ ਤੇ ਨਿਆਸਰਿਆਂ ਨਾਲ ਸਾਡੀਆਂ ਓੜਕਾਂ ਦੀਆਂ ਪਿਆਰ ਭਰੀਆਂ ਸਾਂਝਾ ਹਨ। ਉਹ ਸਾਡੇ ਹੀ ਹੱਡ ਮਾਸ ਤੇ ਸਾਡੇ ਹੀ ਲਹੂ ਦਾ ਹਿੱਸਾ ਹਨ। ਨੀਲੇ ਘੋੜੇ ਦੇ ਸ਼ਾਹ ਸਵਾਰ ਨੇ ਤਾਂ ਉਨ੍ਹਾਂ ਨੂੰ ਚਿਰੋਕਣਾਂ ਹੀ ਪਹਿਚਾਣ ਲਿਆ ਸੀ। ਜਿਨ੍ਹਾਂ ਨੂੰ ਘੁਮੰਡੀ ਬ੍ਰਾਹਮਣਵਾਦ ਨੀਚ, ਚੂਹੜੇ, ਚਮਿਆਰ, ਕਮੀ-ਕਮੀਨ ਤੇ ਪਤਾ ਨਹੀਂ ਹੋਰ ਕਿੰਨੇ ਗਲੀਚ ਸ਼ਬਦਾਂ ਨਾਲ ਆਵਾਜ਼ ਮਾਰਦਾ ਸੀ, ਉਹ ਸਾਰੇ ਸਾਡੇ ਦਸਮੇਸ਼ ਪਿਤਾ ਦੇ ਨਾਦੀ ਪੁੱਤਰ ਬਣੇ ਅਤੇ ਤਖ਼ਤਾਂ ਤੇ ਤਾਜਾਂ ਨੇ ਉਨ੍ਹਾਂ ਨੂੰ ਪ੍ਰਣਾਮ ਕੀਤਾ।-‘

ਇਹ ਸ਼ਹਾਦਤ ਕੁਝ ਇਸ ਤਰ੍ਹਾਂ ਦੀ ਹੈ ਜਿਸ ਵਿਚ ਦਰਦ ਦੀ ਸੱਚੀ ਸਾਖੀ ਭਾਵੇਂ ਖਾਲਸਾ ਪੰਥ ਦੀ ਹੈ ਪਰ ਗੁਰੂ ਨਾਨਕ ਦੇ ਵਿਹੜੇ ਤੋਂ ਬਾਹਰ ਵਸਦੀਆਂ ਕੌਮਾਂ ਦੇ ਸੁੱਤੇ ਦਰਦ ਵੀ ਇਸ ਚਿੱਠੀ ਰਾਹੀਂ ਜਾਗ ਉਠਦੇ ਹਨ।

ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਮਨੁੱਖੀ ਇਤਿਹਾਸ ਦਾ ਉਹ ਦਰਦਨਾਕ ਸਾਕਾ ਹੈ, ਜਿਸ ਦੀ ਮਿਸਾਲ ਹੋਰ ਕਿਤੇ ਨਹੀਂ ਮਿਲਦੀ। ਹਰ ਸ਼ਹੀਦ ਉੱਤੇ ਸਮੇਂ ਦੀ ਸਰਕਾਰ ਕੁਝ ਇਲਜ਼ਾਮ ਲਾਉਂਦੀ ਹੈ ਪਰ ਸਵਾਲ ਪੈਦਾ ਹੁੰਦਾ ਹੈ ਕਿ ਸਾਹਿਬਜ਼ਾਦਿਆਂ ਉਤੇ ਤਾਂ ਕੋਈ ਵੀ ਇਲਜ਼ਾਮ ਨਹੀਂ ਸੀ। ਕਹਿੰਦੇ ਹਨ ਕਿ ਜ਼ਿੰਦਗੀ ਵਿਚ ਸਭ ਤੋਂ ਉੱਚੇ ਸੁੱਚੇ ਰੰਗ ਇਕ ਹਕੀਕਤ ਵਿਚ ਪ੍ਰਗਟ ਹੁੰਦੇ ਹਨ ਅਤੇ ਉਹ ਹਕੀਕਤ ਹੈ : ਮਾਸੂਮੀਅਤ। ਮਾਸੂਮੀਅਤ ਦਾ ਮੁਕੰਮਲ ਪ੍ਰਕਾਸ਼ ਬੱਚਿਆਂ ਵਿਚ ਹੁੰਦਾ ਹੈ। ਮਾਸੂਮੀਅਤ ਹੀ ਉਹ ਅਨਮੋਲ ਤੋਹਫਾ ਹੈ ਜੋ ਸਾਨੂੰ ਰੱਬ ਦੇ ਕਰੀਬ ਲੈ ਜਾਂਦਾ ਹੈ, ਜੋ ਮਨੁੱਖ ਨੂੰ ਉਸ ਦੇ ਧੁਰ ਅੰਦਰਲੇ ਮਨੁੱਖ ਨਾਲ ਜੋੜ ਦਿੰਦਾ ਹੈ।

ਸਾਹਿਬਜ਼ਾਦਿਆਂ ਨੂੰ ਕਤਲ ਕਰਨ ਦਾ ਇਰਾਦਾ ਮਾਸੂਮੀਅਤ ਨੂੰ ਇਸ ਧਰਤੀ ਤੋਂ ਖ਼ਤਮ ਕਰਨ ਦਾ ਯਤਨ ਸੀ ਪਰ ਸਾਹਿਬਜ਼ਾਦਿਆਂ ਨੇ ਸ਼ਹਾਦਤ ਦੇ ਕੇ ਇਸ ਧਰਤੀ ਉਤੇ ਮਾਸੂਮੀਅਤ ਦਾ ਪਰਚਮ ਬੁਲੰਦ ਕੀਤਾ ਹੈ। ਪਰ ਸਾਹਿਬਜ਼ਾਦਿਆਂ ਦੀ ਮਾਸੂਮੀਅਤ ਵੀ ਸਾਧਾਰਨ, ਮਾਸੂਮੀਅਤ ਨਹੀਂ ਸੀ। ਉਸ ਵਿਚ ਜੀਵਨ ਦੀ ਅਗਿਆਨਤਾ ਦਾ ਹਨ੍ਹੇਰਾ ਨਹੀਂ ਸੀ, ਸਗੋਂ ਗਿਆਨ ਤੇ ਚਾਨਣ ਦੀਆਂ ਕਿਰਨਾਂ ਸਨ। ਦਸ ਗੁਰੂਆਂ ਦੀ ਅਨਮੋਲ ਵਿਰਾਸਤ ਦੇ ਸਾਰੇ ਦੀਪ ਉਨ੍ਹਾਂ ਦੀ ਮਾਸੂਮ ਯਾਦ ਵਿਚ ਜਗਦੇ ਸਨ। ਇਹੋ ਕਾਰਨ ਹੈ ਕਿ ਉਨ੍ਹਾਂ ਦੀ ਨਿਰਭਉ ਤੇ ਨਿਰਵੈਰ ਮਾਸੂਮੀਅਤ ਕਿਸੇ ਡਰ ਅੱਗੇ ਨਹੀਂ ਝੁੱਕੀ ਤੇ ਉਨ੍ਹਾਂ ਨੇ ਕਿਸੇ ਲਾਲਚ ਨੂੰ ਪ੍ਰਵਾਨ ਨਹੀਂ ਕੀਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version