July 21, 2016 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: ਅਵਤਾਰ ਸਿੰਘ ਮੱਕੜ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫਿਲਮ ‘ਫਲਾਇੰਗ ਜੱਟ’ ਵਿਚ ਨਾਇਕ ਦੀ ਦਸਤਾਰ, ਡਰੈਸ ਅਤੇ ਪਿੱਠ ‘ਤੇ ਖੰਡੇ ਦਾ ਨਿਸ਼ਾਨ ਦਿਖਾਏ ਜਾਣ ‘ਤੇ ਸਖ਼ਤ ਸਬਦਾਂ ਵਿੱਚ ਇਤਰਾਜ਼ ਜਤਾਇਆ ਹੈ।
ਦਫ਼ਤਰ ਤੋਂ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਇਸ ਫਿਲਮ ਦੇ ਨਿਰਮਾਤਾ ਨੇ ਸ਼੍ਰੋਮਣੀ ਕਮੇਟੀ ਵਲੋਂ ਉਠਾਏ ਇਤਰਾਜ ਨੂੰ ਅੱਖੋਂ-ਪਰੋਖੇ ਕੀਤਾ ਹੈ। ਬੇਦੀ ਨੇ ਕਿਹਾ ਕਿ ਅਵਤਾਰ ਸਿੰਘ ਨੂੰ ਇਸ ਫਿਲਮ ਸਬੰਧੀ ਸੰਗਤਾਂ ਵਿਚੋਂ ਕਾਫੀ ਲੋਕਾਂ ਦੇ ਰੋਸ ਭਰੇ ਇਤਰਾਜ਼ ਪੁੱਜੇ ਹਨ। ਉਨ੍ਹਾਂ ਕਿਹਾ ਕਿ ਖੰਡਾ ਸਿੱਖਾਂ ਦਾ ਧਾਰਮਿਕ ਚਿੰਨ੍ਹ ਹੈ ਤੇ ਫਿਲਮ ਦੇ ਨਾਇਕ ਟਾਈਗਰ ਸ਼ਰਾਫ ਵੱਲੋਂ ਇਹ ਧਾਰਮਿਕ ਚਿੰਨ੍ਹ ਆਪਣੀ ਦਸਤਾਰ, ਡਰੈਸ ਤੇ ਪਿੱਠ ‘ਤੇ ਛਪਵਾਉਣ ਤੇ ਸਿੱਖ ਹਲਕਿਆਂ ਵਿੱਚ ਕਾਫੀ ਰੋਸ ਤੇ ਰੋਹ ਪਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਬਾਲਾਜੀ ਮੋਸ਼ਨ ਪਿਕਚਰਜ਼ ਲਿਮਟਿਡ ਹੇਠ ਬਣ ਰਹੀ ਉਕਤ ਫਿਲਮ ਦੀ ਨਿਰਮਾਤਾ ਸ਼ੋਭਾ ਕਪੂਰ ਤੇ ਏਕਤਾ ਕਪੂਰ ਅਤੇ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਦੇ ਸੀ ਈ ਓ ਮਨੀਸ਼ ਦਿਸਾਈ ਤੇ ਪਹਿਲਾਜ ਨਹਿਲਾਨੀ ਨੂੰ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਵੱਲੋਂ 12 ਨਵੰਬਰ 2015 ਨੂੰ ਇੱਕ ਪੱਤਰਕਾ ਲਿਖ ਕੇ ਇਤਰਾਜ਼ ਜਤਾਇਆ ਗਿਆ ਸੀ ਤੇ ਬਾਅਦ ਵਿੱਚ ਅਵਤਾਰ ਸਿੰਘ ਮੱਕੜ ਪ੍ਰਧਾਨ ਸ਼੍ਰੋਮਣੀ ਕਮੇਟੀ ਵੱਲੋਂ ਵੀ ਬਾਲਾਜੀ ਫਿਲਮ ਦੀ ਨਿਰਮਾਤਾ ਸ਼ੋਭਾ ਕਪੂਰ ਤੇ ਏਕਤਾ ਕਪੂਰ ਨੂੰ 30 ਦਸੰਬਰ 2015 ਨੂੰ ਇੱਕ ਪੱਤਰਕਾ ਲਿਖ ਕੇ ਸਾਰੀ ਸਥਿਤੀ ਤੋਂ ਜਾਣੂੰ ਕਰਵਾ ਕੇ ਫਿਲਮ ਵਿਚਲੇ ਇਤਰਾਜ਼ਯੋਗ ਦ੍ਰਿਸ਼ ਕੱਟਣ ਲਈ ਕਿਹਾ ਗਿਆ ਸੀ, ਪਰ ਇਸ ਸਭ ਦੇ ਬਾਵਜੂਦ ਫਿਲਮ ਦੀ ਨਿਰਮਾਤਾ ਵੱਲੋਂ ਇਹ ਦ੍ਰਿਸ਼ ਹਟਾਏ ਨਹੀਂ ਗਏ। ਉਨ੍ਹਾਂ ਕਿਹਾ ਕਿ ਅਗਰ ਸਿੱਖ ਭਾਵਨਾਵਾਂ ਦੀ ਪ੍ਰਵਾਹ ਨਾ ਕਰਦਿਆਂ ਫਿਲਮ ਦੀ ਨਿਰਮਾਤਾ ਵੱਲੋਂ ਇਹ ਫਿਲਮ ਰਿਲੀਜ਼ ਕੀਤੀ ਗਈ ਤਾਂ ਇਸ ਤੋਂ ਨਿਕਲਣ ਵਾਲੇ ਨਤੀਜਿਆਂ ਪ੍ਰਤੀ ਉਹ ਖੁਦ ਜ਼ਿੰਮੇਵਾਰ ਹੋਣਗੇ। ਉਨ੍ਹਾਂ ਕਿਹਾ ਕਿ ਸਿੱਖ ਧਰਮ ਦੇ ਧਾਰਮਿਕ ਚਿੰਨ੍ਹਾਂ ਦੀ ਕਿਸੇ ਵੀ ਤਰ੍ਹਾਂ ਦੁਰਵਰਤੋਂ ਕਰਨਾ ਜਾਇਜ਼ ਨਹੀਂ ਤੇ ਨਾ ਹੀ ਇਹ ਬਰਦਾਸ਼ਤ ਕੀਤਾ ਜਾ ਸਕਦਾ ਹੈ।
ਬੇਦੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਸਾਰੀ ਸਥਿਤੀ ਤੋਂ ਜਾਣੂੰ ਕਰਵਾਉਣ ‘ਤੇ ਵੀ ਫਿਲਮ ਨਿਰਮਾਤਾ ਵੱਲੋਂ ਜਾਣ-ਬੁੱਝ ਕੇ ਲਾ-ਪ੍ਰਵਾਹੀ ਵਰਤ ਕੇ ਸਿੱਖਾਂ ਦੇ ਸ਼ਾਂਤ ਹਿਰਦਿਆਂ ਨੂੰ ਲਾਂਬੂ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਦੇ ਨਤੀਜੇ ਸਹੀ ਨਹੀਂ ਹੋਣਗੇ। ਉਨ੍ਹਾਂ ਫਿਲਮ ਨਿਰਮਾਤਾ ਨੂੰ ਚਿਤਾਵਨੀ ਦੇਂਦਿਆਂ ਕਿਹਾ ਕਿ ਅਗਰ ‘ਫਲਾਇੰਗ ਜੱਟ’ ਫਿਲਮ ਰਿਲੀਜ਼ ਕਰਨ ਤੋਂ ਪਹਿਲਾਂ ਉਸ ਵਿਚਲੇ ਇਤਰਾਜ਼ਯੋਗ ਦ੍ਰਿਸ਼ ਨਾ ਹਟਾਏ ਗਏ ਤਾਂ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਨੁਮਾਇੰਦਾ ਜਮਾਤ ਹੋਣ ਦੇ ਨਾਤੇ ਉਨ੍ਹਾਂ ਖਿਲਾਫ਼ ਕਾਨੂੰਨੀ ਕਾਰਵਾਈ ਕਰੇਗੀ।
Related Topics: Bollywood, Shiromani Gurdwara Parbandhak Committee (SGPC)