Site icon Sikh Siyasat News

ਜੰਮੂ ਪ੍ਰਸ਼ਾਸਨ ਵੱਲੋਂ ਸਿੱਖ ਨੌਜਵਾਨ ਨੂੰ ਜਾਨੋ ਮਾਰ ਦੇਣਾ ਵੱਡਾ ਜ਼ੁਲਮ: ਸ਼੍ਰੋਮਣੀ ਕਮੇਟੀ

ਜੰਮੂ ਪ੍ਰਸ਼ਾਸਨ ਸਿੱਖ ਨੌਜਵਾਨਾਂ ਉੱਪਰ ਕਾਰਵਾਈ ਕਰਨ ਦੀ ਬਜਾਏ ਸ਼ਰਾਰਤੀ ਅਨਸਰਾਂ ਨੂੰ ਗ੍ਰਿਫ਼ਤਾਰ ਕਰੇ: ਅਵਤਾਰ ਸਿੰਘ ਮੱਕੜ

ਸ: ਅਵਤਾਰ ਸਿੰਘ ਮੱਕੜ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਜੰਮੂ ਵਿਖੇ ਪ੍ਰਸ਼ਾਸਨ ਵੱਲੋਂ ਸਿੱਖ ਨੌਜਵਾਨਾਂ ਉੱਪਰ ਹਮਲਾ ਕਰਕੇ ਜਗਜੀਤ ਸਿੰਘ ਪੁਤਰ ਸ. ਜਗਦੇਵ ਸਿੰਘ ਪਿੰਡ ਚੌਹਾਲਾ ਆਰ ਐਸ ਪੁਰਾ ਜੰਮੂ ਨੂੰ ਜਾਨੋਂ ਮਾਰਨ ਅਤੇ ਚਾਰ ਨੌਜਵਾਨਾਂ ਨੂੰ ਗੰਭੀਰ ਜਖ਼ਮੀ ਕਰਨ ਵਾਲੀ ਪੁਲੀਸ ਕਾਰਵਾਈ ਨੂੰ ਸਿੱਖਾਂ ਖਿਲਾਫ ਵੱਡਾ ਜ਼ੁਲਮ ਕਰਾਰ ਦੇਂਦਿਆਂ ਮਾਰੇ ਗਏ ਨੌਜਵਾਨ ਪ੍ਰਤੀ ਅਫ਼ਸੋਸ ਜ਼ਾਹਿਰ ਕਰਦਿਆਂ ਪ੍ਰੀਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ।

ਇਥੋਂ ਜਾਰੀ ਪ੍ਰੈਸ ਬਿਆਨ ‘ਚ ਜਥੇਦਾਰ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਜੰਮੂ ਪੁਲੀਸ ਨੇ ਸਹੀ ਰੋਲ ਅਦਾ ਨਹੀ ਕੀਤਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਸ਼ਰਾਰਤੀ ਅਨਸਰਾਂ ਨੇ ਪਹਿਲ ਕਰਦਿਆਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਦੇ ਪੋਸਟਰ ਆਦਿ ਪਾੜਨ ਦੀ ਘਟੀਆ ਕਰਤੂਤ ਕੀਤੀ ਹੈ ਤੇ ਸਿੱਖ ਜਜਬਾਤ ਭੜਕਾਏ ਹਨ ਉਨ੍ਹਾਂ ਸ਼ਰਾਰਤੀ ਅਨਸਰਾਂ ਖਿਲਾਫ ਪੁਲੀਸ ਨੇ ਜੇਕਰ ਸਮੇਂ ਸਿਰ ਕਾਨੂੰਨੀ ਕਾਰਵਾਈ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਹੁੰਦਾ ਤਾਂ ਸ਼ਾਇਦ ਇਹ ਹਾਲਾਤ ਪੈਦਾ ਹੀ ਨਾ ਹੁੰਦੇ।

ਉਨ੍ਹਾਂ ਜੰਮੂ ਸਰਕਾਰ ਤੇ ਪ੍ਰਸ਼ਾਸਨ ਨੂੰ ਜ਼ੋਰ ਦੇ ਕੇ ਕਿਹਾ ਕਿ ਸਿੱਖਾਂ ਨੂੰ ਨਿਸ਼ਾਨਾ ਨਾ ਬਣਾਇਆ ਜਾਵੇ ਬਲਕਿ ਅਸਲੀਅਤ ਨੂੰ ਪਹਿਚਾਣ ਕੇ ਉਨ੍ਹਾਂ ਸ਼ਰਾਰਤੀ ਲੋਕਾਂ ਖਿਲਾਫ਼ ਕਾਰਵਾਈ ਕੀਤੀ ਜਾਵੇ, ਜਿਨ੍ਹਾਂ ਨੇ ਸ਼ਾਂਤ ਮਈ ਮਾਹੌਲ ਨੂੰ ਅੱਗ ਲਾਈ ਹੈ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੰਮੂ ‘ਚ ਵਸਦੇ ਸਿੱਖ ਭਾਈਚਾਰੇ ਨਾਲ ਪੂਰੀ ਤਰ੍ਹਾਂ ਖੜੀ ਹੈ।

ਸ਼ਹੀਦ ਭਾਈ ਜਗਜੀਤ ਸਿੰਘ ਜੰਮੂ

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਸ ਸਬੰਧੀ ਮੁੱਖ ਮੰਤਰੀ ਜੰਮੂ ਨੂੰ ਈ-ਮੇਲ ਪਤਰ ਭੇਜ ਕੇ ਦੋਸ਼ੀ ਪੁਲੀਸ ਅਫਸਰਾਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਸਿੱਖਾਂ ਦੀ ਜਾਨ ਮਾਲ ਦੀ ਸੁਰੱਖਿਆ ਯਕੀਨੀ ਬਨਾਉਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੀ ਕੁਝ ਸ਼ਰਾਰਤੀ ਲੋਕ ਸਿੱਖਾਂ ਦੇ ਜ਼ਜ਼ਬਾਤ ਭੜਕਾਉਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਲੋਕਾਂ ਦਾ ਮੁੱਖ ਮਕਸਦ ਕੇਵਲ ਦੇਸ਼ ਦੀ ਸ਼ਾਂਤੀ ਨੂੰ ਭੰਗ ਕਰਨਾ ਹੈ, ਉਹ ਲੋਕ ਬਿਨਾ ਵਜ੍ਹਾ ਕਦੇ ਪੋਸਟਰ ਪਾੜ ਰਹੇ ਹਨ ਤੇ ਕਦੇ ਪੁਤਲੇ ਸਾੜ ਰਹੇ ਹਨ, ਜੋ ਹਾਲਾਤਾਂ ਲਈ ਠੀਕ ਨਹੀਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version