Site icon Sikh Siyasat News

ਕੋਹਿਨੂਰ  ਹੀਰਾ ਸਿੱਖ ਕੌਮ ਦੀ ਵਿਰਾਸਤ: ਪ੍ਰਧਾਨ ਸ਼੍ਰੋਮਣੀ ਕਮੇਟੀ

ਅੰਮਿ੍ਤਸਰ: ਭਾਰਤ ਸਰਕਾਰ ਵੱਲੋਂ ਕੋਹਿਨੂਰ ਹੀਰੇ ਦੇ ਸਬੰਧ ਵਿੱਚ ਸੁਪਰੀਮ ਕੋਰਟ ਵਿੱਚ ਦਰਜ਼ ਕਰਵਾਈ ਜਾਣਕਾਰੀ ਦੀ ਨਿੰਦਿਆ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਕੋਹਿਨੂਰ ਹੀਰਾ ਅੰਗਰੇਜ਼ਾਂ ਵਲੋਂ ਚੋਰੀ ਕੀਤਾ ਜਾਂ ਲੁੱਟਿਆ ਨਹੀਂ ਗਿਆ, ਸਗੋਂ ਮਹਾਰਾਜਾ ਦਲੀਪ ਸਿੰਘ ਨੇ ਆਪ ਈਸਟ ਇੰਡੀਆ ਕੰਪਨੀ ਨੂੰ ਦਿੱਤਾ ਸੀ, ਸਰਾਸਰ ਗਲਤ ਹੈ।

ਸ਼੍ਰੋਮਣੀ ਕਮੇਟੀ ਨੇ ਕੇਂਦਰ ਸਰਕਾਰ ਵਲੋਂ ਸੁਪਰੀਮ ਕੋਰਟ ‘ਚ ਕੋਹਿਨੂਰ ਹੀਰੇ ਸਬੰਧੀ ਦਿੱਤੇ ਹਲਫਨਾਮੇ ਨੂੰ ਰੱਦ ਕਰਦਿਆਂ ਕੋਹਿਨੂਰ ਹੀਰੇ ‘ਤੇ ਆਪਣਾ ਹੱਕ ਜਤਾਉਂਦਿਆਂ ਮੰਗ ਕੀਤੀ ਹੈ ਕਿ ਬਰਤਾਨੀਆ ਸਰਕਾਰ ਕੋਹਿਨੂਰ ਹੀਰਾ ਸਿੱਖ ਕੌਮ ਨੂੰ ਵਾਪਸ ਕਰੇ।

ਉਨ੍ਹਾਂ ਕਿਹਾ ਕਿ ਕੇਂਦਰ ਦੀ ਇਹ ਕਾਰਵਾਈ ਅਤਿ ਨਿੰਦਣਯੋਗ ਹੈ। ਅਵਤਾਰ ਸਿੰਘ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਉਸ ਸਮੇਂ ਲਾਹੌਰ ਦਰਬਾਰ ‘ਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ ਸੀ ਤੇ 1849 ਈ. ਨੂੰ ਕੋਹਿਨੂਰ ਹੀਰਾ ਲਾਰਡ ਡਲਹੌਜੀ ਨੇ ਨਾਬਾਲਗ ਮਹਾਰਾਜਾ ਦਲੀਪ ਸਿੰਘ ਪਾਸੋਂ ਤੋਸ਼ੇਖਾਨੇ ਦੇ ਹੋਰ ਕੀਮਤੀ ਸਾਮਾਨ ਸਮੇਤ ਹਥਿਆ ਲਿਆ ਸੀ।

ਉਨ੍ਹਾਂ ਕਿਹਾ ਕਿ ਮਹਾਰਾਜਾ ਦਲੀਪ ਸਿੰਘ ਉਸ ਸਮੇਂ ਨਾਬਾਲਗ ਸੀ ਤੇ ਉਸ ਪਾਸੋਂ ਹੀਰਾ ਤੋਹਫੇ ਦੇ ਰੂਪ ‘ਚ ਹਾਸਲ ਕਰਨਾ ਲੁੱਟ ਤੋਂ ਘੱਟ ਨਹੀਂ ਆਖਿਆ ਜਾ ਸਕਦਾ।ਕੋਹਿਨੂਰ ਹੀਰੇ ਨੂੰ ਸਿੱਖ ਕੌਮ ਦੀ ਵਿਰਾਸਤ ਦੱਸਦਿਆਂ ਉਨ੍ਹਾਂ ਕਿਹਾ ਕਿ ਇਸ ਹੀਰੇ ‘ਤੇ ਕੇਵਲ ਸਿੱਖ ਕੌਮ ਦਾ ਹੀ ਹੱਕ ਹੈ ਤੇ ਇਸ ਨੂੰ ਵਾਪਸ ਪ੍ਰਾਪਤ ਕਰਨ ਦੇ ਰਾਹ ਵਿਚ ਕੇਂਦਰ ਸਰਕਾਰ ਨੂੰ ਰੋੜਾ ਨਹੀਂ ਬਣਨਾ ਚਾਹੀਦਾ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version