Site icon Sikh Siyasat News

ਦਰਬਾਰ ਸਾਹਿਬ ਪੁੱਜਣ ‘ਤੇ ਸ਼੍ਰੋਮਣੀ ਕਮੇਟੀ ਨੇ ਕੀਤਾ ਹਰਜੀਤ ਸਿੰਘ ਸੱਜਣ ਦਾ ਸਨਮਾਨ

ਅੰਮ੍ਰਿਤਸਰ (ਨਰਿੰਦਰਪਾਲ ਸਿੰਘ): ਕੈਨੇਡਾ ਦੇ ਪਹਿਲੇ ਸਿੱਖ ਰੱਖਿਆ ਮੰਤਰੀ ਸ. ਹਰਜੀਤ ਸਿੰਘ ਸੱਜਣ ਨੇ ਅੱਜ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਜਦੋਂ ਹਰਜੀਤ ਸਿੰਘ ਸੱਜਣ ਕੈਨੇਡਾ ਦੇ ਭਾਰਤ ਵਿਚਲੇ ਹਾਈ ਕਮਿਸ਼ਨਰ ਨਾਲ ਘੰਟਾ ਘਰ ਪੁਜੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਅਤੇ ਹੋਰ ਅਧਿਕਾਰੀਆਂ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਸ. ਸੱਜਣ ਦੇ ਕਾਫਲੇ ਨੂੰ ਵੇਖਦਿਆਂ ਬਾਬਾ ਫਤਿਹ ਸਿੰਘ ਗੁਰਮਤਿ ਵਿਦਿਆਲਾ ਮੀਰਾਂ ਕੋਟ ਦੇ ਵਿਦਿਆਰਥੀਆਂ ਨੇ ਸਵਾਗਤੀ ਬੈਨਰ ਲਹਿਰਾਏ। ਅਖੰਡ ਕੀਰਤਨੀ ਜਥਾ ਅਤੇ ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰੱਸਟ ਦੇ ਵਿਦਿਆਰਥੀਆਂ ਵਲੋਂ ਵੀ ਸ. ਸੱਜਣ ਨੂੰ ਜੀ ਆਇਆਂ ਕਹਿੰਦੇ ਬੈਨਰ ਲਹਿਰਾਏ ਗਏ।

ਹਰਜੀਤ ਸਿੰਘ ਸੱਜਣ ਦਰਬਾਰ ਸਾਹਿਬ ‘ਚ ਕੀਰਤਨ ਸਰਵਣ ਕਰਦੇ ਹੋਏ

ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ, ਸਾਦਾ ਵਰਦੀ ਪੁਲਿਸ ਮੁਲਾਜਮਾਂ ਤੇ ਕਮੇਟੀ ਅਧਿਕਾਰੀਆਂ ਸਣੇ ਕੈਨੇਡਾ ਦੇ ਮੰਤਰੀ ਜਿਉਂ ਹੀ ਦਰਬਾਰ ਸਾਹਿਬ ਦੀ ਪਰਕਰਮਾ ਵਿੱਚ ਪੁਜੇ ਤਾਂ ਉਸ ਵੇਲੇ ਅਰਦਾਸ ਹੋ ਰਹੀ ਸੀ। ਸ. ਹਰਜੀਤ ਸਿੰਘ ਸੱਜਣ ਅਰਦਾਸ ਸੁਣਨ ਉਪਰੰਤ ਪਰਕਰਮਾ ਵਿੱਚ ਹੀ ਬੈਠ ਕੇ ਹੁਕਮਨਾਮਾ ਸਰਵਣ ਕੀਤਾ। ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਉਨ੍ਹਾਂ ਨੂੰ ਸਿਰੋਪਾਓ ਭੇਟ ਕੀਤਾ। ਬਾਅਦ ਵਿਚ ਉਨ੍ਹਾਂ ਅਕਾਲ ਤਖਤ ਸਾਹਿਬ ਵਿਖੇ ਵੀ ਮੱਥਾ ਟੇਕਿਆ। ਘੰਟਾਘਰ ਦੇ ਬਾਹਰ ਲਗਾਏ ਪੰਡਾਲ ਵਿਚ ਇਕ ਸਾਦੇ ਸਮਾਗਮ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ, ਜਨਰਲ ਸਕੱਤਰ ਅਮਰਜੀਤ ਸਿੰਘ ਚਾਵਲਾ ਅਤੇ ਹੋਰ ਅਹੁਦੇਦਾਰਾਂ ਵੱਲੋਂ ਸ. ਹਰਜੀਤ ਸਿੰਘ ਸੱਜਣ ਨੂੰ ਸ੍ਰੀ ਸਾਹਿਬ, ਦਰਬਾਰ ਸਾਹਿਬ ਦਾ ਸੁਨਹਿਰੀ ਮਾਡਲ, ਵਿਸ਼ੇਸ਼ ਚਾਂਦੀ ਦੀ ਤਸਤਰੀ ਤੇ ਧਾਰਮਿਕ ਪੁਸਤਕਾਂ ਦੇ ਸੈੱਟ ਨਾਲ ਸਨਮਾਨਤ ਕੀਤਾ ਗਿਆ।

ਹਰਜੀਤ ਸਿੰਘ ਸੱਜਣ ਕੜਾਹ ਪ੍ਰਸਾਦ ਲੈਂਦੇ ਹੋਏ

ਸਨਮਾਨ ਲਈ ਵਿਸ਼ੇਸ਼ ਤੌਰ ’ਤੇ ਬਣਵਾਈ ਗਈ ਤਸਤਰੀ ਉੱਪਰ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ, ਸ. ਹਰਜੀਤ ਸਿੰਘ ਸੱਜਣ ਰੱਖਿਆ ਮੰਤਰੀ ਕੈਨੇਡਾ ਨੂੰ ਸਿੱਖ ਕੌਮ ਦੀ ਵਿਲੱਖਣ ਹੋਂਦ ਹਸਤੀ ਤੇ ਪਹਿਚਾਣ ਨੂੰ ਦ੍ਰਿੜ੍ਹ ਕਰਵਾਉਣ ਅਤੇ ਉਨ੍ਹਾਂ ਵੱਲੋਂ ਸਿੱਖ ਕੌਮ ਪ੍ਰਤੀ ਕੀਤੀਆਂ ਮਹਾਨ ਸੇਵਾਵਾਂ ਦਾ ਸਨਮਾਨ ਕਰਦਿਆਂ ਖੁਸ਼ੀ ਤੇ ਮਾਣ ਮਹਿਸੂਸ ਕਰਦੀ ਹੈ’ ਲਿਖਿਆ ਹੋਇਆ ਸੀ।

ਸ. ਸੱਜਣ ਦੇ ਸਵਾਗਤ ਵਿੱਚ ਬੋਲਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸ. ਹਰਜੀਤ ਸਿੰਘ ਦਾ ਕੈਨੇਡਾ ਦੇ ਰੱਖਿਆ ਮੰਤਰੀ ਬਣਨਾ ਸਮੁੱਚੀ ਸਿੱਖ ਕੌਮ ਲਈ ਫ਼ਖਰ ਦੀ ਗੱਲ ਹੈ। ਅੱਜ ਇਹ ਆਪਣੇ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਏ ਹਨ, ਅਸੀਂ ਇਨ੍ਹਾਂ ਦਾ ਦਿਲੋਂ ਸਵਾਗਤ ਕਰਦੇ ਹਾਂ। ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿੱਚ ਮੌਜੂਦ ਵਿਜ਼ਿਟਰ ਬੁੱਕ ਵਿਚ ਸ. ਹਰਜੀਤ ਸਿੰਘ ਸੱਜਣ ਨੇ ਅੰਕਿਤ ਕੀਤਾ ਹੈ ‘ਮੇਰੀ ਸਫਲਤਾ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੈ’।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version