ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਇਤਿਹਾਸਕ ਗੁਰਦੁਆਰਾ ਸਾਹਿਬ ਦੀਆਂ ਇਮਾਰਤਾਂ ਨਾਲ ਛੇੜਖਾਨੀ ਕਰਨ ਲਈ ਜਾਣੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਹੋਰ ਮੀਲ ਪੱਥਰ ਕਾਇਮ ਕਰਦਿਆਂ ਦਰਬਾਰ ਸਾਹਿਬ ਸਥਿਤ ਤੇ ਗੁਰੂ ਕਾਲ ਤੋਂ ਬਣੇ ਅੰਮ੍ਰਿਤ ਸਰੋਵਰ ਦੇ ਅਕਾਰ ਨੂੰ ਹੀ ਛੋਟਾ ਕਰਕੇ ਇੱਕ ਨਵੀਂ ਪਰੰੰਪਰਾ ਪਾਉਣ ਦਾ ਮੁੱਢ ਬੰਨ੍ਹਣਾ ਸ਼ੁਰੂ ਕਰ ਦਿੱਤਾ ਹੈ। ਗੁਰੂ ਕੀ ਨਗਰੀ ਦੇ ਬਾਨੀ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਰਾਜ ਦੇ 484ਵੇਂ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਹਿੱਤ ਕਮੇਟੀ ਅਧਿਕਾਰੀਆਂ ਨੇ ਸਮੁਚੇ ਦਰਬਾਰ ਸਾਹਿਬ ਕੰਪਲੈਕਸ ਵਿੱਚ ਪਹਿਲੀ ਵਾਰ 4 ਲੱਖ ਸਰ੍ਹੋਂ ਦੇ ਤੇਲ ਦੇ ਦੀਵੇ ਬਾਲਣ ਦਾ ਫੈਸਲਾ ਕੀਤਾ ਹੈ।
ਇਸ ਮਕਸਦ ਦੀ ਪੂਰਤੀ ਲਈ ਦਰਬਾਰ ਸਾਹਿਬ ਕੰਪਲੈਕਸ ਦੀਆਂ ਸਮੁੱਚੀਆਂ ਇਮਾਰਤਾਂ ਅਤੇ ਵਰਾਂਡਿਆਂ ਉਪਰ ਦੀਵੇ ਸਜਾੳਣ ਲਈ ਲੋਹੇ ਦੇ ਖਾਸ ਫੱਟੇ ਲਾਉਣ ਦਾ ਪਰਬੰਧ ਕੀਤੀ ਜਾ ਰਿਹਾ ਹੈ। ਇਸਦੇ ਨਾਲ ਹੀ ਕਮੇਟੀ ਨੇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਦਾ ਸਹਿਯੋਗ ਲੈਂਦਿਆਂ ਅੰਮ੍ਰਿਤ ਸਰੋਵਰ ਦੀ ਦੱਖਣੀ ਤੇ ਪੱਛਮੀ ਪਾਸੇ ਨੂੰ ਖਾਸ ਫੱਟਿਆਂ ਰਾਹੀਂ 12 ਫੁੱਟ ਚੌੜਾ ਪਲੇਟਫਾਰਮ ਤਿਆਰ ਕਰਵਾਣਾ ਸ਼ੁਰੂ ਕਰ ਦਿੱਤਾ ਹੈ। ਇਹ ਪਲੇਟ ਫਾਰਮ ਤਿਆਰ ਕਰਨ ਲਈ ਅੰਮ੍ਰਿਤ ਸਰਵਿਰ ਦੇ ਜਲ ਨੂੰ ਘਟਾ ਕੇ ਉਸ ਪੱਧਰ ਤੀਕ ਕਰ ਦਿੱਤਾ ਗਿਆ ਹੈ ਜਿਥੋਂ ਸਰੋਵਰ ਦੀਆਂ ਛੇ ਪੌੜੀਆਂ ਨੂੰ ਬਾਕੀ ਸਰੋਵਰ ਨਾਲੋਂ ਵਿਸ਼ੇਸ਼ ਜੰਗਲੇ ਰਾਹੀਂ ਵੱਖ ਕੀਤਾ ਹੋਇਆ ਹੈ। ਇਹ ਵੀ ਜਿਕਰ ਕਰਨਾ ਜਰੂਰੀ ਹੈ ਕਿ ਸਰੋਵਰ ਅੰਦਰਲਾ ਇਹ ਜੰਗਲਾ, ਕਿਸੇ ਯਾਤਰੂ ਦਾ ਪੈਰ ਤਿਲਕ ਜਾਣ ਦੀ ਸੂਰਤ ਵਿੱਚ ਡੂੰਘੇ ਜਲ੍ਹ ਵਿੱਚ ਜਾਣ ਤੋਂ ਰੋਕਣ ਲਈ ਹੈ। ਹੁਣ ਪ੍ਰਬੰਧਕਾਂ ਵਲੋਂ ਇਸ ਜੰਗਲੇ ਦੇ ਨਾਲ ਹੀ ਸ਼ਟਰਿੰਗ ਕਰਕੇ ਇਸਦੇ ਬਰਾਬਰ ਲੋਹੇ ਦੀਆਂ ਸ਼ੀਟਾਂ ਲਾਈਆਂ ਜਾ ਰਹੀਆਂ ਹਨ ਤੇ ਸੰਗਤਾਂ ਦੇ ਇਸ਼ਨਾਨ ਲਈ ਨਾ ਮਾਤਰ ਹੀ ਜਗਾਹ ਛੱਡੀ ਜਾ ਰਹੀ ਹੈ।
ਕਮੇਟੀ ਦੀ ਇਸ ਨਵੀਂ ਵਿਉਂਤਬੰਦੀ ਨੂੰ ਪੰਥਕ ਗਲਿਆਰਿਆਂ ਵਿੱਚ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਦੁਆਰਾ ਤਿਆਰ ਕਰਵਾਏ ਅੰਮ੍ਰਿਤ ਸਰੋਵਰ ਦੇ ਅਸਲ ਸਰੂਪ ਨਾਲ ਛੇੜਛਾੜ ਵਜੋਂ ਵੇਖਿਆ ਜਾ ਰਿਹਾ ਹੈ। ਜਿਕਰ ਕਰਨਾ ਬਣਦਾ ਹੈ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਦਰਸ਼ਨ ਇਸ਼ਨਾਨ ਕਰਨ ਪੁਜੀਆਂ ਸੰਗਤਾਂ ਦੀ ਦਿਨ-ਬ-ਦਿਨ ਵਧ ਰਹੀ ਗਿਣਤੀ ਨੂੰ ਵੇਖਦਿਆਂ ਇਹ ਸੁਝਾਅ ਰੂਪੀ ਵਿਚਾਰ ਵੀ ਬਹੁਤ ਵਾਰ ਸਾਹਮਣੇ ਆਉਂਦੇ ਹਨ ਕਿ ਦਰਸ਼ਨੀ ਡਿਊੜੀ ਤੋਂ ਸਚਖੰਡ ਤੀਕ ਪੁਜਣ ਵਾਲੇ ਪੁੱਲ ਦੀ ਚੌੜਾਈ ਵਿੱਚ ਵਾਧਾ ਕਰ ਦਿੱਤਾ ਜਾਏ। ਲੇਕਿਨ ਇਹ ਸੁਝਾਅ ਹਰ ਵਾਰ ਇਹ ਕਹਿਕੇ ਰੱਦ ਕਰ ਦਿੱਤੇ ਜਾਂਦੇ ਹਨ ਕਿ ਗੁਰੂ ਸਾਹਿਬ ਦੁਆਰਾ ਆਪ ਤਿਆਰ ਕਰਵਾਏ ਸਿੱਖ ਧਰਮ ਦੇ ਕੇਂਦਰੀ ਧਰਮ ਅਸਥਾਨ ਦੀ ਇਮਾਰਤ ਵਿੱਚ ਤਬਦੀਲੀ ਦਾ ਅਧਿਕਾਰ ਕਿਸੇ ਪਾਸ ਨਹੀਂ ਹੈ।
ਹੁਣ ਸ਼੍ਰੋਮਣੀ ਕਮੇਟੀ ਨੇ ਬੜੀ ਹੀ ਚਲਾਕੀ ਨਾਲ ਦੀਪਮਾਲਾ ਦੇ ਨਾਮ ਹੇਠ ਦੀਵਿਆਂ ਦੀ ਵੱਧ ਗਿਣਤੀ ਲਈ ਜਗ੍ਹਾ ਬਨਾਉਣ ਲਈ ਅੰਮ੍ਰਿਤ ਸਰੋਵਰ ਨੂੰ ਆਰਜੀ ਤੌਰ ਤੇ ਛੋਟਾ ਕਰਨ ਦਾ ਕਾਰਜ ਸ਼ੁਰੂ ਕਰ ਦਿੱਤਾ ਹੈ। ਜੋ ਯਕੀਨਨ ਆਣ ਵਾਲੇ ਸਮੇਂ ਵਿੱਚ ਸਿੱਖ ਧਰਮ ਦੀ ਆਸਥਾ ਦੇ ਇਸ ਕੇਂਦਰੀ ਅਸਥਾਨ ਨਾਲ ਛੇੜਛਾੜ ਦਾ ਰਾਹ ਖੋਹਲਣਾ ਹੋਵੇਗਾ।