ਅੰਮ੍ਰਿਤਸਰ, (ਨਰਿੰਦਰਪਾਲ ਸਿੰਘ): ਸ਼੍ਰੋਮਣੀ ਕਮੇਟੀ ਪ੍ਰਬੰਧ ਹੇਠਲੇ ਗੁਰਧਾਮਾਂ ਤੇ ਵਿਸ਼ੇਸ਼ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਢਾਡੀ ਪ੍ਰੰਪਰਾ ਦੀ ਸੇਵਾ ਨਿਭਾਅ ਰਹੇ ਢਾਡੀਆਂ ਦੀ ਜਥੇਬੰਦੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸ਼੍ਰੋਮਣੀ ਢਾਡੀ ਸਭਾ ਨੇ ਸ਼੍ਰੋਮਣੀ ਕਮੇਟੀ ਪਰਧਾਨ ਗੋਬਿੰਦ ਸਿੰਘ ਲੋਂਗੋਵਾਲ ਪਾਸੋਂ ਮੰਗ ਕੀਤੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਮੁਖ ਗ੍ਰੰਥੀ ਗਿਆਨੀ ਗੁਰਮੁਖ ਸਿੰਘ ਨੂੰ ਇਥੋਂ ਤੁਰੰਤ ਤਬਦੀਲ ਕਰ ਦਿੱਤਾ ਜਾਏ। ਇਹ ਫੈਸਲਾ ਢਾਡੀ ਸਭਾ ਦੀ ਇਥੇ ਸਭਾ ਦੇ ਪ੍ਰਧਾਨ ਜਥੇਦਾਰ ਬਲਦੇਵ ਸਿੰਘ ਐਮ.ਏ. ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਦੀ ਅਗਵਾਈ ਵਿੱਚ ਹੋਈ ਇੱਕ ਵਿਸ਼ੇਸ਼ ਇੱਕਤਰਤਾ ਵਿੱਚ ਲਿਆ ਗਿਆ।
ਢਾਡੀ ਸਭਾ ਨੇ ਸ਼੍ਰੋਮਣੀ ਕਮੇਟੀ ਨੂੰ ਲਿਿਖਆ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਸਿੱਖ ਜਗਤ ਦਾ ਮਹਾਨ ਤਖਤ ਹੈ ਜਿਸਦੀ ਸਿਰਜਨਾ ਮੀਰੀ ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਪਾਤਸ਼ਾਹ ਨੇ ਕੀਤੀ। ਇਸ ਤਖਤ ਦੀ ਮਾਣ ਮਰਿਆਦਾ ਤੇ ਆਨ ਸ਼ਾਨ ਨੂੰ ਬਹਾਲ ਰੱਖਣ ਅਤੇ ਇਥੋਂ ਹੋਏ ਹੁਕਮਾਂ ’ਤੇ ਮਨ ਬਚਨ ਕਰਮ ਕਰਕੇ ਫੁਲ ਚੜਾਉਣ ਲਈ ਬਾਬਾ ਦੀਪ ਸਿੰਘ, ਬਾਬਾ ਗੁਰਬਖਸ਼ ਸਿੰਘ ਅਤੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਅਗਵਾਈ ਹੇਠ ਅਨਗਿਣਤ ਗੁਰਸਿੱਖਾਂ ਨੇ ਸ਼ਹੀਦੀ ਜਾਮ ਪੀਤੇ।
ਢਾਡੀ ਸਭਾ ਨੇ ਦੱਸਿਆ ਹੈ ਕਿ ਸਿੱਖ ਪੰਥ ਦੀ ਅਜਾਦ ਹੋਂਦ ਹਸਤੀ ਦੇ ਪ੍ਰਤੀਕ ਅਕਾਲ ਤਖਤ ਸਾਹਿਬ ਦੀ ਸੇਵਾ ਵਿੱਚ ਉਹੀ ਲੋਕ ਆਉਣੇ ਬਣਦੇ ਹਨ ਜੋ ਗੁਰੂ ਦੀ ਭੈਅ ਭਾਵਨੀ ਵਿੱਚ ਵਿਚਰਦਿਆਂ ਇਸ ਮਾਹਨ ਅਸਥਾਨ ਦੀ ਸੋਭਾ ਨੂੰ ਸੰਸਾਰ ਵਿੱਚ ਵਧਾਉਣ ਦੇ ਸਮਰੱਥ ਹੋਣ। ਪਰ ਸਾਲ 2015 ਤੋਂ ਨਿਰੰਤਰ ਆਪਣੇ ਬੋਲਾਂ ਰਾਹੀਂ ਫੋਕੀ ਸ਼ੋਹਰਤ ਤੇ ਨਿੱਜ ਖਾਤਿਰ ਸਿੱਖ ਪੰਥ ਅੰਦਰ ਮਜਾਕ ਦਾ ਪਾਤਰ ਬਣੇ ਗੁਰਮੁਖ ਸਿੰਘ ਨਾਮ ਦੇ ਮੁਖ ਗ੍ਰੰਥੀ ਨੂੰ ਇਥੋਂ ਤਬਦੀਲ ਕੀਤਾ ਗਿਆ ਸੀ ਪਰ ਉਹ ਫਿਰ ਵਾਪਿਸ ਹਾਜਰ ਹੋ ਗਏ ਹਨ।
ਢਾਡੀ ਸਭਾ ਨੇ ਪ੍ਰਧਾਨ ਲੋਂਗੋਵਾਲ ਨੂੰ ਯਾਦ ਕਰਵਾਇਆ ਹੈ ਕਿ ਅਸੀਂ ਸਿਆਸੀ ਇੱਛਾ ਸ਼ਕਤੀ ਦੀ ਪੂਰਤੀ ਲਈ ਇਸ ਮਹਾਨ ਤਖਤ ਦੀ ਮਾਣ ਮਰਿਆਦਾ ਨੂੰ ਢਾਹ ਲਾਣ ਦੇ ਪਾਤਰ ਨਾ ਬਣੀਏ। ਸਭਾ ਨੇ ਮੰਗ ਕੀਤੀ ਹੈ ਕਿ ਗਿਆਨੀ ਗੁਰਮੁਖ ਸਿੰਘ ਨੂੰੁ ਅਕਾਲ ਤਖਤ ਸਾਹਿਬ ਦੇ ਮੁਖ ਗ੍ਰੰਥੀ ਦੇ ਅਹੁਦੇ ਤੋਂ ਤੁਰਤ ਤਬਦੀਲ ਕਰ ਦਿੱਤਾ ਜਾਵੇ।