Site icon Sikh Siyasat News

ਪੰਜਾਬ ਦੇ ਮਸਲਿਆਂ ਬਾਰੇ ਖਬਰਖਾਨੇ ਦੀ ਸੌੜੀ ਪਹੁੰਚ ਦੀ ਚੰਡੀਗੜ੍ਹ ‘ਚ ਹੋਈ ਫਰੋਲਾ-ਫਰੋਲੀ

ਚੰਡੀਗੜ੍ਹ: ਬੀਤੀ 9 ਜਨਵਰੀ ਨੂੰ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਅਤੇ ਰੇਡੀੳ ਵਾਇਸ ਆਫ ਖਾਲਸਾ ਵਲੋਂ ਮੀਡੀਏ ਖਬਰਖਾਨੇ ਦੀਆਂ ਨਜਰਾਂ ਵਿਚ ਪੰਜਾਬ ਵਿਸ਼ੇ ਉੱਤੇ ਸੈਮੀਨਾਰ ਕਰਵਾਇਆ ਗਿਆ। ਖਬਰਖਾਨੇ ਦੀਆਂ ਨਜਰਾਂ ਵਿਚ ਪੰਜਾਬ ਵਿਸ਼ੇ ਉੱਤੇ ਕਰਵਾਏ ਗਏ ਸੈਮੀਨਾਰ ਵਿਚ ਪਟਿਆਲੇ ਤੋਂ ਲੋਕਸਭਾ ਮੈਂਬਰ ਡਾ.ਧਰਮਵੀਰ ਗਾਂਧੀ, ਸਿੱਖ ਵਿਦਵਾਨ ਸ.ਗੁਰਤੇਜ ਸਿੰਘ, ਪੱਤਰਕਾਰ ਸ.ਸੁਖਦੇਵ ਸਿੰਘ,ਸਿੱਖ ਚਿੰਤਕ ਸ.ਰਾਜਵਿੰਦਰ ਸਿੰਘ ਰਾਹੀ, ਪੱਤਰਕਾਰ ਸ.ਜਸਪਾਲ ਸਿੰਘ ਸਿੱਧੂ, ਪਹਿਰੇਦਾਰ ਅਖਬਾਰ ਦੇ ਸੰਪਾਦਕ ਸ.ਜਸਪਾਲ ਸਿੰਘ ਹੇਰਾਂ, ਪੱਤਰਕਾਰ ਬੀਬੀ ਹਰਸ਼ਰਨ ਕੌਰ, ਅਤੇ ਪੱਤਰਕਾਰ ਸ.ਜਸਪਾਲ ਸਿੰਘ ਸਿੱਧੂ ਨੇ ਆਪਣੇ ਵਿਚਾਰ ਰੱਖੇ।

ਇਸ ਮੌਕੇ ਬੋਲਦਿਆਂ ਡਾ ਧਰਮਵੀਰ ਗਾਂਧੀ ਨੇ ਪੰਜਾਬ ਦੇ ਮਸਲਿਆਂ ਪ੍ਰਤੀ ਖਬਰਖਾਨੇ ਦੀ ਸੌੜੀ ਸਮਝ ਬਾਰੇ ਬੋਲਦਿਆਂ ਕਿਹਾ ਕਿ “ਖਬਰਖਾਨਾ ਪੰਜਾਬ ਦੇ ਰਾਜਸੀ, ਆਰਥਕ ਅਤੇ ਸਿਆਸੀ ਪੱਧਰ ਉੱਤੇ ਵਿਗੜੇ ਹਾਲਾਤਾਂ ਨੂੰ ਇੱਕ ਹਿੰਦੂ-ਸਿੱਖ ਪਾੜੇ ਵਜੋਂ ਦਰਸਾ ਕੇ ਭਾਰਤੀ ਰਾਜ ਦੀਆਂ ਨੀਤੀਆਂ ਦਾ ਦਮ ਭਾਰਦਾ ਹੈ “

” ਜੇ ਪੰਜਾਬ ਸਿੱਖਾਂ ਦੀ ਕਰਮਭੋਇਂ ਹੈ ਤਾਂ ਹਿੰਦੂ, ਮੁਸਲਮਾਨ ਅਤੇ ਹੋਰ ਪੰਜਾਬੀ ਆਪਣੀ ਬੋਲੀ, ਸਭਿਆਚਾਰ ਅਤੇ ਤਰਜ਼-ਏ-ਜ਼ਿੰਦਗੀ ਤੋਂ ਮੂੰਹ ਨਹੀਂ ਮੋੜ ਸਕਦੇ, ਪੰਜਾਬ ਦੇ ਇਤਿਹਾਸ ਵਿਚਲੀ ਸਾਂਝੀਵਾਲਤਾ ਲਹਿੰਦੇ ਪੰਜਾਬ ਨੂੰ ਵੀ ਨਾਲ ਜੋੜਦੀ ਹੈ”

ਡਾ ਗਾਂਧੀ ਨੇ ਕਿਹਾ ਕਿ “ਇਸ ਵਿਚ ਕੋਈ ਸ਼ੱਕ ਨਹੀਂ, ਕਾਂਗਰਸ, ਭਾਜਪਾ ਅਤੇ ਖਾਸ ਕਰਕੇ ਪੰਜਾਬੀ ਹਿੰਦੂ ਲੀਡਰਾਂ ਨੇ ਆਪਣੀ ਵਫਾਦਾਰੀ ਪੰਜਾਬ ਦੀ ਥਾਵੇਂ ਯਮਨਾ ਪਾਰਲੇ ਰਾਸ਼ਟਰਵਾਦੀਆਂ ਨਾਲ ਦਿਖਾਈ”

ਡਾ ਧਰਮਵੀਰ ਗਾਂਧੀ ਇਸ ਸੈਮੀਨਾਰ ਮੌਕੇ ਆਪਣੇ ਵਿਚਾਰ ਪੇਸ਼ ਕਰਦੇ ਹੋਏ।

ਸੈਮੀਨਾਰ ਵਿਚ ਸ.ਗੁਰਤੇਜ ਸਿੰਘ, ਸਾਬਕਾ ਆਈ ਏ ਐਸ ਨੇ ਕਿਹਾ ਕਿ ਖਬਰਖਾਨੇ ਨੇ ਸਿੱਖਾਂ ਨੂੰ ਦੇਸ਼-ਵਿਦੇਸ਼ ਵਿਚ “ਅੱਤਵਾਦੀ” ਅਤੇ “ਫਿਰਕੂ” ਵਜੋਂ ਪੇਸ਼ ਕੀਤਾ, ਜਦੋਂ ਕਿ ਕਨਿਸ਼ਕਾ ਹਵਾਈ ਜਹਾਜ਼ ਕਾਂਡ ਵਿਚ ਸ਼ੱਕ ਦੀ ਸੂਈ ਭਾਰਤ ਦੀਆਂ ਸੂਹੀਆਂ ਏਜੰਸੀਆਂ ਉਤੇ ਜਾ ਟਿਕੀ ਸੀ, ਜਿਸ ਵਿਚ 300 ਜਣਿਆਂ ਦੀ ਮੌਤ ਹੋ ਗਈ ਸੀ।

ਸ.ਗੁਰਤੇਜ ਸਿੰਘ ਇਸ ਸੈਮੀਨਾਰ ਮੌਕੇ ਆਪਣੇ ਵਿਚਾਰ ਪੇਸ਼ ਕਰਦੇ ਹੋਏ।

ਸੀਨੀਅਰ ਪੱਤਰਕਾਰ ਸੁਖਦੇਵ ਸਿੰਘ ਨੇ ਕਿਹਾ “ਕਿ ਅਕਾਲੀ ਧਰਮ ਯੁੱਧ ਮੋਰਚੇ ਨੂੰ ਮੀਡੀਆ ਨੇ ਜਾਣ ਬੁੱਝ ਕੇ ਗਲਤ ਰੰਗਤ ਦਿੱਤੀ। ਰਾਜ ਦੇ ਹੱਕ ਵਿਚ ਭੁਗਤਦਿਆਂ ਖਬਰਖਾਨੇ ਸਿੱਖਾਂ ਦੇ ਸ਼ਾਂਤਮਈ ਰੋਸ ਨੂੰ ਵੀ ਹਿੰਸਕ ਬਣਾ ਕੇ ਪੇਸ਼ ਕੀਤਾ।

ਸਮਾਗਮ ਮੌਕੇ ਹਾਜਰ ਸਰੋਤਿਆਂ ਦੀ ਤਸਵੀਰ।

ਪਹਿਰੇਦਾਰ ਅਖਬਾਰ ਦੇ ਸੰਪਾਦਕ ਜਸਪਾਲ ਸਿੰਘ ਹੇਰਾਂ ਨੇ ਕਿਹਾ ਕਿ ਖਬਰਖਾਨਾ ਸਿੱਖਾਂ ਦੇ ਨਾਂ ਨਾਲ ਜਦੋਂ ਜੀਅ ਕਰੇ ਅੱਤਵਾਦੀ ਸ਼ਬਦ ਜੋੜ ਦਿੰਦਾ ਹੈ, ਪਰ ਜਦੋ ਗਾਈਆਂ ਦੀ ਰੱਖਿਆ ਦੇ ਨਾਂ ਉਤੇ ਘੱਟ ਗਿਣਤੀਆਂ ਦਾ ਬੇਰਹਿਮੀ ਨਾਲ ਕਤਲ ਕੀਤਾ ਜਾਂਦਾ ਹੈ ਉਦੋਂ ਮੀਡੀਆ ਅਜਿਹਾ ਕਰਨ ਦੀ ਜੁਰਅੱਤ ਨਹੀਂ ਕਰਦਾ।

ਸ. ਗੁਰਬਚਨ ਸਿੰਘ ਨੇ ਕਿਹਾ ਕਿ ਮੀਡੀਆ ਆਪਣੇ ਮੁਨਾਫੇ ਦੀ ਖਾਤਰ ਕੇਂਦਰੀ ਹਾਕਮਾਂ ਦੇ ਇਸ਼ਾਰਿਆਂ ਉਤੇ ਚੱਲਦਾ ਹੋਇਆ ਘੱਟ ਗਿਣਤੀਆਂ ਅਤੇ ਦਲਿਤਾਂ ਦੇ ਅਕਸ ਨੂੰ ਵਿਗਾੜਦਾ ਹੈ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਦੀ ਸਹੀ ਪੇਸ਼ਕਾਰੀ ਨਹੀਂ ਕਰਦਾ।

ਪੱਤਰਕਾਰ ਬੀਬੀ ਹਰਸ਼ਰਨ ਕੌਰ ਨੇ ਖਬਰਖਾਨੇ ਵਿਚ ਕਾਰਜ ਕਰਦਿਆਂ ਆਪਣਾ ਤਜ਼ਰਬਾ ਸਾਂਝਾ ਕੀਤਾ ਕਿ ਟੀ.ਵੀ ਚੈਨਲਾਂ ਉੱਤੇ ਕਿਸ ਤਰੀਕੇ ਨਾਲ ਰਾਜ ਦੇ ਸੁਭਾਅ ਮੁਤਾਬਕ ਸੂਚਨਾਵਾਂ ਦੀ ਕੱਟ ਵੱਢ ਕੀਤੀ ਜਾਂਦੀ ਹੈ।ਦਿੱਲੀ ਵਿਚ ਹੋਈ ਸਿੱਖ ਨਸਲਕੁਸ਼ੀ ਨੂੰ ਹਾਲੇ ਵੀ ਸਿੱਖ ਵਿਰੋਧੀ ਦੰਗੇ ਕਿਹਾ ਜਾਂਦਾ ਹੈ।

ਪੱਤਰਕਾਰ ਬੀਬੀ ਹਰਸ਼ਰਨ ਕੌਰ ਇਸ ਸੈਮੀਨਾਰ ਮੌਕੇ ਆਪਣੇ ਵਿਚਾਰ ਪੇਸ਼ ਕਰਦੇ ਹੋਏ।

ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਨੇ ਪੱਤਰਕਾਰੀ ਦੇ ਆਪਣੇ ਲੰਬੇ ਤਜ਼ਰਬੇ ਵਿਚੋਂ ਸਰੋਤਿਆਂ ਨਾਲ ਕਈਂ ਗੱਲਾਂ ਸਾਂਝੀਆਂ ਕੀਤੀਆਂ।

ਸਿੱਖ ਇਤਿਹਾਸਕਾਰ ਰਾਜਵਿੰਦਰ ਸਿੰਘ ਰਾਹੀ ਨੇ ਕਿਹਾ ਕਿ “ਖੱਬੇ ਪੱਖੀਆਂ ਨਾਲ ਜੁੜੇ ਮੀਡੀਆ ਨੇ ਸਿੱਖਾਂ ਦੇ ਮਸਲਿਆਂ ਨੂੰ ਕੇਂਦਰੀ ਹਾਕਮਾਂ ਵਾਲੇ ਰਾਸ਼ਟਰਵਾਦੀ ਨਜ਼ਰੀਏ ਤੋਂ ਹੀ ਪੇਸ਼ ਕੀਤਾ ਅਤੇ ਸਿੱਖਾਂ ਨੂੰ ਦੇਸ਼ਖ਼ਧ੍ਰੋਹੀ ਅਤੇ ਖਾਲਿਸਤਾਨ ਦੇ ਮੁਦਈ ਦੱਸਦਿਆਂ ਸਿੱਖ ਭਾਈਚਾਰੇ ਉਤੇ ਦਿੱਲੀ ਰਾਹੀਂ ਹੋ ਰਹੇ ਤਸ਼ੱਦਦ ਦਾ ਸਾਥ ਦਿੱਤਾ।

ਵਾਇਸ ਆਫ ਖਾਲਸਾ ਟੀ.ਵੀ ਦੇ ਸੀ.ਈ.ਓ. ਸੁਖਵਿੰਦਰ ਸਿੰਘ ਨੇ ਕਿਹਾ ਕਿ ਬਿਜਲ ਸੱਥਾਂ ਰਾਹੀਂ ਵੀ ਗਲਤ ਅਤੇ ਸਿੱਖ ਵਿਰੋਧੀ ਸੂਚਨਾਵਾਂ ਨੂੰ ਪ੍ਰਸਾਰਿਤ ਕੀਤਾ ਜਾ ਰਿਹਾ ਹੈ।

ਇਸ ਮੌਕੇ ਉਤੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਜਨਰਲ ਸਕੱਤਰ ਖੁਸ਼ਹਾਲ ਸਿੰਘ ਅਤੇ ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version