Site icon Sikh Siyasat News

ਮਸਤੂਆਣਾ ਸਾਹਿਬ ਵਿਖੇ ਜਲ ਸੰਭਾਲ ਵਿਚਾਰ ਗੋਸ਼ਟੀ 29 ਮਈ ਨੂੰ

ਚੰਡੀਗੜ੍ਹ –  ਕਈ ਦਿਨਾਂ ਤੋਂ ਪੰਜਾਬ ਦੇ ਵੱਖ-ਵੱਖ ਖਿੱਤਿਆਂ ‘ਚੋਂ ਪਾਣੀ ਨਾਲ ਸੰਬੰਧਿਤ ਸਮੱਸਿਆਵਾਂ ਪਾਠਕਾਂ ਤੱਕ ਅਖ਼ਬਾਰਾਂ ਅਤੇ ਹੋਰ ਮਾਧਿਅਮਾਂ ਰਾਹੀਂ ਲਗਾਤਾਰ ਪਹੁੰਚ ਰਹੀਆਂ ਹਨ। ਇਹ ਸਮੱਸਿਆਵਾਂ ਮੁੱਖ ਤੌਰ ਤੇ ਧਰਤੀ ਹੇਠਲੇ ਪਾਣੀ ਦਾ ਪੱਧਰ ਡਿੱਗਣ, ਪੀਣਯੋਗ ਪਾਣੀ ਦੀ ਥੁੜ, ਨਹਿਰੀ ਪਾਣੀ ਜ਼ਹਿਰੀਲਾ ਹੋਣ ਅਤੇ ਪੰਜਾਬ ਦੇ ਦਰਿਆਈ ਪਾਣੀਆਂ ਨਾਲ ਸੰਬੰਧਿਤ ਹਨ। ਇਨ੍ਹਾਂ ਖਬਰਾਂ ਨੂੰ ਪੜ੍ਹਦਿਆਂ-ਸੁਣਦਿਆਂ ਪਿਛਲੇ ਸਮੇਂ ਚ ਚਿੰਤਕਾਂ ਵੱਲੋਂ ਪ੍ਰਗਟਾਏ ਖਦਸ਼ੇ ਹਕੀਕਤ ‘ਚ ਬਦਲਦੇ ਨਜ਼ਰ ਆਉਂਦੇ ਹਨ। ਸਮਾਂ ਮੰਗ ਕਰਦਾ ਹੈ ਕਿ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਜਾਗਰੂਕ ਹੋਇਆ ਜਾਵੇ ਅਤੇ ਫੌਰੀ ਤੌਰ ਤੇ ਕਾਰਜਸ਼ੀਲ ਹੋਣ ਲਈ ਇੱਕਜੁਟ ਹੋਇਆ ਜਾਵੇ। ਖੇਤੀਬਾੜੀ ਅਤੇ ਵਾਤਾਵਰਣ ਜਾਗਰੂਕਤਾ ਕੇਂਦਰ ਵੱਲੋਂ ਅਕਾਲ ਕਾਲਜ ਕੌਂਸਲ ਅਤੇ ਸਿੱਖ ਜਥਾ ਮਾਲਵਾ ਦੇ ਸਹਿਯੋਗ ਨਾਲ ਇਸ ਸਬੰਧੀ ਇੱਕ ਇਕੱਤਰਤਾ 29 ਮਈ ਨੂੰ ਸਵੇਰੇ 10:30 ਵਜੇ ਬੀ ਐੱਡ ਕਾਲਜ, ਮਸਤੂਆਣਾ ਸਾਹਿਬ ਵਿਖੇ ਸੱਦੀ ਗਈ ਹੈ। ਇਕੱਤਰਤਾ ਦੌਰਾਨ ਸਮੱਸਿਆਵਾਂ ਦੀ ਅਜੋਕੀ ਸਥਿਤੀ, ਕਾਰਨ ਅਤੇ ਹੱਲ ਵਿਚਾਰੇ ਜਾਣਗੇ।

ਜ਼ਿਕਰਯੋਗ ਹੈ ਕਿ ਸੰਗਰੂਰ ਪੰਜਾਬ ਦਾ ਧਰਤੀ ਹੇਠਲਾ ਪਾਣੀ ਕੱਢਣ ਵਾਲਾ ਸਭ ਤੋਂ ਵੱਧ ਅਤਿ-ਸ਼ੋਸ਼ਿਤ ਬਲਾਕ ਹੈ। ਇਸ ਕਰਕੇ ਮਸਤੂਆਣਾ ਸਾਹਿਬ ਵਿਖੇ ਹੋ ਰਹੀ ਇਹ ਵਿਚਾਰ ਗੋਸ਼ਟੀ ਹੋਰ ਵੀ ਅਹਿਮ ਹੋ ਜਾਂਦੀ ਹੈ। ਇਸ ਵਿਚਾਰ ਗੋਸ਼ਟੀ ਦੌਰਾਨ ਨਾਮੀਂ ਉੱਦਮੀ ਕਿਸਾਨ ਵੀਰ, ਸਮਾਜ ਸੇਵੀ, ਪੰਥਕ ਸਖਸ਼ੀਅਤਾਂ ਅਤੇ ਕੇਂਦਰ ਦੇ ਖੋਜਾਰਥੀ ਸ਼ਿਰਕਤ ਕਰਨਗੇ। ਜਾਗਰੂਕਤਾ ਕੇਂਦਰ ਵੱਲੋਂ ਸਮੂਹ ਪੰਜਾਬ ਦਰਦੀਆਂ ਨੂੰ ਇਸ ਗੋਸ਼ਟੀ ’ਚ ਸ਼ਮੂਲੀਅਤ ਕਰਨ ਲਈ ਖੁੱਲਾ ਸੱਦਾ ਦਿੱਤਾ ਗਿਆ ਹੈ। ਇਹ ਵੀ ਜ਼ਿਕਰਯੋਗ ਹੈ ਕਿ ਜਾਗਰੂਕਤਾ ਕੇਂਦਰ ਦੇ ਝੋਨਾ ਘਟਾਉਣ, ਬਰਸਾਤੀ ਪਾਣੀ ਦੀ ਸਾਂਭ ਸੰਭਾਲ ਅਤੇ ਝਿੜੀਆਂ ਲਗਾਉਣ ਦੇ ਉੱਦਮਾਂ ਨੂੰ ਪੰਜਾਬ ਵਾਸੀਆਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version