Site icon Sikh Siyasat News

ਖਤਰੇ ਦੀ ਕਗਾਰ ਤੇ ਪਹੁੰਚੇ ਪੰਜਾਬ ਦੇ ਪਾਣੀ ਦੀ ਸਾਂਭ-ਸੰਭਾਲ ਸੰਬੰਧੀ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਗੋਸ਼ਟੀ 21 ਮਈ ਨੂੰ

ਚੰਡੀਗੜ੍ਹ – ਪੰਜਾਬ ਦਾ ਜ਼ਮੀਨਦੋਜ਼ ਪਾਣੀ ਤੇਜੀ ਨਾਲ ਖਤਮ ਹੋ ਰਿਹਾ ਹੈ। ਸੂਬੇ ਦੇ 80% ਬਲਾਕਾਂ ਵਿਚੋਂ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਅਤਿ-ਤੇਜੀ ਨਾਲ ਹੇਠਾਂ ਡਿੱਗ ਰਿਹਾ ਹੈ । ਇਸੇ ਰਫਤਾਰ ਨਾਲ ਪੰਜਾਬ ਦਾ ਜ਼ਮੀਨ ਹੇਠਲਾ ਪਾਣੀ ਅਗਲੇ ਕਰੀਬ ਡੇਢ ਦਹਾਕੇ ਵਿਚ ਮੁੱਕ ਜਾਣ ਦਾ ਅਨੁਮਾਨ ਹੈ। ਅਜਿਹੇ ਵਿਚ ਸਾਨੂੰ ਪਾਣੀ ਦੀ ਖਪਤ ਘਟਾਉਣ ਅਤੇ ਪਾਣੀ ਦੀ ਸੰਭਾਲ ਕਰਨ ਦੀ ਫੌਰੀ ਲੋੜ ਹੈ ਤਾਂ ਕਿ ਪੰਜਾਬ ਦੀ ਬਰਬਾਦੀ ਦੀ ਰਫ਼ਤਾਰ ਨੂੰ ਠੱਲਿਆ ਜਾ ਸਕੇ। ਪੰਜਾਬ ਚ ਪਾਣੀ ਦੇ ਇਸ ਸੰਕਟ ਨੂੰ ਮਹਿਸੂਸ ਕਰਦਿਆਂ ਪਿਛਲੇ ਵਰ੍ਹੇ ਤੋਂ ਖੇਤੀਬਾੜੀ ਅਤੇ ਵਾਤਾਵਰਣ ਕੇਂਦਰ ਵੱਲੋਂ ਪਾਣੀ ਦੀ ਸਾਂਭ ਸੰਭਾਲ ਲਈ ਅਨੇਕਾਂ ਯਤਨ ਕੀਤੇ ਜਾ ਰਹੇ ਹਨ। ਝੋਨੇ ਹੇਠ ਰਕਬਾ ਘਟਾਉਣ, ਝਿੜੀਆਂ ਲਗਾਉਣ ਅਤੇ ਬਰਸਾਤੀ ਪਾਣੀ ਦੀ ਸਾਂਭ-ਸੰਭਾਲ ਵਰਗੇ ਉੱਦਮਾਂ ਨੂੰ ਪੰਜਾਬ ਵਾਸੀਆਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ।

21 ਮਈ ਨੂੰ ਕੇਂਦਰ ਵੱਲੋਂ ਕਾਨਫਰੰਸ ਹਾਲ, ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਜਲ ਸੰਭਾਲ ਗੋਸ਼ਟੀ ਦਾ ਆਯੋਜਨ ਕੀਤਾ ਗਿਆ ਹੈ। ਜਾਗਰੂਕਤਾ ਕੇਂਦਰ ਦੇ ਖੋਜਾਰਥੀ ਸ. ਮਲਕੀਤ ਸਿੰਘ ਬਸੰਤਕੋਟ, ਪ੍ਰੋ. ਹਰਬੀਰ ਕੌਰ ਅਤੇ ਪ੍ਰੋ. ਸੁਖਜੀਤ ਸਿੰਘ ਪੰਜਾਬ ਦੇ ਜਲ ਸੰਕਟ ਨਾਲ ਸੰਬੰਧਿਤ ਵੱਖ ਵੱਖ ਨੁਕਤਿਆਂ ਤੇ ਸਰੋਤਿਆਂ ਨਾਲ ਗੱਲਬਾਤ ਕਰਨਗੇ। ਇਸ ਗੋਸ਼ਟੀ ‘ਚ ਉੱਦਮੀ ਕਿਸਾਨ ਵੀਰ, ਸਮਾਜ ਸੇਵੀ, ਨੌਜੁਆਨ ਜਥੇਬੰਦੀਆਂ, ਕਿਸਾਨ ਜਥੇਬੰਦੀਆਂ, ਵਿਦਿਆਰਥੀ ਜਥੇਬੰਦੀਆਂ ਅਤੇ ਨਾਮੀ ਪੰਥਕ ਸਖਸ਼ੀਅਤਾਂ ਸ਼ਿਰਕਤ ਕਰ ਰਹੀਆਂ ਹਨ। ਜਾਗਰੂਕਤਾ ਕੇਂਦਰ ਵੱਲੋਂ ਸਮੂਹ ਪੰਜਾਬ ਦਰਦੀਆਂ ਨੂੰ ਇਸ ਗੋਸ਼ਟੀ ਚ ਸ਼ਮੂਲੀਅਤ ਕਰਨ ਲਈ ਖੁੱਲਾ ਸੱਦਾ ਦਿੱਤਾ ਗਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version