Site icon Sikh Siyasat News

ਧਰਤੀ ਹੇਠਲੇ ਪਾਣੀ ਨੂੰ ਪਲੀਤ ਹੋਣ ਤੋਂ ਬਚਾਉਣ ਲਈ ਲੋਕਾਂ ਵੱਲੋਂ ਜੀਰਾ ਬੰਦ ਨੂੰ ਭਰਵਾਂ ਹੁੰਗਾਰਾ

ਜੀਰੇ ਨੇੜੇ ਮੈਲਬਰੋਸ ਫੈਕਟਰੀ ਦੇ ਬਾਹਰ ਲੱਗਾ ਧਰਨਾ ਪੰਜਾਬ ਦੇ ਭਵਿੱਖ ਲਈ ਬਹੁਤ ਅਹਿਮ ਹੈ ਪਰ ਇਸ ਦੀ ਚਰਚਾ ਇਸ ਦੀ ਅਹਿਮੀਅਤ ਨਾਲੋਂ ਘੱਟ ਹੋ ਰਹੀ ਹੈ। ਕਿਸੇ ਪ੍ਰਮੁੱਖ ਖਬਰਖਾਨੇ ਨੇ ਅਜੇ ਇਸ ਨੂੰ ਬਣਦੀ ਥਾਂ ਨਹੀਂ ਦਿੱਤੀ।

ਜੀਰਾ ਬੰਦ ਨੂੰ ਭਰਵਾਂ ਹੁੰਗਾਰਾ

ਉਕਤ ਸ਼ਰਾਬ ਕਾਰਖਾਨੇ ਦੇ ਬਾਹਰ ਲੱਗੇ ਧਰਨੇ ਦੇ ਪ੍ਰਬੰਧਕਾਂ ਵੱਲੋਂ ਬੀਤੇ ਦਿਨ 20 ਅਗਸਤ 2022 ਨੂੰ ਦਿੱਤੇ ਗਏ ਜੀਰਾ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ।


ਧਰਨਾ ਕਿਉਂ ਲੱਗਾ ਹੈ?
ਕੁਝ ਕੁ ਹਫਤੇ ਪਹਿਲਾ ਜੀਰੇ ਨੇੜਲੇ ਪਿੰਡ ਮਹੀਆਂ ਵਾਲਾ ਵਿਖੇ ਇਸ ਧਾਰਮਿਕ ਸਥਾਨ ਉੱਤੇ ਪਾਣੀ ਵਾਲਾ ਬੋਰ ਕੀਤਾ ਗਿਆ ਤਾਂ ਉਸ ਵਿਚੋਂ ਸ਼ਰਾਬ/ਲਾਹਣ ਨਿੱਕਲ ਆਈ। ਪਹਿਲਾ ਵੀ ਇਸ ਇਲਾਕੇ ਵਿਚ ਲੋਕਾਂ ਦੇ ਘਰਾਂ ਲਈ ਕੀਤੇ ਜਾਂਦੇ ਬੋਰਾਂ ਵਿਚ ਅਜਿਹਾ ਹੋ ਜਾਂਦਾ ਸੀ। ਪਰ ਇਸ ਵਾਰ ਧਾਰਮਿਕ ਸਥਾਨ ਦਾ ਬੋਰ ਹੋਣ ਕਰਕੇ ਮਸਲਾ ਭਖ ਗਿਆ। ਸਥਾਨ ਲੋਕਾਂ ਦਾ ਕਹਿਣਾ ਹੈ ਕਿ ਜੀਰੇ ਦੀ ਇਕ ਸ਼ਰਾਬ ਫੈਕਟਰੀ ਵੱਲੋਂ ਰਸਾਇਣਾਂ ਨਾਲ ਦੂਸ਼ਿਤ ਬੋਰ ਕਰਕੇ ਪਾਣੀ ਜਮੀਨ
ਹੇਠ ਪਾਇਆ ਜਾ ਰਿਹਾ ਹੈ ਜਿਸ ਕਾਰਨ ਇਥੇ ਧਰਤੀ ਹੇਠਲਾ ਪਾਣੀ ਪਲੀਤ ਹੋ ਰਿਹਾ ਹੈ।

ਧਰਤੀ ਪਾਣੀ ਦਾ ਮਸਲਾ:
ਪੰਜਾਬ ਲਈ ਧਰਤੀ ਹੇਠਲਾ ਪਾਣੀ ਬਹੁਤ ਅਹਿਮ ਹੈ, ਕਿੳਂਕਿ
੧. ਸੂਬੇ ਦੇ ਦਰਿਆਈ ਪਾਣੀ ਦਾ ਵੱਡਾ ਹਿੱਸਾ ਗੈਰ-ਰਿਪੇਰੀਅਨ ਸੂਬਿਆਂ ਨੂੰ ਜਾ ਰਿਹਾ ਹੈ। ਜਿਸ ਕਾਰਨ ਪੰਜਾਬ ਨੂੰ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਧਰਤੀ ਹੇਠਲਾ ਪਾਣੀ ਵਰਤਣਾ ਪੈ ਰਿਹਾ ਹੈ।
੨. ਪੰਜਾਬ ਦਾ ਧਰਤੀ ਹੇਠਲੇ ਜਲ ਦਾ ਭੰਡਾਰ ਬਹੁਤ ਤੇਜੀ ਨਾਲ ਖਤਮ ਹੋ ਰਿਹਾ ਹੈ ਅਤੇ ਮਾਹਿਰਾਂ ਮੁਤਾਬਿਕ ਪੰਜਾਬ ਦੀ ਧਰਤੀ ਹੇਠ ਸਿਰਫ 10-15 ਸਾਲਾਂ ਦਾ ਪਾਣੀ ਹੀ ਬਚਿਆ ਹੈ।
੩. ਪੰਜਾਬ ਦਾ ਵੱਡਾ ਹਿੱਸਾ ਪੀਣ ਲਈ ਵੀ ਧਰਤੀ ਹੇਠਲੇ ਪਾਣੀ ਉੱਤੇ ਹੀ ਨਿਰਭਰ ਹੈ।
੪. ਰਸਾਇਣ ਦੂਸ਼ਿਤ ਪਾਣੀ ਮਨੁੱਖਾਂ, ਪਸ਼ੂਆਂ ਅਤੇ ਬਨਸਪਤੀ ਸਭ ਲਈ ਬੇਹੱਦ ਨੁਕਸਾਨਦਾਇਕ ਹੈ।

ਇਸ ਸਭ ਦੇ ਮੱਦੇਨਜਰ ਧਰਤੀ ਹੇਠਲਾ ਪਾਣੀ ਦੂਸ਼ਿਤ ਕਰਨਾ ਬੱਜਰ ਗੁਨਾਹ ਹੈ। ਇਹ ਪੰਜਾਬ ਦੀ ਸੱਭਿਅਤਾ ਦੇ ਖਿਲਾਫ ਕੀਤਾ ਜਾ ਰਿਹਾ ਅਜਿਹਾ ਜੁਰਮ ਹੈ ਜਿਹੜਾ ਕਰੇ ਵੀ ਮਾਫ ਨਹੀਂ ਕੀਤਾ ਜਾ ਸਕਦਾ।

ਪੰਜਾਬ ਦੀ ਸੱਭਿਅਤਾ ਦੇ ਭਵਿੱਖ ਦੀ ਲੜਾਈ
ਲੰਘੀ 28 ਜੁਲਾਈ ਨੂੰ ਕੁਦਰਤ ਸੰਭਾਲ ਦਿਹਾੜੇ ਉੱਤੇ ਖੇਤੀਬਾੜੀ ਅਤੇ ਵਾਤਾਵਰਣ ਜਾਗਰੂਕਤਾ ਕੇਂਦਰ ਵੱਲੋਂ ਕਰਵਾਏ ਸਮਾਗਮ ਵਿਚ ਬੋਲਦਿਆਂ ਇਕ ਬੁਲਾਰੇ ਵੱਲੋਂ ਕਹੇ ਇਹ ਬੋਲ ਕਿ “ਪੰਜਾਬ 17 ਸਾਲਾਂ ਲਈ ਬਾਕੀ ਬਚੇ ਪਲੀਤ ਹੋ ਚੁੱਕੇ ਪਾਣੀ ਨੂੰ ਬਚਾਉਣ ਦੀ ਲੜਾਈ ਲੜ ਰਿਹਾ ਹੈ” ਪੰਜਾਬ ਦੀ ਮੌਜੂਦਾ ਤਰਾਸਦੀ ਤੇ ਜੀਰਾ ਵਿਖੇ ਪਾਣੀ ਪਲੀਤ ਕਰ ਰਹੀ ਸ਼ਰਾਬ ਫੈਕਟਰੀ ਬੰਦ ਕਰਵਾਉਣ ਲਈ ਲੱਗੇ ਧਰਨੇ ਦੀ ਅਹਿਮੀਅਤ ਬਿਆਨ ਕਰਦਾ ਹੈ।

ਪਿਛਲੇ ਦਿਨੀਂ #ਖੇਤੀਬਾੜੀ_ਅਤੇ_ਵਾਤਾਵਰਣ_ਜਾਗਰੂਕਤਾ_ਕੇਂਦਰ ਦੇ ਜਥੇ ਵੱਲੋਂ ਇਸ ਧਰਨੇ ਵਿਚ ਸ਼ਮੂਲੀਅਤ ਕੀਤੀ ਗਈ। ਪਤਾ ਲੱਗਾ ਕੇ ਇਹ ਮੈਲਬਰੋਸ ਸ਼ਰਾਬ ਫੈਕਟਰ ਸਿਰਫ ਸ਼ਰਾਬ ਹੀ ਨਹੀਂ ਬਲਕਿ ਖਤਰਨਾਕ ਕੈਮੀਕਲ ਵੀ ਤਿਆਰ ਕਰਦੀ ਹੈ। ਅਜਿਹੇ ਵਿਚ ਇਸ ਕਾਰਖਾਨੇ ਵੱਲੋਂ ਆਪਣਾ ਗੰਧਲਾ (ਜਹਿਰੀਲਾ) ਪਾਣੀ ਧਰਤੀ ਹੇਠਾ ਪਾਉਣਾ ਹੋਰ ਵੀ ਗੰਭੀਰ ਮਸਲਾ ਬਣ ਜਾਂਦਾ ਹੈ।


ਇਹ ਨਹੀਂ ਸਮਝਣਾ ਚਾਹੀਦਾ ਕਿ ਇਹ ਸਿਰਫ ਜੀਰਾ ਤੇ ਇਸ ਨੇੜਲੇ ਉਹਨਾ 40 ਪਿੰਡਾਂ ਦਾ ਮਸਲਾ ਹੈ ਜਿਹਨਾ ਵੱਲੋਂ ਫੈਕਟਰੀ ਬੰਦ ਕਰਵਾਉਣ ਲਈ ਧਰਨਾ ਲਗਾਇਆ ਗਿਆ ਹੈ। ਪੰਜਾਬ ਵਿਚ ਇਹ ਸਮੱਸਿਆਂ ਕਈ ਥਾਵਾਂ ਉੱਤੇ ਸਾਹਮਣੇ ਆ ਚੁੱਕੀ ਹੈ। ਕੁਝ ਸਮਾਂ ਪਹਿਲਾਂ ਸੰਗਰੂਰ ਨੇੜੇ ਇਕ ਪਿੰਡ ਦੀ ਮੋਟਰ ਵਿਚੋਂ ਲਾਲ ਪਾਣੀ ਨਿੱਕਲਣ ਦੇ ਦ੍ਰਿਸ਼ ਆਪਣੇ ਵਿਚੋਂ ਬਹੁਤਿਆਂ ਨੇ ਵੇਖੇ ਹੀ ਹੋਣਗੇ। ਜੋ ਅੱਜ ਜੀਰੇ ਹੋਇਆ ਹੈ ਇਹ ਅੱਗੇ ਬਹੁਤ ਥਾਈਂ ਹੋਣ ਵਾਲਾ ਹੈ। ਜੀਰੇ ਦੇ ਲੋਕ ਇਕ ਕਾਰਖਾਨਾ ਬੰਦ ਕਰਵਾਉਣ ਦੀ ਲੜਾਈ ਨਹੀਂ ਲੜ ਰਹੇ ਬਲਕਿ ਪੰਜਾਬ ਦੇ ਭਵਿੱਖ ਦੀ ਲੜਾਈ ਲੜ ਰਹੇ ਹਨ ਜਿਸ ਵਿਚ ਸਾਥ ਦੇਣਾ ਸਾਡਾ ਸਭ ਦਾ ਫਰਜ਼ ਬਣਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version