Site icon Sikh Siyasat News

ਦਿੱਲੀ ਇੰਜੀਨੀਅਰਿੰਗ ਅਤੇ ਪੌਲਿਟੈਕਨਿਕ ਅਦਾਰੇ ਬੰਦ ਹੋਣ ਲਈ ਸਰਨਾ ਭਰਾ ਜ਼ਿੰਮੇਵਾਰ ਹਨ: ਦਿੱਲੀ ਕਮੇਟੀ

ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਹਰਵਿੰਦਰ ਸਿੰਘ ਸਰਨਾ ਵੱਲੋਂ ਵੀਰਵਾਰ ਨੂੰ ਪ੍ਰੈਸ ਕਾਨਫਰੰਸ ਰਾਹੀਂ ਕਮੇਟੀ ਦੇ 2 ਤਕਨੀਕੀ ਅਦਾਰਿਆਂ ’ਚ ਇਸ ਵਰ੍ਹੇ ਅੱਜੇ ਤਕ ਦਾਖਿਲਾ ਨਾ ਖੁਲਣ ਦਾ ਠੀਕਰਾ ਮੌਜੂਦਾ ਪ੍ਰਬੰਧਕਾਂ ਦੇ ਸਿਰ ਭੰਨਣ ਨੂੰ ਕਮੇਟੀ ਨੇ ਗਲਤ ਕਰਾਰ ਦਿੱਤਾ ਹੈ।

ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਸਰਨਾ ਭਰਾਵਾਂ ਨੂੰ ਹੰਕਾਰ ਵਿਚ ਭਿੱਜ ਕੇ ਝੂਠ ਦੀ ਕੰਧਾਂ ਨਾ ਉਸਾਰਣ ਦੀ ਸਲਾਹ ਦਿੱਤੀ ਹੈ। ਹਰਵਿੰਦਰ ਸਿੰਘ ਸਰਨਾ ਵੱਲੋਂ ਕਮੇਟੀ ਪ੍ਰਬੰਧਕਾਂ ਖਿਲਾਫ਼ ਕੀਤੀ ਗਈ ਬਿਆਨਬਾਜ਼ੀ ਦੌਰਾਨ ਕਮੇਟੀ ਦੇ ਬੁਲਾਰੇ ਦਾ ਨਾਂ ਲੈ ਕੇ ਕੀਤੀ ਗਈ ਨਸਲੀ ਟਿੱਪਣੀ ਨੂੰ ਵੀ ਉਨ੍ਹਾਂ ਨੇ ਸਰਨਾਂ ਭਰਾਵਾਂ ਦੀ ਹਤਾਸ਼ਾ ਦਾ ਪ੍ਰਤੀਕ ਦੱਸਿਆ ਹੈ।

ਦਿੱਲੀ ਕਮੇਟੀ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਅਤੇ ਲੀਗਲ ਸੈਲ ਦੇ ਜਸਵਿੰਦਰ ਸਿੰਘ ਜੌਲੀ

ਉਨ੍ਹਾਂ ਕਿਹਾ ਕਿ ਕਮੇਟੀ ਦੇ ਸਾਬਕਾ ਪ੍ਰਧਾਨ ਨੇ ਜਿਸ ਤਰ੍ਹਾਂ ਦੇ ਸ਼ਬਦਾਂ ਦਾ ਇਸਤੇਮਾਲ ਮੀਡੀਆ ਦੇ ਸਾਹਮਣੇ ਕੀਤਾ ਹੈ ਉਹ ਇਤਰਾਜ਼ਯੋਗ ਹੋਣ ਦੇ ਨਾਲ ਹੀ ਨਸਲੀ ਟਿੱਪਣੀ ਦੇ ਦਾਇਰੇ ਵਿਚ ਵੀ ਆਉਂਦਾ ਹੈ। ਉਨ੍ਹਾਂ ਕਿਹਾ ਕਿ ਸਰਨਾ ਦਲ ਨਾਲ ਸਾਡੇ ਵਿਚਾਰਕ ਮਤਭੇਦ ਹੋ ਸਕਦੇ ਹਨ ਪਰ ਜਿਸ ਤਰੀਕੇ ਨਾਲ ਹੰਕਾਰ ਵਿਚ ਭਿੱਜੇ ਸਰਨਾ ਭਰਾਵਾਂ ਨੇ ਕਾਬਲੀਅਤ ਨੂੰ ਦਰਕਿਨਾਰ ਕਰਕੇ ਭੱਦੇ ਸ਼ਬਦਾਂ ਦਾ ਇਸਤੇਮਾਲ ਕੀਤਾ ਹੈ ਉਸਦੇ ਲਈ ਅਸੀਂ ਕਾਨੂੰਨੀ ਕਾਰਵਾਈ ਕਰਨ ਦਾ ਮਨ ਬਣਾ ਰਹੇ ਹਾਂ।

ਉਨ੍ਹਾਂ ਕਿਹਾ ਕਿ ਇਨ੍ਹਾਂ ਅਦਾਰਿਆਂ ਦਾ ਕਾਨੂੰਨੀ ਪਚੜਾ ਪਿੱਛਲੇ 20 ਸਾਲ ਪੁਰਾਣਾ ਹੈ ਜਿਸ ਨੂੰ ਸਰਨਾ ਭਰਾਵਾਂ ਨੇ ਆਪਣੇ ਪ੍ਰਧਾਨਗੀ ਕਾਲ ਦੌਰਾਨ ਹੱਲ ਕਰਨ ਦੀ ਬਜਾਏ ਐਮ.ਸੀ.ਡੀ. ਦੀ ਨਕਲੀ ਐਨ.ਓ.ਸੀ. ਲਗਾ ਕੇ ਹੋਰ ਉਲਝਾਇਆ ਸੀ। ਜਿਸਦੇ ਸਿੱਟੇ ਵੱਜੋਂ ਰਾਜੌਰੀ ਗਾਰਡਨ ਥਾਣੇ ’ਚ ਅਦਾਰੇ ਦੇ ਚੇਅਰਮੈਨ ‘ਤੇ ਧਾਰਾ 420 ਤਹਿਤ ਠੱਗੀ ਅਤੇ ਜਾਲਸ਼ਾਜੀ ਦਾ ਮੁਕੱਦਮਾ ਵੀ ਦਰਜ਼ ਹੋਇਆ ਸੀ। ਉਨ੍ਹਾਂ ਕਿਹਾ ਕਿ ਆਪਣੇ ਪ੍ਰਧਾਨਗੀ ਕਾਲ ਦੌਰਾਨ ਆਪਣੇ ‘ਤੇ ਥਾਣਾ ਸਨਲਾਈਟ ਕਾੱਲੋਨੀ ਵਿਖੇ ਸਾਕੇਤ ਕੋਰਟ ਦੇ ਹੁੱਕਮਾਂ ‘ਤੇ ਗੈਰਕਾਨੂੰਨੀ ਮੈਡੀਕਲ ਟ੍ਰਸੱਟ ਬਣਾਉਣ ਸਦਕਾ ਠੱਗੀ ਦਾ ਮੁਕੱਦਮਾ ਦਰਜ਼ ਕਰਾਉਣ ਵਾਲੇ ਅੱਜ ਕਿਸ ਮੂੰਹ ਨਾਲ ਕਮੇਟੀ ਦੇ ਅਦਾਰਿਆਂ ਲਈ ਮਗਰਮੱਛ ਦੇ ਹੰਝੂ ਵਹਾ ਰਹੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਦੋਨੋਂ ਅਦਾਰਿਆਂ ਦੇ ਬੰਦ ਹੋਣ ਦੇ ਸਰਨਾ ਭਰਾਵਾਂ ਵੱਲੋਂ ਕੀਤੇ ਗਏ ਦਾਅਵਿਆਂ ਦੇ ਝੂਠ ਦਾ ਨਕਾਬ ਕਮੇਟੀ ਛੇਤੀ ਹੀ ਕਾਨੂੰਨੀ ਪ੍ਰਕ੍ਰਿਆ ਰਾਹੀਂ ਉਤਾਰਨ ਵਿਚ ਕਾਮਯਾਬ ਹੋਵੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version