Site icon Sikh Siyasat News

ਸਰਹੰਦ ਪਟਿਆਲਾ ਸੜਕ ਚੌੜੀ ਕਰਨ ਵਿਚਾਲੇ ਰੁੱਖਾਂ ਨੂੰ ਬਚਾਉਣ ਦੀ ਤਜ਼ਵੀਜ

ਸਰਹੰਦ ਪਟਿਆਲਾ ਸੜਕ ਨੂੰ ਚੌੜੀ ਕਰਨ ਦੀਆਂ ਤਿਆਰੀਆਂ ਆਰੰਭ ਹੋ ਚੁੱਕੀਆਂ ਹਨ। ਇਹ ਠੀਕ ਹੈ ਕਿ ਇਸ ਸੜਕ ਦਾ ਚੌੜਾ ਹੋਣਾ ਸਮੇਂ ਦੀ ਲੋੜ ਸੀ ਕਿਉਂਕਿ ਸੜਕ ਤੇ ਆਵਾਜਾਈ ਬਹੁਤ ਜਿਆਦਾ ਰਹਿੰਦੀ ਹੈ, ਪਰ ਵਾਤਾਵਰਣ ਦੇ ਪੱਖ ਤੋਂ ਇਹ ਪੰਜਾਬ ਲਈ ਬਿਲਕੁਲ ਨੁਕਸਾਨਦੇਹ ਹੈ। ਇਸ ਪ੍ਰੋਜੈਕਟ ਕਾਰਨ ਤਕਰੀਬਨ 7932 ਦਰਖਤ ਵੱਢੇ ਜਾਣੇ ਹਨ ਜਿਨਾਂ ‘ਚ ਪਿੱਪਲ, ਕਿੱਕਰ, ਨਿੰਮ, ਟਾਹਲੀ, ਬੋਹੜ ਆਦਿ ਸ਼ਾਮਿਲ ਹਨ। ਇਹਨਾਂ ਤੋਂ ਇਲਾਵਾ ਤਕਰੀਬਨ 20, 000 ਵੱਡੇ-ਛੋਟੇ ਦਰੱਖਤ ਵੀ ਵੱਢੇ ਜਾਣਗੇ।

ਪੰਜਾਬ ‘ਚ ਰੁੱਖਾਂ ਥੱਲੇ ਰਕਬਾ ਪਹਿਲਾਂ ਹੀ 2.68% ਬਚਿਆ ਹੈ ਜੋ ਕਿ 33% ਹੋਣਾ ਸਿਫਾਰਿਸ਼ ਕੀਤਾ ਜਾਂਦਾ ਹੈ। ਐਨ.ਜੀ.ਟੀ. ਦੀ ਪ੍ਰਵਾਨਗੀ ਨਾਲ ਸੜਕ ਦਾ ਇੱਕ ਪਾਸਾ ਤਕਰੀਬਨ 9 ਮੀਟਰ ਚੌੜਾ ਕਰਨ ਵਾਸਤੇ ਇਸ 22 ਕਿਲੋਮੀਟਰ ਦੇ ਰਾਹ ‘ਚ ਆਉਂਦੇ ਦਰਖਤ ਵੱਢਣ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ।

ਸਰਕਾਰ ਦਾ ਦਾਅਵਾ ਹੈ ਕਿ ਇਹਨਾਂ ਦਰੱਖਤਾਂ ਦੀ ਕਟਾਈ ਬਦਲੇ ਤਕਰੀਬਨ 60 ਹਜਾਰ ਨਵੇਂ ਬੂਟੇ ਰੋਪੜ ਅਤੇ ਹੁਸ਼ਿਆਰਪੁਰ ਚ ਲਾਏ ਜਾ ਚੁੱਕੇ ਹਨ। ਇਹ ਚੰਗੀ ਗੱਲ ਹੈ ਪਰ ਇਹੋ ਜਿਹੇ ਉਪਰਾਲੇ ਦਰਖਤਾਂ ਦੀ ਕਟਾਈ ਤੋਂ ਬਿਨਾਂ ਵੀ ਹੋਣੇ ਜਰੂਰੀ ਹਨ। ਦੂਸਰੀ ਗੱਲ ਇਹਨਾਂ 60 ਹਜ਼ਾਰ ਨਵੇਂ ਬੂਟਿਆਂ ਵਿੱਚੋਂ ਕਿੰਨੇ ਦਰਖਤ ਬਣਨਗੇ ਇਹ ਵੀ ਅਜੇ ਸ਼ੱਕ ਦੇ ਦਾਇਰੇ ਵਿੱਚ ਹੈ। ਇਥੇ ਇਸ ਗੱਲ ਦਾ ਇਤਰਾਜ਼ ਜਤਾਇਆ ਜਾ ਰਿਹਾ ਹੈ ਕਿ ਪੰਜਾਬ ਵਿੱਚ ਪਹਿਲਾਂ ਹੀ ਸੜਕਾਂ ਨੂੰ ਚੌੜੇ ਕਰਨ ਲਈ ਦਰਖਤਾਂ ਦੀ ਵਢਾਈ ਕਰਕੇ ਬਹੁਤ ਹੱਦ ਤੱਕ ਵਾਤਾਵਰਣ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ।

ਤਜ਼ਵੀਜ ਮੁਤਾਬਿਕ ਨੌ ਮੀਟਰ ਦੀ ਸੜਕ ਇੱਕ ਪਾਸੇ ਬਣਾ ਕੇ ਸਵਾ ਮੀਟਰ ਦੇ ਕਰੀਬ ਦੋਹਾਂ ਸੜਕਾਂ ਦੇ ਵਿਚਕਾਰ ਕੱਚਾ ਥਾਂ ਛੱਡਣਾ ਹੈ, ਜੋ ਕਿ ਬਾਅਦ ਵਿੱਚ ਬੂਟੇ ਲਗਾਉਣ ਲਈ ਵਰਤਿਆ ਜਾਵੇਗਾ। ਫੁੱਟਪਾਥ ਵਾਲੇ ਇਹ ਬੂਟੇ ਇਸ ਕਰਕੇ ਵੀ ਲਗਾਏ ਜਾਂਦੇ ਹਨ ਕਿ ਆਹਮੋ-ਸਾਹਮਣੇ ਆਉਂਦੀਆਂ ਗੱਡੀਆਂ ਦੀਆਂ ਬੱਤੀਆਂ ਇੱਕ ਦੂਜੀ ਦੇ ਚਾਲਕਾਂ ਨੂੰ ਵੇਖਣ ਦੀ ਸਮੱਸਿਆ ਨਾ ਦੇਣ।

ਸਹਿਜ ਜਿਹੀ ਗੱਲ ਹੈ ਕਿ ਇਸ ਵਾਰੀ ਕੋਈ ਹੋਰ ਨਵਾਂ ਰਾਹ ਸੋਚਣਾ ਅਤੇ ਅਪਣਾਉਣਾ ਚਾਹੀਦਾ ਹੈ ਤਾਂ ਜੋ ਪੰਜਾਬ ਵਿੱਚ ਲਗਾਤਾਰ ਜੋ ਰੁੱਖਾਂ ਥੱਲੇ ਰਕਬਾ ਘਟ ਰਿਹਾ ਹੈ ਉਸ ਨੂੰ ਬਚਾਇਆ ਜਾ ਸਕੇ। ਪਹਿਲਾਂ ਬਣੀ ਸੜਕ ਨੂੰ ਇੱਕ ਪਾਸੇ ਦੀ ਆਵਾਜਾਈ ਲਈ ਵਰਤ ਕੇ ਦੂਜੇ ਪਾਸੇ ਦੀ ਆਵਾਜਾਈ ਲਈ ਨਵੀਂ ਸੜਕ ਬਣਾਈ ਜਾ ਸਕਦੀ ਹੈ। ਨਵੀਂ ਸੜਕ ਪਹਿਲੀ ਸੜਕ ਦੇ ਕਿਸੇ ਵੀ ਪਾਸੇ, ਰੁੱਖਾਂ ਨੂੰ ਵਿਚਾਲੇ ਓਵੇਂ ਹੀ ਰੱਖ ਕੇ (ਭਾਵ ਰੁੱਖਾਂ ਨੂੰ ਵੱਢੇ ਬਿਨਾਂ) ਰੁੱਖਾਂ ਦੇ ਪਰਲੇ ਪਾਸੇ ਬਣਾਈ ਜਾ ਸਕਦੀ ਹੈ। ਇੰਝ ਜਿਹੜਾ ਰੁੱਖਾਂ ਵਿਚਾਲੇ ਸਵਾ ਮੀਟਰ ਥਾਂ ਛੱਡ ਕੇ ਓਥੇ ਬੂਟੇ ਲਾਉਣ ਦੀ ਸਰਕਾਰੀ ਤਜ਼ਵੀਜ ਹੈ, ਉਸਦਾ ਮਸਲਾ ਵੀ ਹੱਲ ਹੋ ਜਾਵੇਗਾ। ਇੰਝ ਕਰਨਾ ਪੰਜਾਬ ਦੇ ਜਲਵਾਯੂ ਪਰਿਵਰਤਨ ਨੂੰ ਰੋਕਣ ਲਈ ਅਤਿ ਲੋੜੀਂਦਾ ਹੈ। ਜਲਵਾਯੂ ਪਰਿਵਰਤਨ ਜਿੱਥੇ ਕਿਰਸਾਨੀ ਨੂੰ ਤਾਂ ਪ੍ਰਭਾਵਿਤ ਕਰ ਹੀ ਰਿਹਾ ਹੈ, ਓਥੇ ਹੀ ਆਮ ਲੋਕ ਵੀ ਇਸਦੀ ਮਾਰ ਹੇਠ ਆ ਰਹੇ ਹਨ। ਹੁੰਮਸੀ ਮਹੀਨਿਆਂ ‘ਚ ਅਚਨਚੇਤੀ ਹੁੰਦੀਆਂ ਮੌਤਾਂ ਇਸਦੀ ਇੱਕ ਉਦਾਹਰਣ ਹਨ।

ਇਤਿਹਾਸ ਵਿੱਚ ਕਈ ਐਸੀਆਂ ਮਿਸਾਲਾਂ ਮਿਲਦੀਆਂ ਹਨ ਜਿਨਾਂ ਮੁਤਾਬਕ ਰੁੱਖਾਂ ਨੂੰ ਬਚਾਉਣ ਲਈ ਇਲਾਕੇ ਦੇ ਬਸ਼ਿੰਦੇ ਆਪ ਜਾਗਰੂਕ ਹੋ ਕੇ ਲਾਮਬੰਦ ਹੋਏ ਹਨ। ਬੀਤੇ ਸਮੇਂ ਦੌਰਾਨ ਪੰਜਾਬ ਦੇ ਬਾਸ਼ਿੰਦੇ ਮੱਤੇਵਾੜਾ ਵਿਖੇ ਪਾਣੀ ਅਤੇ ਰੁੱਖਾਂ ਨੂੰ ਬਚਾਉਣ ਲਈ ਲਾਮਬੰਦ ਹੋਏ ਸਨ। ਇਸ ਸਮੇਂ ਜਿੱਥੇ ਸਰਕਾਰ ਨੂੰ ਆਪਦੀ ਜਿੰਮੇਵਾਰੀ ਪਛਾਨਣੀ ਚਾਹੀਦੀ ਹੈ ਓਥੇ ਹੀ ਇਲਾਕਾ ਨਿਵਾਸੀਆਂ ਅਤੇ ਪੰਜਾਬ ਹਿਤਾਇਸੀਆਂ ਨੂੰ ਵੀ ਇਹਨਾਂ ਰੁੱਖਾਂ ਨੂੰ ਬਚਾਉਣ ਲਈ ਹੰਭਲਾ ਮਾਰਨਾ ਚਾਹੀਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version