ਅੰਮ੍ਰਿਤਸਰ (15 ਦਸੰਬਰ, 2015): ਪਿਛਲੇ ਦਿਨੀ ਨੇੜਲੇ ਪਿੰਡ ਚੱਬਾ ਵਿੱਚ ਹੋਏ ਸਰਬੱਤ ਖਾਲਸਾ (2015) ਦੇ ਪੁਲਿਸ ਵੱਲੋਂ ਦੇਸ਼ ਧਰੋਹ ਦੇ ਦੋਸ਼ਾਂ ਅਧੀਨ ਗ੍ਰਿਫਤਾਰ ਕੀਤੇ ਪ੍ਰਬੰਧਕਾਂ ਦੀ ਜ਼ਮਾਨਤ ਇੱਕ ਸਥਾਨਿਕ ਅਦਾਲਤ ਨੇ ਰੱਦ ਕਰ ਦਿੱਤੀ ਹੈ। ਚਾਟੀਵਿੰਡ ਥਾਣੇ ਦੀ ਪੁਲੀਸ ਵਲੋਂ ਸਰਬੱਤ ਖਾਲਸਾ ਦੇ ਪ੍ਰਬੰਧਕਾਂ ਵਿਚ ਸ਼ਾਮਲ 20 ਵਿਅਕਤੀਆਂ ਖਿਲਾਫ਼ ਦੇਸ਼ ਧਰੋਹ ਦਾ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਤਹਿਤ ਵਧੇਰੇ ਸਿੱਖ ਆਗੂਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਨ੍ਹਾਂ ਵਿਚ ਪਰਵਾਸੀ ਸਿੱਖ ਵੀ ਸ਼ਾਮਲ ਹਨ।
ਸਰਬੱਤ ਖਾਲਸਾ ਦੇ ਪ੍ਰਬੰਧਕਾਂ ਵਿਚ ਸ਼ਾਮਲ ਭਾਈ ਮੋਹਕਮ ਸਿੰਘ, ਗੁਰਦੀਪ ਸਿੰਘ ਬਠਿੰਡਾ ਅਤੇ ਸਤਨਾਮ ਸਿੰਘ ਮਨਾਵਾ ਦੀ ਦੇਸ਼ ਧਰੋਹ ਮਾਮਲੇ ਵਿਚ ਜ਼ਮਾਨਤ ਦੀ ਅਰਜ਼ੀ ਅਦਾਲਤ ਵਲੋਂ ਰੱਦ ਕਰ ਦਿੱਤੀ ਗਈ ਹੈ।
ਇਸ ਦਾ ਖੁਲਾਸਾ ਕਰਦਿਆਂ ਇਨ੍ਹਾਂ ਸਿੱਖ ਆਗੂਆਂ ਵਲੋਂ ਪੇਸ਼ ਹੋਏ ਵਕੀਲ ਰਾਜਬੀਰ ਸਿੰਘ ਖਾਲਸਾ ਨੇ ਦੱਸਿਆ ਕਿ ਚਾਟੀਵਿੰਡ ਪੁਲੀਸ ਵਲੋਂ ਆਈਪੀਸੀ ਦੀ ਧਾਰਾ 124 ਏ ਤੇ ਹੋਰਨਾਂ ਧਾਰਾਵਾਂ ਅਧੀਨ ਦਰਜ ਕੀਤੇ ਦੇਸ਼ ਧਰੋਹ ਦੇ ਮਾਮਲੇ ਵਿਚ ਅੱਜ ਇਥੇ ਅਦਾਲਤ ਵਿਚ ਸਿੱਖ ਆਗੂਆਂ ਦੀ ਜ਼ਮਾਨਤ ਬਾਰੇ ਸੁਣਵਾਈ ਸੀ ਲੇਕਿਨ ਅਦਾਲਤ ਵਲੋਂ ਭਾਈ ਮੋਹਕਮ ਸਿੰਘ, ਗੁਰਦੀਪ ਸਿੰਘ ਬਠਿੰਡਾ ਅਤੇ ਸਤਨਾਮ ਸਿੰਘ ਮਨਾਵਾ ਦੀ ਜ਼ਮਾਨਤ ਸਬੰਧੀ ਅਰਜ਼ੀ ਰੱਦ ਕਰ ਦਿੱਤੀ ਗਈ ਹੈ। ਉਨ੍ਹਾਂ ਆਖਿਆ ਕਿ ਬਤੌਰ ਵਕੀਲ ਅਦਾਲਤ ਨੂੰ ਸੱਚਾਈ ਤੋਂ ਜਾਣੂ ਕਰਾਉਣ ਦਾ ਯਤਨ ਕੀਤਾ ਪਰ ਅਦਾਲਤ ਵਲੋਂ ਸਿੱਖ ਆਗੂਆਂ ਨੂੰ ਜ਼ਮਾਨਤ ’ਤੇ ਰਿਹਾਅ ਕਰਨ ਤੋਂ ਇਨਕਾਰ ਕਰ ਦਿੱਤਾ।
ਇਸੇ ਦੌਰਾਨ ਗੁਰਦੀਪ ਸਿੰਘ ਬਠਿੰਡਾ ਦੇ ਬੇਟੇ ਯਾਦਵਿੰਦਰ ਸਿੰਘ ਨੇ ਦੋਸ਼ ਲਾਇਆ ਕਿ ਸਿਆਸੀ ਪ੍ਰਭਾਵ ਹੇਠ ਸਿੱਖ ਆਗੂਆਂ ਨੂੰ ਰਿਹਾਅ ਹੋਣ ਤੋਂ ਰੋਕਿਆ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਅੱਜ ਜ਼ਮਾਨਤ ਦੀ ਅਰਜ਼ੀ ਸਵੀਕਾਰ ਵੀ ਹੋ ਜਾਂਦੀ ਤਾਂ ਪੁਲੀਸ ਵਲੋਂ ਇਕ ਹੋਰ ਕੇਸ ਵਿਚ ਪ੍ਰੋਡਕਸ਼ਨ ਵਾਰੰਟ ’ਤੇ ਲੈ ਜਾਣ ਦੀ ਯੋਜਨਾ ਬਣਾਈ ਹੋਈ ਸੀ। ਉਨਾਂ ਦੋਸ਼ ਲਾਇਆ ਕਿ ਸਰਕਾਰ ਸਿੱਖ ਆਗੂਆਂ ਨੂੰ ਜੇਲ੍ਹ ਦੀਆਂ ਸਲਾਖਾਂ ਪਿਛੇ ਬੰਦ ਕਰਕੇ ਰੱਖਣਾ ਚਾਹੁੰਦੀ ਹੈ।