Site icon Sikh Siyasat News

ਸੰਤ ਸਮਾਜ ਬਿਕਰਮੀ ਕੈਲੰਡਰ ਆਪਣੇ ਡੇਰਿਆਂ ‘ਤੇ ਲਾਗੂ ਕਰੇ, ਪੂਰੀ ਕੌਮ ‘ਤੇ ਧੋਪਣ ਦੀ ਕੋਸ਼ਿਸ਼ ਨਾ ਕਰੇ : ਸ੍ਰ. ਪੁਰੇਵਾਲ

ਅੰਮ੍ਰਿਤਸਰ (12 ਮਾਰਚ, 2015): ਮੂਲ ਨਾਨਕਸ਼ਾਹੀ ਕੈਲੰਡਰ ਦੇ ਰਚੇਤਾ ਸ੍ਰ. ਪਾਲ ਸਿੰਘ ਪੁਰੇਵਾਲ ਨੇ ਸੰਤ ਸਮਾਜ ‘ਤੇ ਟਿੱਪਜ਼ੀ ਕਰਦਿਆਂ ਕਿਹਾ ਕਿ ਕਿ ਇਹ ਜਥੇਬੰਦੀ ਆਪਣੇ ਡੇਰਿਆਂ ’ਤੇ ਕੋਈ ਵੀ ਕੈਲੰਡਰ ਲਾਗੂ ਕਰੇ, ਇਸ ਬਾਰੇ ਕੋਈ ਇਤਰਾਜ਼ ਨਹੀਂ ਹੈ ਪਰ ਇਸ ਜਥੇਬੰਦੀ ਨੂੰ ਇਹ ਬਿਕਰਮੀ ਕੈਲੰਡਰ ਸਾਰੀ ਕੌਮ ’ਤੇ ਨਹੀਂ ਥੋਪਣਾ ਚਾਹੀਦਾ। ਉਨ੍ਹਾਂ ਆਖਿਆ ਕਿ ਇਹ ਸਾਰਾ ਕੁਝ ਸਿਆਸਤ ਹੈ ਅਤੇ ਇਸ ਵਿੱਚ ਕੈਲੰਡਰ ਵਿਗਿਆਨ ਵਾਲੀ ਕੋਈ ਗੱਲ ਨਹੀਂ ਹੈ। ਉਨ੍ਹਾਂ ਆਖਿਆ ਕਿ ਜਦੋਂ 2003 ਵਿੱਚ ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ ਗਿਆ ਸੀ ਤਾਂ ਉਸ ਵੇਲੇ ਵੱਡੀ ਗਿਣਤੀ ਵਿੱਚ ਸਿੱਖ ਕੌਮ ਨੇ ਇਸ ਨੂੰ ਅਪਣਾਇਆ ਸੀ। ਇਸ ਕਾਰਨ ਕੌਮ ਵਿੱਚ ਏਕਤਾ ਵੀ ਬਣੀ ਸੀ।

ਨਾਨਕਸ਼ਾਹੀ ਕੈਲੰਡਰ ਵਿਵਾਦ ਹੱਲ ਕਰਨ ਲਈ ਸ਼ੁਰੂ ਕੀਤੇ ਉਪਰਾਲਿਆਂ ਦਾ ਸਖ਼ਤ ਵਿਰੋਧ ਹੋਣ ਕਾਰਨ ਇਹ ਸੰਕਟ ਨਿਰੰਤਰ ਡੂੰਘਾ ਹੁੰਦਾ ਜਾ ਰਿਹਾ ਹੈ। ਇਸ ਬਾਰੇ ਬਣਾਈ ਕਮੇਟੀ ਵਿੱਚ ਸ਼ਾਮਲ ਕੀਤੇ ਨਾਨਕਸ਼ਾਹੀ ਕੈਲੰਡਰ ਰਚੇਤਾ ਪਾਲ ਸਿੰਘ ਪੁਰੇਵਾਲ ਵੱਲੋਂ ਵੀ ਕਮੇਟੀ ਤੋਂ ਕਿਨਾਰਾ ਕੀਤੇ ਜਾਣ ਦੀ ਸੰਭਾਵਨਾ ਹੈ।

ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਵਾਉਣ ਲਈ ਜੱਥੇ. ਸ੍ਰੀ ਅਕਾਲ ਤਖਤ ਸਾਹਿਬ ਨੂੰ ਮੰਗ ਪੱਤਰ ਦਿੰਦੇ ਹੋਏ ਪੰਥਕ ਆਗੂ (ਫਾਈਲ ਫੋਟੋ)

ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਕਿ ਕਮੇਟੀ ਵਿੱਚ ਹੋਰ ਮੈਂਬਰਾਂ ਨੂੰ ਸ਼ਾਮਲ ਕਰਨ ਦਾ ਫੈਸਲਾ ਪੰਜ ਸਿੰਘ ਸਾਹਿਬਾਨ ਵੱਲੋਂ ਹੀ ਕੀਤਾ ਜਾ ਸਕਦਾ ਹੈ।

ਦੱਸਣਯੋਗ ਹੈ ਕਿ ਪੰਜ ਸਿੰਘ ਸਾਹਿਬਾਨ ਨੇ ਕੈਲੰਡਰ ਵਿਵਾਦ ਹੱਲ ਕਰਨ ਲਈ 18 ਮੈਂਬਰੀ ਕਮੇਟੀ ਬਣਾਈ ਹੈ, ਜਿਸ ਵਿੱਚ ਨਾਨਕਸ਼ਾਹੀ ਕੈਲੰਡਰ ਸਮਰਥਕ ਘੱਟ ਅਤੇ ਆਲੋਚਕ ਵਧੇਰੇ ਹਨ। ਇਸ ਕਾਰਨ ਇਸ ਫੈਸਲੇ ਦਾ ਵਿਰੋਧ ਹੋ ਰਿਹਾ ਹੈ। ਇਸ ਕਮੇਟੀ ਵਿੱਚ ਸਮਰਥਕ ਵਜੋਂ ਇਕੱਲੇ ਪਾਲ ਸਿੰਘ ਪੁਰੇਵਾਲ ਨੂੰ ਹੀ ਸ਼ਾਮਲ ਕੀਤਾ ਗਿਆ ਹੈ। ਇਸ ਦੌਰਾਨ ਪੰਥਕ ਤਾਲਮੇਲ ਸੰਗਠਨ ਵਿੱਚ ਸ਼ਾਮਲ ਸਿੱਖ ਜਥੇਬੰਦੀਆਂ ਨੇ ਸ੍ਰੀ ਪੁਰੇਵਾਲ ਅਤੇ ਦੇਸ਼ ਵਿਦੇਸ਼ ਦੀਆਂ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਇਸ ਕਮੇਟੀ ਵਿੱਚ ਸ਼ਾਮਲ ਨਾ ਹੋਣ ਦੀ ਅਪੀਲ ਕੀਤੀ ਹੈ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਬਾਰੇ ਕੈਨੇਡਾ ਵਾਸੀ ਪਾਲ ਸਿੰਘ ਪੁਰੇਵਾਲ ਨੇ ਸੰਕੇਤ ਦਿੱਤਾ ਹੈ ਕਿ ਸ਼ਾਇਦ ਉਹ ਇਸ ਕਮੇਟੀ ਵਿੱਚ ਸ਼ਾਮਲ ਨਾ ਹੋਣ। ਉਨ੍ਹਾਂ ਫੋਨ ’ਤੇ ਆਪਣੀਆਂ ਭਾਵਨਾਵਾਂ ਪ੍ਰਗਟਾਈਆਂ ਹਨ, ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਵਧੇਰੇ ਆਲੋਚਕਾਂ ਵਿੱਚ ਇਕੱਲਾ ਕੈਲੰਡਰ ਹਾਮੀ ਕੀ ਕਰ ਸਕਦਾ ਹੈ।

ਉਨ੍ਹਾਂ ਆਖਿਆ ਕਿ ਫਿਲਹਾਲ ਸ੍ਰੀ ਅਕਾਲ ਤਖ਼ਤ ਵੱਲੋਂ ਕਮੇਟੀ ਵਿੱਚ ਸ਼ਾਮਲ ਕੀਤੇ ਜਾਣ ਬਾਰੇ ਕੋਈ ਅਧਿਕਾਰਤ ਪੱਤਰ ਨਹੀਂ ਮਿਲਿਆ। ਇਸ ਬਾਰੇ ਉਨ੍ਹਾਂ ਨੂੰ ਖਬਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਕੈਲੰਡਰ ਵਿਵਾਦ ਨੂੰ ਹੱਲ ਕਰਨ ਲਈ ਕਮੇਟੀ ਬਣਾਈ ਗਈ ਹੈ, ਜਿਸ ਵਿੱਚ ਉਨ੍ਹਾਂ ਦਾ ਨਾਂ ਵੀ ਸ਼ਾਮਲ ਹੈ। ਉਨ੍ਹਾਂ ਆਖਿਆ ਕਿ ਅਧਿਕਾਰਤ ਪੱਤਰ ਮਿਲਣ ਤੋਂ ਬਾਅਦ ਹੀ ਇਸ ਬਾਰੇ ਕੋਈ ਫੈਸਲਾ ਕਰਨਗੇ।

ਉਨ੍ਹਾਂ ਆਖਿਆ ਕਿ ਕਮੇਟੀ ਵਿੱਚ ਕੈਲੰਡਰ ਮਾਹਿਰ ਸ਼ਾਮਲ ਕਰਨ ਦੀ ਥਾਂ ਸਿਰਫ਼ ਗਿਣਤੀ ਵਧਾਈ ਗਈ ਹੈ, ਜਦੋਂ ਕਿ ਚਾਹੀਦਾ ਇਹ ਸੀ ਕਿ ਵਿਸ਼ਾ ਮਾਹਿਰਾਂ ਨੂੰ ਸ਼ਾਮਲ ਕੀਤਾ ਜਾਂਦਾ। ਉਨ੍ਹਾਂ ਆਖਿਆ ਕਿ ਕਮੇਟੀ ਬਣਾਉਣ ਦੀ ਕਾਰਵਾਈ ਸਿਰਫ਼ ਇਕ ਅਭਿਆਸ ਜਾਪਦੀ ਹੈ, ਜਿਸ ਵਿੱਚ ਸਿਆਸਤ ਖੇਡੀ ਜਾ ਰਹੀ ਹੈ।

ਸ੍ਰੀ ਪੁਰੇਵਾਲ ਨੇ ਆਖਿਆ ਕਿ ਇਹ ਕਾਰਵਾਈ ਮੁੜ ਬਿਕਰਮੀ ਕੈਲੰਡਰ ਲਾਗੂ ਕਰਨ ਦੀ ਯੋਜਨਾ ਜਾਪਦੀ ਹੈ। ਉਨ੍ਹਾਂ ਦੱਸਿਆ ਕਿ ਬਿਕਰਮੀ ਕੈਲੰਡਰ ਵਿੱਚ ਵਧੇਰੇ ਖਾਮੀਆਂ ਹੋਣ ਕਾਰਨ 2003 ਵਿੱਚ ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ ਗਿਆ ਸੀ, ਜਿਸ ਬਾਰੇ ਕੋਈ ਭੰਬਲਭੂਸਾ ਨਹੀਂ ਸੀ। ਇਸ ਵਿੱਚ ਗੁਰਪੁਰਬਾਂ ਦੀਆਂ ਤਰੀਕਾਂ ਤੇ ਹੋਰ ਦਿਨ ਤਿਉਹਾਰਾਂ ਬਾਰੇ ਤਰੀਕਾਂ ਨਿਰਧਾਰਤ ਸਨ। ਇਹ ਕੈਲੰਡਰ 2003 ਤੋਂ ਲੈ ਕੇ 2010 ਤੱਕ ਲਾਗੂ ਰਿਹਾ ਪਰ 2010 ਵਿੱਚ ਧੱਕੇ ਨਾਲ ਸੋਧ ਕਰ ਕੇ ਜੋ ਕੈਲੰਡਰ ਲਾਗੂ ਕੀਤਾ ਗਿਆ, ਉਸ ਨੇ ਵਧੇਰੇ ਤਣਾਅ ਪੈਦਾ ਕੀਤਾ ਅਤੇ ਉਸੇ ਸੋਧੇ ਹੋਏ ਕੈਲੰਡਰ ਕਾਰਨ ਹੀ ਤਣਾਅ ਵਾਲੀ ਸਥਿਤੀ ਬਣੀ।

ਇਸ ਦੌਰਾਨ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਕਿ 18 ਮੈਂਬਰੀ ਕਮੇਟੀ ਵਿੱਚ ਹੋਰ ਵਾਧਾ ਕਰਨ ਬਾਰੇ ਉਹ ਆਪਣੇ ਪੱਧਰ ’ਤੇ ਕੋਈ ਫੈਸਲਾ ਨਹੀਂ ਕਰ ਸਕਦੇ ਕਿਉਂਕਿ ਕਮੇਟੀ ਗਠਨ ਦਾ ਫੈਸਲਾ ਪੰਜ ਸਿੰਘ ਸਾਹਿਬਾਨ ਦਾ ਹੈ। ਕਮੇਟੀ ਵਿੱਚ ਵਾਧੇ ਬਾਰੇ ਫੈਸਲਾ ਵੀ ਪੰਜ ਸਿੰਘ ਸਾਹਿਬਾਨ ਵੱਲੋਂ ਹੀ ਕੀਤਾ ਜਾ ਸਕਦਾ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਕੁਝ ਜਥੇਬੰਦੀਆਂ ਵੱਲੋਂ ਇਸ ਕਮੇਟੀ ਵਿੱਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਖੰਡ ਕੀਰਤਨੀ ਜਥੇ ਦੇ ਮੈਂਬਰ ਵੀ ਸ਼ਾਮਲ ਕਰਨ ਲਈ ਪਹੁੰਚ ਕੀਤੀ ਗਈ ਹੈ। ਫਿਲਹਾਲ ਜਥੇਬੰਦੀਆਂ ਵੱਲੋਂ ਉਨ੍ਹਾਂ ਦੇ ਨੁਮਾਇੰਦਿਆਂ ਦੇ ਨਾਂ ਨਹੀਂ ਪੁੱਜੇ ਹਨ।

ਸ਼੍ਰੋਮਣੀ ਕਮੇਟੀ ਨੇ ਨਵੇਂ ਵਰ੍ਹੇ ਦਾ ਕੈਲੰਡਰ ਛਾਪਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਅਤੇ ਭਲਕੇ ਕੈਲੰਡਰ ਤਿਆਰ ਹੋਣ ਦੀ ਸੰਭਾਵਨਾ ਹੈ, ਜਿਸ ਨੂੰ ਭਲਕੇ 13 ਮਾਰਚ ਦੀ ਰਾਤ ਨੂੰ ਨਵੇਂ ਵਰ੍ਹੇ ਦੀ ਆਮਦ ਬਾਰੇ ਸਮਾਗਮ ਵਿੱਚ ਰਿਲੀਜ਼ ਕੀਤਾ ਜਾ ਸਕਦਾ ਹੈ। ਇਹ ਕੈਲੰਡਰ ਛਪਣ ਮਗਰੋਂ ਹੀ ਸਪੱਸ਼ਟ ਹੋਵੇਗਾ ਕਿ ਇਸ ਵਿੱਚ ਕਿਸ ਕੈਲੰਡਰ ਅਨੁਸਾਰ ਗੁਰਪੁਰਬਾਂ ਦੀਆਂ ਤਰੀਕਾਂ ਨਿਰਧਾਰਤ ਕੀਤੀਆਂ ਹਨ ਪਰ ਸੰਭਾਵਨਾ ਹੈ ਕਿ ਇਸ ਵਿੱਚ ਬਿਕਰਮੀ ਕੈਲੰਡਰ ਮੁਤਾਬਕ ਗੁਰਪੁਰਬਾਂ ਦੀਆਂ ਤਰੀਕਾਂ ਹੋਣਗੀਆਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version