ਬਠਿੰਡਾ (30 ਦਸੰਬਰ, 2014): ਨਾਨਕਸ਼ਾਹੀ ਕੈਲੰਡਰ ਮੁੱਦੇ ‘ਤੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ ਅਤੇ ਸੰਤ ਸਮਾਜ ਵਿੱਚ ਟਕਰਾਅ ਦੇ ਚੱਲਦਿਆਂ ਅੱਜ ਬਾਦਲ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸਾਹਮਣੇ ਸੰਤ ਸਮਾਜ ਨੇ ਜੱਥੇਦਾਰ ਨੰਦਗੜ੍ਹ ਨੂੰ ਆਪਣੇ ਅਹੁਦੇ ਤੋਂ ਹਟਾਉਣ ਦੀ ਮੰਗ ਰੱਖ ਦਿੱਤੀ ਹੈ।
ਉਪ ਮੁੱਖ ਮੰਤਰੀ ਨੇ ਅੱਜ ਦਿੱਲੀ ਵਿੱਚ ਸ਼ਾਮ 6 ਵਜੇ ਸੰਤ ਸਮਾਜ ਦੇ ਆਗੂਆਂ ਨਾਲ ਮੀਟਿੰਗ ਕੀਤੀ।ਸ੍ਰੀ ਬਾਦਲ ਨੇ ਸੰਤ ਸਮਾਜ ਵੱਲੋਂ ਜਥੇਦਾਰ ਨੂੰ ਹਟਾਏ ਜਾਣ ਦੇ ਮਾਮਲੇ ’ਤੇ ਕੋਈ ਪ੍ਰਤੀਕਿਰਿਆ ਨਹੀਂ ਕੀਤੀ ਅਤੇ ਸਿਰਫ਼ ਨਾਨਕਸ਼ਾਹੀ ਕੈਲੰਡਰ ਦੇ ਮਾਮਲੇ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਨਾਲ ਮਸ਼ਵਰਾ ਕਰਨ ਦੀ ਗੱਲ ਜ਼ਰੂਰ ਆਖੀ ਹੈ।
ਅੱਜ ਦਿੱਲੀ ’ਚ ਸੰਤ ਸਮਾਜ ਦੇ ਆਗੂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਸਿੱਖ ਕੈਦੀਆਂ ਦੀ ਰਿਹਾਈ ਦੇ ਮਾਮਲੇ ’ਤੇ ਮਿਲੇ ਸਨ। ਉਸ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨਾਲ ਮੀਟਿੰਗ ਕੀਤੀ।
ਸੰਤ ਸਮਾਜ ਦੇ ਬੁਲਾਰੇ ਭਾਈ ਜਸਵੀਰ ਸਿੰਘ ਰੋਡੇ ਦਾ ਕਹਿਣਾ ਕਿ ਉਨ੍ਹਾਂ ਅਕਾਲੀ ਦਲ ਦੇ ਪ੍ਰਧਾਨ ਨਾਲ ਮੀਟਿੰਗ ਦੌਰਾਨ ਸਪੱਸ਼ਟ ਕਰ ਦਿੱਤਾ ਹੈ ਕਿ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੂੰ ਜਥੇਦਾਰੀ ਤੋਂ ਹਟਾਇਆ ਜਾਵੇ, ਕਿਉਂ੍ਯਕਿ ਉਨ੍ਹਾਂ ਨੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਅਤੇ ਪੰਜ ਪਿਆਰਿਆ ਦੀ ਤੌਹੀਨ ਕੀਤੀ ਹੈ।
ਰੋਡੇ ਨੇ ਆਖਿਆ ਹੈ ਕਿ ਉਨ੍ਹਾਂ ਨੇ ਬਾਦਲ ਦਲ ਦੇ ਪ੍ਰਧਾਨ ਨੂੰ ਦੱਸ ਦਿੱਤਾ ਹੈ ਕਿ ਗਿਆਨੀ ਨੰਦਗੜ੍ਹ ਪੰਥ ਲਈ ਹੋਰ ਮੁਸੀਬਤਾਂ ਪੈਦਾ ਕਰ ਸਕਦੇ ਹਨ ਅਤੇ ਉਨ੍ਹਾਂ ਦੀ ਬੋਲਬਾਣੀ ਗੁਰਮਤਿ ਮਰਿਯਾਦਾ ਅਨੁਸਾਰ ਨਹੀਂ।
ਅੱਜ ਇਸ ਮੀਟਿੰਗ ਵਿਚ ਸੰਤ ਸਮਾਜ ਦੇ ਜਨਰਲ ਸਕੱਤਰ ਸੁਖਚੈਨ ਸਿੰਘ ਧਰਮਪੁਰਾ,ਭਾਈ ਸਤਨਾਮ ਸਿੰਘ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਚਰਨਜੀਤ ਸਿੰਘ ਜੱਸੋਵਾਲ ਅਤੇ ਦਮਦਮੀ ਟਕਸਾਲ ਦੇ ਬਾਬਾ ਹਰਨਾਮ ਸਿੰਘ ਧੁੰਮਾਂ ਵੀ ਹਾਜ਼ਰ ਸਨ। ਸੰਤ ਸਮਾਜ ਦੇ ਜਨਰਲ ਸਕੱਤਰ ਦਾ ਕਹਿਣਾ ਹੈ ਕਿ ਉਪ ਮੁੱਖ ਮੰਤਰੀ ਨੇ ਉਨ੍ਹਾਂ ਤੋਂ ਮੀਟਿੰਗ ਵਿਚ ਨਾਨਕਸ਼ਾਹੀ ਕੈਲੰਡਰ ਬਾਰੇ ਰਾਇ ਮੰਗੀ ਸੀ ਅਤੇ ਉਨ੍ਹਾਂ ਪੁਰਾਤਨ ਕੈਲੰਡਰ ਨੂੰ ਲਾਗੂ ਕਰਨ ਬਾਰੇ ਆਪਣਾ ਪੱਖ ਰੱਖ ਦਿੱਤਾ ਹੈ।