Site icon Sikh Siyasat News

ਸਾਕਾ ਨਕੋਦਰ 1986: ਅਦਾਲਤ ਨੇ ਇਜ਼ਹਾਰ ਆਲਮ ਤੇ ਦਰਬਾਰਾ ਸਿੰਘ ਗੁਰੂ ਨੂੰ ਜਵਾਬ-ਤਲਬੀ ਲਈ ਹੁਕਮ ਜਾਰੀ ਕੀਤੇ

ਚੰਡੀਗੜ੍ਹ: 4 ਫਰਵਰੀ 1986 ਨੂੰ ਨਕੋਦਰ ਵਿਖੇ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਜੋਂ ਇਕੱਠੀ ਹੋਈ ਨਿਹੱਥੀ ਸਿੱਖ ਸੰਗਤ ਉੱਤੇ ਪੰਜਾਬ ਪੁਲਿਸ ਵਲੋਂ ਗੋਲੀਬਾਰੀ ਕਰ ਦਿੱਤੀ ਗਈ ਸੀ ਜਿਸ ਵਿਚ ਚਾਰ ਸਿੱਖ ਨੌਜਵਾਨ ਸ਼ਹੀਦ ਹੋ ਗਏ ਸਨ।

ਇਜ਼ਹਾਰ ਆਲਮ (ਖੱਬੇ) ਪਰਕਾਸ਼ ਸਿੰਘ ਬਾਦਲ ਨਾਲ (ਪੁਰਾਣੀ ਤਸਵੀਰ)

ਇਸ ਸਾਕੇ ਦੀ ਜਾਂਚ ਲਈ ਵੇਲੇ ਦੀ ਪੰਜਾਬ ਸਰਕਾਰ ਵਲੋਂ ਜਸਟਿਸ ਗੁਰਨਾਮ ਸਿੰਘ ਕਮੀਸ਼ਨ ਬਣਾਇਆ ਗਿਆ ਜਿਸ ਦੇ ਲੇਖਾ ਕਈ ਸਾਲਾਂ ਤੱਕ ਦੱਬਿਆ ਰਿਹਾ ਤੇ ਬੀਤੇ ਸਾਲ ਪੰਜਾਬ ਵਿਧਾਨ ਸਭਾ ਦੇ ਇਜਸਾਲ ਦੌਰਾਨ ਇਸ ਦੇ ਪਹਿਲੇ ਭਾਗ ਬਾਰੇ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਸਾਕੇ ਦੇ ਨਿਆਂ ਲਈ ਜੱਦੋ-ਜਹਿਦ ਕਰ ਰਹੇ ਸ਼ਹੀਦ ਭਾਈ ਰਵਿੰਦਰ ਸਿੰਘ ਲਿੱਤਰਾਂ ਦੇ ਪਿਤਾ ਬਾਪੂ ਬਲਦੇਵ ਸਿੰਘ ਵਲੋਂ ਪੰਜਾਬ ਹਰਿਆਣਾ ਉੱਚ-ਅਦਾਲਤ ਅੰਦਰ ਪੰਜਾਬ ਸਰਕਾਰ, ਘਰੇਲੂ-ਮਹਿਕਮਾ, ਵੇਲੇ ਦੇ ਵਧੀਕ ਡਿਪਟੀ ਕਮਿਸ਼ਨਰ ਦਰਬਾਰਾ ਸਿੰਘ ਗੁਰੂ, ਤਤਕਾਲੀ ਜਿਲ੍ਹਾ ਪੁਲਿਸ ਮੁਖੀ ਇਜ਼ਹਾਰ ਆਲਮ ਅਤੇ ਉਸ ਵੇਲੇ ਸੀ.ਆਰ.ਪੀ.ਐਫ. ਦੇ ਐਸ.ਪੀ. ਅਸ਼ਵਨੀ ਕੁਮਾਰ ਸ਼ਰਮਾ ਵਿਰੁੱਧ ਅਪਰਾਧਿਕ ਅਰਜੀ ਦਾਇਰ ਕੀਤੀ ਗਈ ਸੀ।

17 ਸਾਲਾਂ ਦੇ ਗੁਰਪ੍ਰਤਾਪ ਸਿੰਘ ਨੂੰ ਮਾਰਨ ਵਾਲੇ ਪੁਲਸੀਏ ਕਨੇਡਾ ਦੀ ਸੈਰ ਕਰਨ ਦੀ ਤਾਕ ’ਚ

ਦਰਬਾਰਾ ਸਿੰਘ ਗੁਰੂ ਦੀ ਇਕ ਪੁਰਾਣੀ ਤਸਵੀਰ

ਅੱਜ ਇਸ ਅਰਜੀ ਦੀ ਸੁਣਵਾਈ ਦੌਰਾਨ ਉੱਚ-ਅਦਾਲਤ ਵਲੋਂ ਸਰਕਾਰ ਨੂੰ ਜਸਟਿਸ ਗੁਰਨਾਮ ਸਿੰਘ ਕਮੀਸ਼ਨ ਦੇ ਜਾਂਚ ਲੇਖੇ ਦਾ ਦੂਜਾ ਹਿੱਸਾ ਪੇਸ਼ ਕਰਨ ਲਈ ਹੁਕਮ ਜਾਰੀ ਕੀਤੇ ਗਏ। ਪਰ ਸਰਕਾਰ ਵੱਲੋਂ ਇਹ ਲੇਖਾ ਪੇਸ਼ ਨਾ ਕੀਤੇ ਜਾਣ ਮਗਰੋਂ ਅੱਜ ਅਦਾਲਤ ਨੇ ਪਹਿਲੇ ਭਾਗ ਦੇ ਅਧਾਰ ‘ਤੇ ਹੀ ਪੰਜਾਬ ਸਰਕਾਰ, ਗ੍ਰਹਿ ਵਿਭਾਗ, ਦਰਬਾਰਾ ਸਿੰਘ ਗੁਰੂ, ਇਜ਼ਹਾਰ ਆਲਮ ਅਤੇ ਅਸ਼ਵਨੀ ਕੁਮਾਰ ਸ਼ਰਮਾ ਦੀ ਜਵਾਬ-ਤਲਬੀ ਦੇ ਹੁਕਮ ਜਾਰੀ ਕੀਤੇ ਹਨ। ਅਦਾਲਤ ਨੇ ਹੁਕਮ ਜਾਰੀ ਕੀਤਾ ਹੈ ਕਿ ਦੋਸ਼ੀ ਇਹ ਦੱਸਣ ਕੇ ਉਹਨਾਂ ਦੇ ਉੱਤੇ ਕਨੂੰਨੀ ਕਾਰਵਾਈ ਕਿਉਂ ਨਾ ਕੀਤੀ ਜਾਵੇ?

ਅਦਾਲਤ ਨੇ ਦਰਬਾਰਾ ਸਿੰਘ ਗੁਰੂ, ਇਜ਼ਹਾਰ ਆਲਮ ਅਤੇ ਅਸ਼ਵਨੀ ਕੁਮਾਰ ਸ਼ਰਮਾ ਨੂੰ ਆਉਂਦੀ 14 ਅਗਸਤ ਨੂੰ ਅਦਾਲਤ ਵਿਚ ਪੇਸ਼ ਹੋਣ ਲਈ ਕਿਹਾ ਹੈ।

ਸ਼ਹੀਦ ਭਾਈ ਰਵਿੰਦਰ ਸਿੰਘ ਦੇ ਪਿਤਾ ਬਾਪੂ ਬਲਦੇਵ ਸਿੰਘ ਜੀ ਨੇ ਆਖਿਆ ਕਿ 33 ਸਾਲ ਮਗਰੋਂ ਜਾ ਕੇ ਇਹਨਾਂ ਦੋਸ਼ੀਆਂ ‘ਤੇ ਕਨੂੰਨੀ ਕਾਰਵਾਈ ਸ਼ੁਰੂ ਹੋਈ ਹੈ। ਉਨ੍ਹਾਂ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਨਿਹੱਥੀ ਸੰਗਤ ‘ਤੇ ਗੋਲੀਆਂ ਚਲਾ ਕੇ ਚਾਰ ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰਨ ਦੇ ਕਾਰੇ ਵਿਚ ਸ਼ਾਮਲ ਦੋਸ਼ੀਆਂ ਅਤੇ ਜਿੰਮੇਵਾਰ ਬੰਦਿਆਂ ਨੂੰ ਸਖਤ ਤੋਂ ਸਖਤ ਸਜਾਵਾਂ ਦਿੱਤੀਆਂ ਜਾਣ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version