Site icon Sikh Siyasat News

14 ਫਰਵਰੀ: ਸੰਤ ਵੈਲਨਟਾਈਨ ਦਾ ਸ਼ਹੀਦੀ ਦਿਹਾੜਾ

https://heritageproductions.in/ssnextra/podcast/14_Feb_Sant.mp3?_=1

– ਐਡਵੋਕੇਟ ਜਸਪਾਲ ਸਿੰਘ ਮੰਝਪੁਰ

ਅੱਜ ਵੈਲਨਟਾਈਨ ਡੇਅ ਦੇ ਨਾਂ ਹੇਠ ਸਮਾਜ ਵਿਚ ਅਸ਼ਲੀਲਤਾ, ਲੱਚਰਤਾ ਨੂੰ ਖੁੱਲ੍ਹਾ ਸੱਦਾ ਦੇਣ ਵਿਚ ਵੱਡੀਆਂ ਵੱਡੀਆਂ ਕੰਪਨੀਆਂ ਮੀਡੀਏ ਨਾਲ ਰਲ ਕੇ ਇਕਪਾਸੜ ਰੋਲ ਅਦਾ ਕਰ ਰਹੀਆਂ ਹਨ। ਜਿਸ ਅਧੀਨ ਸਮਾਜ ਵਿਚ ਸੱਭਿਆਚਾਰਕ ਗੰਦਗੀ ਵਿਚ ਵਾਧਾ ਹੋ ਰਿਹਾ ਹੈ ਅਤੇ ਲੋਕਾਂ ਦੀਆਂ ਧੀਆਂ-ਭੈਣਾਂ ਨਾਲ ਛੇੜਖਾਨੀ ਕਰਨ ਵਾਲਿਆਂ ਨੂੰ ਸ਼ਹਿ ਮਿਲ ਰਹੀ ਹੈ। ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਇਸ ਦਿਨ ਨੂੰ ਮਨਾਉਣ ਪਿਛੇ ਲਗਭਗ 99 ਫੀਸਦੀ ਲੋਕਾਂ ਨੂੰ ਸ਼ਾਇਦ ਪਤਾ ਨਾ ਹੋਵੇ ਕਿ ਇਸ ਦਿਨ ਦੀ ਸ਼ੁਰੂਆਤ ਕਿਸ ਤਰ੍ਹਾਂ ਹੋਈ ਤੇ ਇਸ ਦਿਨ ਦਾ ਕੀ ਮਹੱਤਵ ਹੈ।

ਸੰਤ ਵੈਲੇਨਟਾਈਨ

ਪ੍ਰਾਚੀਨ ਰੋਮ ਦੇ ਰਾਜੇ ਕਲੋਡਿਅਸ ਦੂਜੇ ਦੇ ਸਮੇਂ ਕ੍ਰਿਸਚਿਨਾਂ ਉਤੇ ਅਥਾਹ ਜ਼ੁਲਮ ਤਸ਼ੱਦਦ ਢਾਹੇ ਜਾਂਦੇ ਸਨ ਤੇ ਕ੍ਰਿਸਚਿਅਨ ਰੀਤੀ ਰਿਵਾਜ਼ਾਂ ਉਤੇ ਜਿੱਥੇ ਪਾਬੰਦੀਆਂ ਲਗਾਈਆਂ ਗਈਆਂ ਉਥੇ ਹੁਕਮਰਾਨਾਂ ਦੇ ਇਨ੍ਹਾਂ ਫੈਸਲਿਆਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਂਦੀਆਂ। ਸੰਤ ਵੈਲਨਟਾਈਨ ਨੇ ਸ਼ਾਸ਼ਕ ਕਲੋਡਿਅਸ ਦੂਜੇ ਦੇ ਜ਼ੁਲਮਾਂ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਤੇ ਕ੍ਰਿਸਚਿਅਨ ਰੀਤੀ ਰਿਵਾਜ਼ਾਂ ਨੂੰ ਉਤਸ਼ਾਹਤ ਕੀਤਾ, ਜਿਸ ਵਿਚ ਕ੍ਰਿਸਚਿਅਨ ਰੀਤਾਂ ਮੁਤਾਬਕ ਵਿਆਹ ਕਰਵਾਉਣੇ ਵੀ ਸ਼ਾਮਿਲ ਸਨ। ਸੰਤ ਵੈਲਨਟਾਈਨ ਹੁਕਮਰਾਨਾਂ ਦੇ ਜ਼ੁਲਮਾਂ ਦਾ ਸ਼ਿਕਾਰ ਹੋਏ ਲੋਕਾਂ ਦੀ ਮਾਲੀ ਤੇ ਰੂਹਾਨੀ ਮਦਦ ਵੀ ਕਰਦੇ ਸਨ। ਹੁਕਮਰਾਨਾਂ ਵਲੋਂ ਸੰਤ ਵੈਲਨਟਾਈਨ ਨੂੰ ਪੱਥਰ ਮਾਰ ਮਾਰਕੇ ਮਾਰ ਦੇਣ ਦੀ ਸਜ਼ਾ ਦਿੱਤੀ ਗਈ ਪਰ ਜਦੋਂ ਉਨ੍ਹਾਂ ਦੀ ਇਸ ਕਾਰਨ ਮੌਤ ਨਾ ਹੋ ਸਕੀ ਤਾਂ 14 ਫਰਵਰੀ ਨੂੰ ਸੰਤ ਵੈਲਨਟਾਈਨ ਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ ਗਿਆ ਤੇ ਕ੍ਰਿਸਚਿਨਾਂ ਮੁਤਾਬਕ ਸੰਤ ਵੈਲਨਟਾਈਨ ਨੇ ਕ੍ਰਿਸਚਿਅਨ ਰੀਤੀ ਰਿਵਾਜ਼ਾਂ ਤੇ ਸੱਭਿਆਚਾਰ ਦੀ ਰਾਖੀ ਕਰਦਿਆਂ ਜ਼ੁਲਮ ਦੇ ਖਿਲਾਫ ਆਵਾਜ਼ ਬੁਲੰਦ ਕਰਦਿਆਂ ਆਪਣੀ ਸ਼ਹਾਦਤ ਦਿੱਤੀ।

ਸੋ ਭਾਈ 14 ਫਰਵਰੀ ਨੂੰ ਸੰਤ ਵੈਲਨਟਾਈਨ ਵਲੋਂ ਕੀਤੀ ਕੁਰਬਾਨੀ ਤੇ ਕੁਰਬਾਨੀਆਂ ਪਿਛਲੇ ਕਾਰਨਾਂ ਨੂੰ ਸਮਝਣ ਤੇ ਉਨ੍ਹਾਂ ਪਦਚਿੰਨ੍ਹਾਂ ’ਤੇ ਚੱਲਦਿਆਂ ਸੰਕਲਪ ਲੈਣ ਦੀ ਲੋੜ ਹੈ ਕਿ ਅਸੀਂ ਹਮੇਸ਼ਾ ਜ਼ੁਲਮ ਦੇ ਖਿਲਾਫ ਆਵਾਜ਼ ਬੁਲੰਦ ਕਰਾਂਗੇ ਤੇ ਇਕ ਸੱਭਿਆਚਾਰ ਵਲੋਂ ਦੂਜੇ ਸੱਭਿਆਚਾਰ ਨੂੰ ਅਜਗਰ ਵਾਂਗ ਹੜੱਪਣ ਦੀਆਂ ਚਾਲਾਂ ਦੀ ਵਿਰੋਧਤਾ ਕਰਾਂਗੇ।

ਸੰਤ ਵੈਲਨਟਾਈਨ ਨੇ ਕ੍ਰਿਸਚਿਅਨ ਰੀਤੀ ਰਿਵਾਜ਼ਾਂ ਨੂੰ ਤੇ ਖਾਸ ਤੌਰ ’ਤੇ ਕ੍ਰਿਸਚਿਅਨ ਰੀਤਾਂ ਮੁਤਾਬਕ ਵਿਆਹ ਪ੍ਰਥਾ ਨੂੰ ਬਚਾਉਣ ਲਈ ਆਪਣੀ ਕੁਰਬਾਨੀ ਦਿੱਤੀ ਤਾਂ ਅੱਜ ਹਿੰਦੁਸਤਾਨ ਵਿਚ ਬਹੁਗਿਣਤੀ ਨਾਲ ਸਬੰਧਤ ਸ਼ਿਵ ਸੈਨਾ, ਬਜਰੰਗ ਤੇ ਆਰ.ਐਸ.ਐਸ ਵਰਗੀਆਂ ਪ੍ਰਾਚੀਨ ਰੋਮ ਦੇ ਜ਼ਾਲਮ ਸ਼ਾਸਕ ਕਲੋਡਿਅਸ ਦੂਜੇ ਦੀਆਂ ਵਾਰਸ ਜਥੇਬੰਦੀਆਂ ਇਸ ਦਿਨ ਨੂੰ ਮਨਾਉਣ ਦਾ ਵਿਰੋਧ ਇਸ ਕਰਕੇ ਕਰ ਰਹੀਆਂ ਹਨ ਕਿ ਕਿਤੇ ਬਿਪਰਵਾਦ ਵਲੋਂ ਘੱਟਗਿਣਤੀ ਸੱਭਿਆਚਾਰ ਨੂੰ ਹੜੱਪਣ ਦੀਆਂ ਕੋਸ਼ਿਸ਼ਾਂ ਦਾ ਵਿਰੋਧ ਸੰਤ ਵੈਲਨਟਾਈਨ ਦੀ ਤਰਜ ਉਤੇ ਨਾ ਝੱਲਣਾ ਪੈ ਜਾਵੇ ਤੇ ਮੀਡੀਆ ਵੀ ਸੰਤ ਵੈਲਨਟਾਈਨ ਦੇ ਸ਼ਹੀਦੀ ਦਿਹਾੜੇ ਅਤੇ ਉਸ ਵਿਚਲੀ ਜ਼ੁਲਮ ਦੇ ਖਿਲਾਫ ਲੜਣ ਵਾਲੀ ਸੱਚੀ ਵਿਚਾਰਧਾਰਾ ਨੂੰ ਪਿੱਛੇ ਰੱਖ ਕੇ ਅਖੌਤੀ ਪੱਛਮੀ ਸੱਭਿਆਚਾਰ ਦਾ ਮੁਲੰਮਾ ਚਾੜ੍ਹ ਕੇ ਪੇਸ਼ ਕਰ ਰਿਹਾ ਹੈ।

1909 ਵਿਚ ਅੰਗਰੇਜ਼ੀ ਸ਼ਾਸਕਾਂ ਨੇ ਸਿੱਖਾਂ ਦਾ ਵੱਖਰਾ ਅਨੰਦ ਮੈਰਿਜ ਐਕਟ ਬਣਾਇਆ ਸੀ ਪਰ 1947 ਦੀ ਅਖੌਤੀ ਆਜ਼ਾਦੀ ਤੋਂ ਬਾਅਦ ਇਸ ਐਕਟ ਨੂੰ ਹਿੰਦੂ ਵਿਆਹ ਕਾਨੂੰਨ ਵਿਚ ਹੀ ਮਿਲਾ ਦਿੱਤਾ ਗਿਆ ਤੇ ਅੱਜ ਜਦੋਂ ਵੀ ਸਿੱਖ ਆਪਣੇ ਵਿਆਹ ਨਾਲ ਸਬੰਧਤ ਮਸਲਿਆਂ ਨੂੰ ਵਿਚਾਰਦੇ ਹਨ ਤਾਂ ਉਨ੍ਹਾਂ ਨੂੰ ਇਹ ਲਿਖਣਾ ਪੈਂਦਾ ਹੈ ਕਿ ਉਨ੍ਹਾਂ ਦਾ ਵਿਆਹ ਹਿੰਦੂ ਮੈਰਿਜ ਐਕਟ ਅਧੀਨ ਹੋਇਆ ਹੈ, ਜੋ ਕਿ ਬਹੁਗਿਣਤੀ ਬਿਪਰਵਾਦ ਵਲੋਂ ਸਦੀਆਂ ਪਹਿਲਾਂ ਰਾਜੇ ਕਲੋਡਿਅਸ ਦੂਜੇ ਦੀ ਤਰਜ ਉਤੇ ਸਿੱਖ ਸੱਭਿਆਚਾਰ ਨੂੰ ਹੜੱਪਣ ਦੀ ਨੀਤੀ ਤਹਿਤ ਚੱਲੀ ਹੋਈ ਇਕ ਸਾਜਿਸ਼ ਦਾ ਹਿੱਸਾ ਹੀ ਹੈ।

ਸੋ ਮੈਂ ਸਮਝਦਾਂ ਹਾਂ ਕਿ ਵੈਲਨਟਾਈਨ ਡੇਅ ਤੋਂ ਭਾਵ ਇਹੀ ਲੈਣਾ ਬਣਦਾ ਹੈ ਕਿ ਅਸੀਂ ਇਸ ਦਿਨ ਸਮੁੱਚੀ ਦੁਨੀਆ ਵਿਚ ਵਸਦੇ ਸੱਭਿਆਚਾਰਾਂ ਦਾ ਸਤਿਕਾਰ ਕਰੀਏ, ਉਨ੍ਹਾਂ ਵਿਚਲੇ ਗੁਣਾਂ ਦੀ ਸਾਂਝ ਬਣਾਈਏ ਅਤੇ ਰਾਜੇ ਕਲੋਡਿਅਸ ਦੂਜੇ ਦੀ ਤਰਜ ਉਤੇ ਦੂਜੇ ਸੱਭਿਆਚਾਰਾਂ ਨੂੰ ਨਿਗਲਣ ਦੀਆਂ ਸਾਜਸ਼ਾਂ ਦਾ ਪਰਦਾਫਾਸ਼ ਕਰਦੇ ਹੋਏ ਜ਼ੁਲਮ ਦੇ ਖਿਲਾਫ ਡੱਟ ਜਾਈਏ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version