Site icon Sikh Siyasat News

ਜੱਥੇਦਾਰ ਨੰਦਗੜ੍ਹ ਨੇ ਸਾਧਪੁਣੇ ਨੂੰ ਆਰ ਐੱਸ ਐੱਸ ਦੀ ਪੈਦਾਇਸ਼ ਕਰਾਰ ਦਿੱਤਾ

ਦਮਦਮਾ ਸਾਹਿਬ (3 ਜਨਵਰੀ, 2014): ਅੱਜ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਫਿਰ ਆਪਣਾ ਪੈਤੜਾ ਦੁਰਾਉਦਿਆਂ ਕਿਹਾ ਕਿ ਉਹ ਨਾਨਕਸ਼ਾਹੀ ਕੈਲੰਡਰ ‘ਤੇ ਪਹਿਲਾਂ ਦੀ ਤਰ੍ਹਾਂ ਅੱਜ ਵੀ ਕਾਇਮ ਹਨ ਤੇ ਭਵਿੱਖ ਵਿੱਚ ਵੀ ਰਹਿਣਗੇ। ਜਿੱਥੋਂ ਤੱਕ ਜਥੇਦਾਰੀ ਦਾ ਸੁਆਲ ਹੈ, ਰੁਤਬੇ ਦੇ ਮੁਕਾਬਲੇ ਉਹ ਅਸੂਲਾਂ ਦੇ ਪਹਿਰੇਦਾਰ ਹਨ ਤੇ ਅੱਗੇ ਲਈ ਵੀ ਰਹਿਣਗੇ।

ਜਥੇਦਾਰ ਬਲਵੰਤ ਸਿੰਘ ਨੰਦਗੜ੍ਹ

ਕੁਝ ਚੋਣਵੇਂ ਪੱਤਰਕਾਰਾਂ ਨਾਲ ਖੁੱਲ੍ਹੀ ਗੱਲਬਾਤ ਕਰਦਿਆਂ ਸੰਤ ਸਮਾਜ ਦੇ ਕੁਝ ਆਗੂਆਂ ਨਾਲ ਕੱਲ੍ਹ ਸ਼ਾਮ ਹੋਈ ਮਿਲਣੀ ਦੀ ਪੁਸ਼ਟੀ ਕਰਦਿਆਂ ਜਥੇਦਾਰ ਨੰਦਗੜ੍ਹ ਨੇ ਦੱਸਿਆ ਕਿ ਉਹਨਾਂ ਦੇ ਕੁਝ ਨੁਮਾਇੰਦੇ ਕੈਲੰਡਰ ਦੇ ਵਿਵਾਦ ਨੂੰ ਲੈ ਕੇ ਉਹਨਾ ਨੂੰ ਮਿਲੇ ਸਨ, ਜਿਹਨਾਂ ਕੋਲ ਆਪਣੇ ਸਟੈਂਡ ਦੀ ਪੁਸ਼ਟੀ ਕਰਦਿਆਂ ਉਹਨਾ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਮਸਲੇ ਦੇ ਹੱਲ ਲਈ ਜੇ ਕੋਈ ਗੱਲਬਾਤ ਕਰਨੀ ਹੈ ਤਾਂ ਉਸ ਵਿੱਚ ਪਾਲ ਸਿੰਘ ਪੁਰੇਵਾਲ ਦੀ ਮੌਜੂਦਗੀ ਜ਼ਰੂਰੀ ਹੈ, ਜਿਸ ਨੇ ਨਾਨਕਸ਼ਾਹੀ ਕੈਲੰਡਰ ਤਿਆਰ ਕੀਤਾ ਸੀ।

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿ: ਗੁਰਬਚਨ ਸਿੰਘ ਦੇ ਇਸ ਵਿਚਾਰ ਨਾਲ ਅਸਹਿਮਤੀ ਪ੍ਰਗਟ ਕਰਦਿਆਂ ਕਿ ਨਾਨਕਸ਼ਾਹੀ ਕੈਲੰਡਰ ਅਤੇ ਸੋਧੇ ਹੋਏ ਕੈਲੰਡਰ ਵਿੱਚ ਵੀ ਕੁਝ ਤਰੁੱਟੀਆਂ ਹਨ, ਸ੍ਰੀ ਨੰਦਗੜ੍ਹ ਨੇ ਕਿਹਾ ਕਿ ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਉਹ ਬਿਕਰਮੀ ਕੈਲੰਡਰ ਨੂੰ ਹੀ ਤਰਜੀਹ ਦਿੰਦੇ ਹਨ।

ਨਾਨਕਸ਼ਾਹੀ ਕੈਲੰਡਰ ‘ਤੇ ਲਏ ਸਟੈਂਡ ਬਾਰੇ ਇੱਕ ਸੁਆਲ ਦੇ ਸੰਦਰਭ ਵਿੱਚ ਜਥੇਦਾਰ ਨੇ ਦੱਸਿਆ ਕਿ ਦੇਸ਼-ਵਿਦੇਸ਼ ‘ਚੋਂ ਉਹਨਾ ਨੂੰ ਅਥਾਹ ਹਮਾਇਤ ਮਿਲ ਰਹੀ ਹੈ । ਇਹ ਇੰਕਸ਼ਾਫ ਕਰਦਿਆਂ ਕਿ ਬਿਕਰਮੀ ਕੈਲੰਡਰ ਨੂੰ ਲਾਗੂ ਕਰਨ ਲਈ ਸਹਿਮਤੀ ਦੇਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜ: ਅਵਤਾਰ ਸਿੰਘ ਮੱਕੜ ਅਤੇ ਅਕਾਲੀ ਦਲ ਦੇ ਕੁਝ ਕਾਰਕੁਨਾਂ ਨੇ ਉਹਨਾ ‘ਤੇ ਦਬਾਅ ਬਣਾਇਆ ਸੀ, ਜਥੇਦਾਰ ਨੰਦਗੜ੍ਹ ਨੇ ਕਿਹਾ ਕਿ ਸਿੱਖ ਪੰਥ ਦੀ ਵੱਖਰੀ ਪਛਾਣ ਦੇ ਜ਼ਾਮਨ ਨਾਨਕਸ਼ਾਹੀ ਕੈਲੰਡਰ ‘ਤੇ ਉਹਨਾ ਜੋ ਸਟੈਂਡ ਲਿਆ ਹੈ, ਉਹ ਹਮੇਸ਼ਾ ਲਈ ਬਰਕਰਾਰ ਰਹੇਗਾ।

ਸਾਧਪੁਣੇ ਨੂੰ ਆਰ ਐੱਸ ਐੱਸ ਦੀ ਪੈਦਾਇਸ਼ ਕਰਾਰ ਦਿੰਦਿਆਂ ਜਥੇਦਾਰ ਨੰਦਗੜ੍ਹ ਨੇ ਕਿਹਾ ਕਿ ਜਦ ਵੀ ਫੈਸਲਾਕੁੰਨ ਵਕਤ ਆਇਆ ਤਾਂ ਇਹ ਉਸ ਦੇ ਹੱਕ ਵਿੱਚ ਹੀ ਭੁਗਤਣਗੇ। ਆਪਣੇ ਇਸ ਕਥਨ ਨੂੰ ਸਪੱਸ਼ਟ ਕਰਦਿਆਂ ਉਹਨਾ ਕਿਹਾ ਕਿ ਜਿਹਨਾਂ ਸਿੱਖ ਮੁੱਦਿਆਂ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਸਮਾਂ ਮੰਗਿਆ ਸੀ, ਕੇਂਦਰ ਸਰਕਾਰ ਨੇ ਉਸ ਲਈ ਤਾਂ ਅੱਜ ਤੱਕ ਹਾਂ ਨਹੀਂ ਭਰੀ, ਪਰੰਤੂ ਉਹਨਾਂ ਹੀ ਮੁੱਦਿਆਂ ‘ਤੇ ਵਿਚਾਰ-ਵਟਾਂਦਰੇ ਵਾਸਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਮੀਟਿੰਗ ਲਈ ਫੌਰਨ ਸਮਾਂ ਦੇ ਦਿੱਤਾ, ਜਿਸ ਵਫ਼ਦ ਵਿੱਚ ਸੰਤ ਸਮਾਜ ਦੇ ਆਗੂਆਂ ਦੀ ਸ਼ਮੂਲੀਅਤ ਸੀ।

ਪਹਿਲੀ ਵਾਰ ਬਾਦਲ ਪਰਵਾਰ ਪ੍ਰਤੀ ਆਪਣੀਆਂ ਅੰਦਰੂਨੀ ਭਾਵਨਾਵਾਂ ਦਾ ਪ੍ਰਗਟਾਵਾ ਕਰਦਿਆਂ ਜਥੇਦਾਰ ਨੰਦਗੜ੍ਹ ਨੇ ਨਸੀਹਤ ਦਿੱਤੀ ਕਿ ਉਹਨਾਂ ਨੂੰ ਉਸ ਪੰਥਕ ਸੋਚ ‘ਤੇ ਦ੍ਰਿੜ੍ਹਤਾ ਨਾਲ ਪਹਿਰਾ ਦੇਣਾ ਚਾਹੀਦਾ ਹੈ, ਜਿਸ ਦੀ ਬਦੌਲਤ ਉਹ ਅੱਜ ਸੱਤਾ ‘ਤੇ ਬਿਰਾਜਮਾਨ ਹਨ। ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀਆਂ ਦੀ ਰਿਹਾਈ ਲਈ ਭਾਈ ਗੁਰਬਖਸ਼ ਸਿੰਘ ਵੱਲੋਂ ਸ਼ੁਰੂ ਕੀਤੇ ਮਰਨ ਵਰਤ ਦੀ ਡਟਵੀਂ ਹਮਾਇਤ ਕਰਦਿਆਂ ਉਹਨਾ ਕਿਹਾ ਕਿ ਜੇਕਰ ਉਹਨਾ ਦਾ ਜਾਨੀ ਨੁਕਸਾਨ ਹੋ ਗਿਆ ਤਾਂ ਸਥਿਤੀ ਇਸ ਕਦਰ ਬੇਕਾਬੂ ਹੋ ਸਕਦੀ ਹੈ ਕਿ ਸਰਕਾਰਾਂ ਤੋਂ ਸੰਭਾਲਿਆਂ ਵੀ ਨਹੀਂ ਸੰਭਾਲੀ ਜਾਣੀ। ਉਹਨਾ ਦੱਸਿਆ ਕਿ ਜਲਦੀ ਹੀ ਉਹ ਭਾਈ ਗੁਰਬਖਸ਼ ਸਿੰਘ ਨੂੰ ਮਿਲਣ ਜਾ ਰਹੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version