ਚੰਡੀਗੜ੍ਹ: ਕਿਸੇ ਵੇਲੇ ਸ਼੍ਰੋਮਣੀ ਅਕਾਲੀ ਦਲ ਜਿਹਨਾਂ ਗੱਲਾਂ ਕਰਕੇ ਕਾਂਗਰਸ ਪਾਰਟੀ ਨੂੰ ਸਿੱਖਾਂ ਦੀ ਦੁਸ਼ਮਣ ਜਮਾਤ ਕਰਾਰ ਦਿੰਦਾ ਸੀ ਅੱਜ ਉਹੀ ਗੱਲਾਂ ਪਰਕਾਸ਼ ਸਿੰਘ ਬਾਦਲ ਦੀ ਸਰਪ੍ਰਸਤੀ ਵਾਲਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਆਪ ਕਰ ਰਿਹਾ ਹੈ। 1980ਵਿਆਂ ਵਿੱਚ ਕਾਂਗਰਸ ‘ਦੇਸ਼ ਦੀ ਏਕਤਾ-ਅਖੰਡਤਾ’ ਅਤੇ ‘ਭਾਈਚਾਰਕ ਸਾਂਝ’ ਨੂੰ ਸਿੱਖਾਂ ਕੋਲੋਂ ਖਤਰਾ ਦੱਸਦਿਆਂ ਸਿੱਖਾਂ ਦੇ ਸੰਘਰਸ਼ ਪਿੱਛੇ ‘ਵਿਦੇਸ਼ੀ ਤਾਕਤਾਂ ਦਾ ਹੱਥ’ ਦੱਸਦੀ ਹੁੰਦੀ ਸੀ। ਅੱਜ ਬਾਦਲ ਦਲ ਦੇ ਆਗੂ, ਸਮੇਤ ਪਰਕਾਸ਼ ਸਿੰਘ ਬਾਦਲ ਦੇ ਇਹੀ ਰਾਗ ਅਲਾਪਦੇ ਸੁਣੇ ਜਾ ਸਕਦੇ ਹਨ।
ਜਿੰਨੀ ਗੈਰ-ਸੰਜੀਦਗੀ ਤੇ ਸਵਾਰਥੀ ਤਰੀਕੇ ਨਾਲ ਪਹਿਲਾਂ ਕਾਂਗਰਸੀ ਆਗੂ ਬਿਨਾ ਸਿਰ-ਪੈਰ ਦੇ ਇਹ ਦੋਸ਼ ਸਿੱਖਾਂ ’ਤੇ ਲਾਉਂਦੇ ਸਨ, ਉਸੇ ਢੰਗ ਨਾਲ ਹੀ ਹੁਣ ਇਹ ਕੰਮ ਬਾਦਲ ਦਲ ਦੇ ਆਗੂਆਂ ਵੱਲੋਂ ਕੀਤਾ ਜਾ ਰਿਹਾ ਹੈ।
ਜਿਵੇਂ ਪਹਿਲਾਂ ਕਾਂਗਰਸ ‘ਅਕਾਲੀ ਦਲ’ ’ਤੇ ਦੋਸ਼ ਲਾਉਂਦੀ ਹੁੰਦੀ ਸੀ ਕਿ ਅਕਾਲੀ ਆਪਣੇ ਸਿਆਸੀ ਮੁਫਾਦਾਂ ਲਈ ਸੰਘਰਸ਼ਸ਼ੀਲ (ਸਰਕਾਰੀ ਭਾਸ਼ਾ ਵਿੱਚ ਗਰਮ-ਦਲੀਏ) ਸਿੱਖਾਂ ਨੂੰ ਸ਼ਹਿ ਦੇ ਕੇ ਅੱਗ ਨਾਲ ਖੇਡ ਰਹੇ ਹਨ। ਹੁਣ ਇਹੀ ਦੋਸ਼ ਬਾਦਲ ਦਲ ਵਾਲੇ ਕਾਂਗਰਸ ’ਤੇ ਲਾ ਰਹੇ ਹਨ।
ਜਸਟਿਸ ਰਣਜੀਤ ਸਿੰਘ ਦੇ ਜਾਂਚ ਲੇਖੇ ਵਿੱਚ ਨੰਗੇ ਹੋਏ ਬਾਦਲ ਦਲ ਦੇ ਮੋਹਰੀ ਆਗੂਆਂ ਨੇ ਪੰਜਾਬ ਵਿਧਾਨ ਸਭਾ ਵਿੱਚ ਇਸ ਲੇਖੇ ਉੱਤੇ ਹੋਈ ਚਰਚਾ ’ਚ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ। ਵਿਧਾਨ ਸਭਾ ਦੇ ਇਸ ਇਜਲਾਸ ਵਿੱਚ ਪਰਕਾਸ਼ ਸਿੰਘ ਬਾਦਲ ਸ਼ਾਮਲ ਨਹੀਂ ਹੋਇਆ ਤੇ ਇਸਦਾ ਕਾਰਨ ਉਸਦੀ ਸਿਹਤ ਦਾ ਖਰਾਬ ਹੋਣਾ ਦੱਸਿਆ ਗਿਆ। ਬਾਦਲ ਦਲ ਦੀ ਗੈਰਹਾਜ਼ਰੀ ਵਿੱਚ ਹੋਈ ਬਹਿਸ ਵਿੱਚ ਸ਼੍ਰੋ.ਅ.ਦ. (ਬਾਦਲ) ਅਤੇ ਇਸਦੇ ਮੋਹਰੀ ਆਗੂਆਂ ਉੱਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਕਰਾਰੇ ਹਮਲੇ ਕੀਤੇ। ਇਸ ਮਹੌਲ ਦੇ ਤੋੜ ਵਜੋਂ ਸੁਖਬੀਰ ਬਾਦਲ ਨੇ ‘ਪੋਲ ਖੋਲ੍ਹ’ ਰੈਲੀਆਂ ਦਾ ਐਲਾਨ ਕੀਤਾ ਹੈ।
ਇਹਨਾਂ ਰੈਲੀਆਂ ਵਿੱਚ ਪਰਕਾਸ਼ ਸਿੰਘ ਬਾਦਲ ਉਚੇਚੇ ਤੌਰ ’ਤੇ ਸ਼ਮੂਲੀਅਤ ਕਰ ਰਿਹਾ ਹੈ। ਬੀਤੇ ਦਿਨੀਂ ਇਕ ਪੱਤਰਕਾਰ ਮਿਲਣੀ ਵਿੱਚ ਵੱਡੇ ਬਾਦਲ ਨੇ ‘ਦੇਸ਼ ਦੀ ਏਕਤਾ ਅਖੰਡਤਾ’, ‘ਅਮਨ ਸ਼ਾਂਤੀ’ ਤੇ ‘ਭਾਈਚਾਰਕ ਸਾਂਝ’ ਲਈ ਹਰ ਕੁਰਬਾਨੀ ਕਰਨ ਦਾ ਐਲਾਨ ਕਰ ਦਿੱਤਾ। ਉਮਰ ਦੇ ਆਖਰੀ ਪੜਾਅ ਤੇ ਵੀ ਪਰਕਾਸ਼ ਸਿੰਘ ਬਾਦਲ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੇ ਮਾਮਲੇ ਨੂੰ ਦਰਕਿਨਾਰ ਕਰਕੇ ਖਿਆਲੀ ਖਤਰਿਆਂ ਤੋਂ ਪੰਜਾਬ ਨੂੰ ਬਚਾਉਣ ਲਈ ਕੁਰਬਾਨੀ ਕਰਨ ਦੀਆਂ ਡੀਂਙਾ ਮਾਰ ਰਿਹਾ ਹੈ।
ਨਿਘਾਰ ਇਕ ਦਮ ਨਹੀਂ ਵਾਪਰਿਆ:
ਸ਼੍ਰੋਮਣੀ ਅਕਾਲੀ ਦਲ ਦੇ ਖਾਸੇ ਵਿੱਚ ਆਏ ਇਸ ਬੁਨਿਆਦੀ ਨਿਘਾਰ ਬਾਰੇ ਸਿੱਖ ਸਿਆਸਤ ਨਾਲ ਗੱਲਬਾਤ ਕਰਦਿਆਂ ਸਿੱਖ ਸਿਆਸੀ ਵਿਸ਼ਲੇਸ਼ਕ ਤੇ ਲੇਖਕ ਸ. ਅਜਮੇਰ ਸਿੰਘ ਨੇ ਕਿਹਾ ਕਿ ਇਹ ਨਿਘਾਰ ਇਕਦਮ ਨਹੀਂ ਵਾਪਰ ਗਿਆ। ਉਹਨਾਂ ਕਿਹਾ ਕਿ 1947 ਤੋਂ ਬਾਅਦ ਪਹਿਲਾਂ ਸਿੱਖ ਇਸ ਭੁਲੇਖੇ ਵਿੱਚ ਸਨ ਕਿ ਉਹ ਵੀ ਦੇਸ਼ ਦੇ ਨਾਲ ਅਜ਼ਾਦ ਹੋ ਗਏ ਹਨ। ਉਸ ਤੋਂ ਬਾਅਦ ਉਹਨਾਂ ਨੂੰ ਇਹ ਲੱਗਾ ਕਿ ਅਜ਼ਾਦ ਦੇਸ਼ ਵਿੱਚ ਵੀ ਉਹਨਾਂ ਨਾਲ ਵਿਤਕਰਾ ਹੋ ਰਿਹਾ ਹੈ ਪਰ ਉਹਨਾਂ ਨੂੰ ਇਹ ਆਸ ਸੀ ਕਿ ਦੇਸ਼ ਦੇ ਢਾਂਚੇ ਵਿਚੋਂ ਉਹਨਾਂ ਨੂੰ ਇਨਸਾਫ ਮਿਲ ਜਾਵੇਗਾ। 1947 ਤੋਂ 1980ਵਿਆਂ ਦੇ ਸ਼ੁਰੂ ਵਿੱਚ ਲੱਗੇ ਧਰਮ ਯੁੱਧ ਮੋਰਚੇ ਤੱਕ ਅਕਾਲੀ ਦਲ ਰਾਹੀਂ ਸਿੱਖ ਇਸ ਵਿਤਕਰੇ ਨੂੰ ਦੂਰ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਰਹੇ ਪਰ ਨਾ ਤਾਂ ਵਿਤਕਰੇ ਦੂਰ ਹੋਏ ਤੇ ਨਾ ਹੀ ਇਨਸਾਫ ਮਿਿਲਆ ਸਗੋਂ ਸਰਕਾਰ ਨੇ ਦਰਬਾਰ ਸਾਹਿਬ ਉੱਤੇ ਫੌਜੀ ਹਮਲਾ ਕਰਕੇ ਤੀਜਾ ਘੱਲਘਾਰਾ ਵਰਤਾ ਦਿੱਤਾ। 1980-90ਵਿਆਂ ਦੇ ਹਥਿਆਰਬੰਦ ਸੰਘਰਸ਼ ਤੋਂ ਬਾਅਦ ਜਦੋਂ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਮੁੜ ਪੰਜਾਬ ਦੇ ਸਿਆਸੀ ਦ੍ਰਿਸ਼ ਉੱਤੇ ਉੱਭਰਿਆ ਤਾਂ ਇਹ ਪਹਿਲਾਂ ਵਾਲਾ ਅਕਾਲੀ ਦਲ ਨਹੀਂ ਸੀ। ਇਸ ਦਲ ਵਿੱਚ ਹੁਣ ਸੱਤਾ ਵਿੱਚ ਰਹਿਣ ਦੀ ਲਲਕ ਵਧੇਰੇ ਸੀ ਤੇ ਸਿੱਖ ਸਰੋਕਾਰ ਪਿੱਛੇ ਪਾ ਦਿੱਤੇ ਗਏ ਸਨ।
ਸ. ਅਜਮੇਰ ਸਿੰਘ ਨੇ ਕਿਹਾ ਕਿ ਸੱਤਾ ਮਾਨਣ ਦੀ ਲਲਕ ਅਤੇ ਸਵਾਰਥਾਂ ਦੀ ਰਾਜਨੀਤੀ ਕਰਦਿਆਂ-ਕਰਦਿਆਂ ਹੀ ਸਿੱਖਾਂ ਦੀ ਗੱਲ ਕਰਨ ਵਾਲਾ ਸ਼੍ਰੋਮਣੀ ਅਕਾਲੀ ਦਲ ਅੱਜ ਵਾਲੀ ਥਾਂ ’ਤੇ ਪੁੱਜਾ ਹੈ, ਜਿੱਥੇ ਉਹ ਬੜੀ ਬੇਸ਼ਰਮੀ ਨਾਲ 1980ਵਿਆਂ ਵਿੱਚ ਕਾਂਗਰਸ ਵੱਲੋਂ ਸਿੱਖਾਂ ਵਿਰੁੱਧ ਬੋਲੀ ਜਾਂਦੀ ਰਹੀ ਬੋਲੀ ਬੋਲ ਰਿਹਾ ਹੈ।
ਭਾਰਤੀ ਸਟੇਟ ਨੇ ਸੱਤਾ ਦੀ ਖੇਡ ਰਾਹੀਂ ਸੰਘਰਸ਼ਸ਼ੀਲ ਧਿਰਾਂ ਦਾ ਡੰਗ ਭੰਨਿਆ:
ਕਸ਼ਮੀਰ, ਦਰਾਵਿੜ, ਤਾਮਿਲ ਧਿਰਾਂ ਸਮੇਤ ਹੋਰਨਾਂ ਖੇਤਰੀ ਤਾਕਤਾਂ ਦੀ ਉਦਾਹਰਣ ਦੇਂਦਿਆਂ ਸ. ਅਜਮੇਰ ਸਿੰਘ ਨੇ ਕਿਹਾ ਕਿ ਵੱਖਰੀ ਪਛਾਣ ਦੀ ਗੱਲ ਕਰਨ ਵਾਲੀਆਂ ਜਿਹਨਾਂ ਵੀ ਤਾਕਤਾਂ ਨੇ ਭਾਰਤੀ ਸਟੇਟ ਵੱਲੋਂ ਰਚੀ ਸੱਤਾ ਦੀ ਖੇਡ ਦਾ ਹਿੱਸਾ ਬਣਨਾ ਪਰਵਾਣ ਕੀਤਾ, ਉਹਨਾਂ ਦਾ ਅਖੀਰੀ ਹਸ਼ਰ ਇਹੀ ਹੋਇਆ ਹੈ ਕਿ ਉਹਨਾਂ ਦਾ ਸੰਘਰਸ਼ ਕਰਨ ਦਾ ਮਾਦਾ ਖਤਮ ਕਰ ਦਿੱਤਾ ਗਿਆ।
ਉਹਨਾਂ ਕਿਹਾ ਕਿ ਸ਼ੁਰੂ ਵਿੱਚ ਇਹ ਧਿਰਾਂ ਆਪਣੇ ਮਸਲਿਆਂ ਦੇ ਹੱਲ ਲਈ ਹੀ ਕਥਿਤ ਭਾਰਤੀ ਜਮਹੂਰੀਅਤ ਵਿੱਚ ਸੱਤਾ ਹਾਸਲ ਕਰਨ ਵੱਲ ਵਧੀਆਂ ਸਨ ਪਰ ਉਸ ਸੱਤਾ ਦੇ ਨਿਯਮਾਂ ਹੇਠ ਵੱਖਰੀਆਂ ਪਛਾਣਾਂ ਦੇ ਮਸਲੇ ਹੱਲ ਨਹੀਂ ਹੋਏ ਤੇ ਨਾ ਹੀ ਅਜਿਹਾ ਹੋਣਾ ਸੀ। ਇਸ ਤੋਂ ਬਾਅਦ ਹੌਲੀ-ਹੌਲੀ ਇਹਨਾਂ ਧਿਰਾਂ ਨੇ ਸੱਤਾ ਪ੍ਰਾਪਤੀ ਨੂੰ ਆਪਣਾ ਮੂਲ ਮਸਲਾ ਬਣਾ ਲਿਆ ਹੈ। ਪਹਿਲਾਂ ਜਿਹਨਾਂ ਦੇ ਹੱਲ ਲਈ ਇਹ ਧਿਰਾਂ ਸੰਘਰਸ਼ ਕਰਦੀਆਂ ਸਨ ਹੁਣ ਸਿਰਫ ੳਹਨਾਂ ਦਾ ਜ਼ਿਕਰ ਕੁਝ ਕੁ ਮੌਕਿਆਂ ’ਤੇ ਸੱਤਾ ਪ੍ਰਾਪਤੀ ਲਈ ਕੀਤੇ ਜਾਣ ਵਾਲੇ ਪਰਚਾਰ ਦੇ ਖਾਜੇ ਵਜੋਂ ਹੀ ਕੀਤਾ ਜਾਂਦਾ ਹੈ।
ਇਹੀ ਕੁਝ ਹੁਣ ਸ਼੍ਰੋਮਣੀ ਅਕਾਲੀ ਦਲ (ਬਾਦਲ) ਕਰ ਰਿਹਾ ਹੈ। ਜਦੋਂ ਬਾਦਲਾਂ ਦੀ ਸਿਆਸਤ ਨੂੰ ਸੂਤ ਬੈਠਦਾ ਹੈ ਤਾਂ ਉਹ ਸਿੱਖਾਂ ਉੱਤੇ ਹੋਏ ਜ਼ੁਲਮਾਂ ਅਤੇ ਸਿੱਖ ਮਸਲਿਆਂ ਦੀ ਗੱਲ ਕਰਨ ਲੱਗ ਜਾਂਦੇ ਹਨ ਅਤੇ ਜਦੋਂ ਉਹਨਾਂ ਦੀ ਸਿਆਸਤ ਦੀ ਮੰਗ ਕੁਝ ਹੋਰ ਹੁੰਦੀ ਹੈ ਤਾਂ ਉਹਨਾਂ ਮਸਲਿਆਂ ਨੂੰ ਦੇਸ਼ ਦੀ ਏਕਤਾ-ਅਖੰਡਤਾ ਤੇ ਭਾਈਚਾਰਕ ਸਾਂਝ ਲਈ ਖਤਰਾ ਦੱਸਣ ਲੱਗ ਜਾਂਦੇ ਹਨ।
***
ਪਾਠਕਾਂ ਦੀ ਜਾਣਕਾਰੀ ਹਿਤ: ਸਿੱਖ ਸਿਆਸਤ ਵੱਲੋਂ ਸ. ਅਜਮੇਰ ਸਿੰਘ ਹੋਰਾਂ ਨਾਲ ਕੀਤੀ ਗਈ ਗੱਲਬਾਤ, ਜਿਸ ਦਾ ਜ਼ਿਕਰ ਉੱਪਰਲੀ ਲਿਖਤ ਵਿੱਚ ਆਇਆ ਹੈ, ਉਹ ਆਉਂਦੇ ਦਿਨਾਂ ਵਿੱਚ ਸਿੱਖ ਸਿਆਸਤ ਦੇ ਯੂ-ਟਿਊਬ ਮੰਚ ’ਤੇ ਸਾਂਝੀ ਕੀਤੀ ਜਾਵੇਗੀ। ਇਸ ਗੱਲਬਾਤ ਦੇ ਜਾਰੀ ਹੋਣ ਦੀ ਤੁਰਤ ਜਾਣਕਾਰੀ ਹਾਸਲ ਕਰਨ ਲਈ ਸਾਡੇ ਯੂ-ਟਿਊਬ ਮੰਚ ਨਾਲ ਜੁੜੋ।
ਸਿੱਖ ਸਿਆਸਤ ਦੇ ਯੂ-ਟਿਊਬ ਮੰਚ ਨਾਲ ਜੁੜਨ ਲਈ ਇਹ ਤੰਦ ਛੂਹੋ – https://youtube.com/sikhsiyasat ਅਤੇ ‘ਸਬਸਕਰਾਈਬ’ (Subscribe) ਵਾਲਾ ਬੀੜਾ ਦੱਬੋ। ਸਿੱਖ ਸਿਆਸਤ ਵੱਲੋਂ ਜਾਰੀ ਕੀਤੀਆਂ ਜਾਂਦੀਆਂ ਬੋਲਦੀਆਂ-ਮੂਰਤਾਂ (ਵੀਡੀਓ) ਬਾਰੇ ਸਮੇਂ ਸਿਰ ਸੁਨੇਹਾ ਹਾਸਲ ਕਰਨ ਲਈ, ‘ਸਬਸਕਰਾਈਬ’ ਕਰਨ ਤੋਂ ਬਾਅਦ ਟੱਲੀ (Bell) ਵਾਲਾ ਬੀੜਾ ਦੱਬਣਾ ਨਾ ਭੁੱਲਿਓ।