ਚੰਡੀਗੜ੍ਹ, ਨਵੀਂ ਦਿੱਲੀ (16 ਜਨਵਰੀ, 2015): ਵਿਵਾਦਤ ਸੌਦਾ ਸਾਧ ਦੀ ਵਿਵਾਦਤ ਫਿਲਮ ਮੈਸੇਂਜਰ ਆਫ ਗੌਡ ਵਿਰੁੱਧ ਅੱਜ ਹਰਿਆਣਾ, ਪੰਜਾਬ ਅਤੇ ਦਿੱਲੀ ਦੀਆਂ ਸੜਕਾਂ ‘ਤੇ ਰੋਸ ਪ੍ਰਦਰਸ਼ਨ ਕੀਤੇ ਗਏ।
ਬਾਦਲ ਦਲ, ਇਨੈਲੋ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਜਥੇਬੰਦੀਆਂ ਨੇ ਨੇ ਅੰਬਾਲਾ ਦੇ ਗਲੈਕਸੀ ਮਾਲ ਦੇ ਸਾਹਮਣੇ ਪ੍ਰਦਰਸ਼ਨ ਕਰਦਿਆਂ ਫਿਲਮ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਫਿਲਮ ‘ਤੇ ਰੋਕ ਲਾਉਣ ਦੀ ਮੰਗ ਕੀਤੀ। ਇਸੇ ਤਰਾਂ ਦੇ ਪ੍ਰਦਰਸ਼ਨ ਹਰਿਆਣਾ ਦੇ ਹਿਸਾਰ ਅਤੇ ਸਿਰਸਾ ਵਿਖੇ ਵੀ ਕੀਤੇ ਗਏ।
ਮੈਸੈਂਜਰ ਆਫ ਗਾਡ’ ਦੀ ਸਕਰੀਨਿੰਗ ਦੀ ਵਿਸ਼ੇਸ਼ ਸਕ੍ਰੀਨਿੰਗ ਅੱਜ ਸੈਕਟਰ 29 ‘ਚ ਲਈਅਰ ਵੈਲੀ ਪਾਰਕ ਗੜਗਾਉਂ ਵਿੱਚ ਕੀਤੇ ਜਾਣ ਦਾ ਪ੍ਰੋਗਰਾਮ ਸੀ। ਗੁੜਗਾਓਾ ਦੇ ਪੁਲਿਸ ਕਮਿਸ਼ਨਰ ਨਵਦੀਪ ਸਿੰਘ ਵਿਰਕ ਨੇ ਦੱਸਿਆ ਕਿ ਸ਼ਹਿਰ ‘ਚ ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਉਨ੍ਹਾਂ ਦੀ ਡੇਰਾ ਸਿਰਸਾ ਦੇ ਸ਼ਰਧਾਲੂਆਂ ਨਾਲ ਝੜਪ ਹੋਣ ਤੋਂ ਰੋਕਣ ਲਈ 60 ਦੇ ਕਰੀਬ ਇਨੈਲੋ ਵਰਕਰਾਂ ਨੂੰ ਹਿਰਾਸਤ ‘ਚ ਲਿਆ ਗਿਆ।
ਦਿੱਲੀ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਸੰਗਠਨਾਂ ਵੱਲੋਂ ਫ਼ਿਲਮ ਦੇ ਪ੍ਰਦਰਸ਼ਨ ‘ਤੇ ਰੋਕ ਲਗਾਉਣ ਦੀ ਮੰਗ ਨੂੰ ਲੈ ਕੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ।ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਦੀ ਅਗਵਾਈ ਵਿਚ ਸੈਂਕੜੇ ਸਿੱਖਾਂ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਮਹਾਂਦੇਵ ਰੋਡ ‘ਤੇ ਸੈਂਸਰ ਬੋਰਡ ਦੇ ਡਿਜ਼ੀਟਲ ਥੀਏਟਰ ਤੱਕ ਸ਼ਾਂਤੀਪੂਰਨ ਰੋਸ ਮਾਰਚ ਕੱਢਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਦਿੱਲੀ ਪਿੁਲਸ ਵੱਲੋਂ ਧਾਰਾ 144 ਦਾ ਹਵਾਲਾ ਦੇ ਕੇ ਪ੍ਰਦਰਸ਼ਨਕਾਰੀਆਂ ਨੂੰ ਪੰਡਤ ਪੰਤ ਮਾਰਗ ‘ਤੇ ਰੋਕ ਲਿਆ।