Site icon Sikh Siyasat News

ਭਾਗਵਤ ਦੀਆਂ ਘੱਟ ਗਿਣਤੀਆਂ ਖਿਲਾਫ ਸ਼੍ਰੋਮਣੀ ਅਕਾਲੀ ਦਲ ਦਿੱਲੀ ਵੱਲੋਂ ਆਰ. ਐੱਸ. ਐੱਸ ਦਫਤਰ ਸਾਹਮਣੇ ਮੁਜ਼ਾਹਰਾ 6 ਨੂੰ

ਨਵੀ ਦਿੱਲੀ ( 3 ਸਤੰਬਰ 2014): ਸਿੱਖ ਧਰਮ ਦੇ ਧਾਰਮਿਕ ਰੀਤੀ ਰਿਵਾਜ, ਸਭਿਆਚਾਰ ਤੇ ਰਹਿਣ ਸਹਿਣ ਵੀ ਹਿੰਦੂ ਦੀਆ ਰਵਾਇਤਾਂ ਨਾਲੋ ਅਲੱਗ ਅਤੇ ਇਸ ਨੂੰ ਹਿੰਦੂ ਧਰਮ ਦਾ ਅੰਗ ਦੱਸਣਾ ਕਦਾਚਿਤ ਬਰਦਾਸ਼ਤ ਨਹੀ ਕੀਤਾ ਜਾਵੇਗਾ। ਸ੍ਰ ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਆਰ.ਐਸ.ਐਸ ਮੁੱਖੀ ਮੋਹਨ ਭਾਗਵਤ ਵੱਲੋ ਸਿੱਖਾਂ ਨੂੰ ਹਿੰਦੂ ਦੱਸਣ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆ ਕਿਹਾ ਕਿ 6 ਸਤੰਬਰ ਨੂੰ ਆਰ.ਐਸ.ਐਸ ਦੇ ਦਿੱਲੀ ਸਥਿਤ ਦਫਤਰ ਦੇ ਬਾਹਰ ਝੰਡੇ ਵਾਲਾ ਚੌਕ ਵਿਖੇ ਸਵੇਰੇ 10 ਵਜੇ ਰੋਸ ਮੁਜਾਹਰਾ ਕੀਤਾ ਜਾਵੇਗਾ।

ਉਹਨਾਂ ਕਿਹਾ ਕਿ 6 ਸਤੰਬਰ ਨੂੰ ਸਵੇਰੇ 10 ਵਜੇ ਝੰਡੇ ਵਾਲਾ ਚੌਕ ਵਿਖੇ ਆਰ.ਐਸ..ਐਸ ਦੇ ਦਫਤਰ ਦਾ ਬਾਹਰ ਮੁਜਾਹਰਾ ਪੂਰੀ ਤਰਾਂ ਅਮਨ ਅਮਾਨ ਨਾਲ ਕੀਤਾ ਜਾਵੇਗਾ ਤੇ ਇਸ ਵਿੱਚ ਉਹਨਾਂ ਪੰਥ ਦਰਦੀਆ ਤੇ ਸੰਸਥਾਵਾਂ ਨੂੰ ਸ਼ਾਮਲ ਹੋਣ ਦਾ ਖੁੱਲਾਂ ਸੱਦਾ ਦਿੱਤਾ ਜਾਂਦਾ ਹੈ ਜਿਹੜੀਆ ਪੰਥਕ ਦਰਦ ਆਪਣੇ ਹਿਰਦੇ ਵਿੱਚ ਸਮੋਈ ਬੈਠੀਆ ਹਨ।

ਜਾਰੀ ਇੱਕ ਬਿਆਨ ਰਾਹੀ ਸ੍ਰ ਸਰਨਾ ਨੇ ਕਿਹਾ ਕਿ ਇਸ ਰੋਸ ਮੁਜ਼ਾਹਰੇ ਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ ਕਰਨਗੇ ਤੇ ਮੁਜਾਹਰਾ ਕਰਨ ਤੋ ਪਹਿਲਾਂ ਪੰਚ ਕੂਹੀ ਚੌਕ ਤੋ ਸੰਗਤਾਂ ਭਾਰੀ ਗਿਣਤੀ ਵਿੱਚ ਇਕੱਠੀਆ ਹੋ ਕੇ ਆਰ.ਐਸ.ਐਸ ਦੇ ਦਫਤਰ ਝੰਡੇ ਵਾਲਾ ਚੌਕ ਵੱਲ ਕੂਚ ਕਰਨਗੀਆ।

ਉਹਨਾਂ ਕਿਹਾ ਕਿ ਵੱਖ ਵੱਖ ਬੁਲਾਰੇ ਇਸ ਮੁਜ਼ਾਹਰੇ ਨੂੰ ਸੰਬੋਧਨ ਕਰਨਗੇ ਤੇ ਆਰ.ਐਸ.ਐਸ ਮੁੱਖੀ ਮੋਹਨ ਭਾਗਵਤ ਦੁਆਰਾ ਕੀਤੇ ਜਾ ਰਹੇ ਘੱਟ ਗਿਣਤੀਆ ਦੇ ਹਮਲਿਆ ਦਾ ਮੂੰਹ ਤੋੜ ਜਵਾਬ ਦੇਣਗੇ। ਉਹਨਾਂ ਕਿਹਾ ਕਿ ਸਿੱਖ ਇੱਕ ਵੱਖਰੀ ਕੌਮ ਹਨ ਅਤੇ ਭਾਗਵਤ ਕੋਲੋ ਸਿੱਖਾਂ ਨੂੰ ਕੋਈ ਸਰਕਟੀਫਿਕੇਟ ਲੈਣ ਦੀ ਲੋੜ ਨਹੀ ਹੈ। ਉਨਾਂ ਕਿਹਾ ਕਿ ਆਪਣੇ ਮੂੰਹੋ ਆਪੇ ਮੀਆ ਮਿੱਠੂ ਬਣ ਕੇ ਭਾਗਵਤ ਨੇ ਪਹਿਲਾਂ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਦੱਸ ਕੇ ਹਿੰਦੂ ਧਰਮ ਦਾ ਇੱਕ ਅੰਗ ਦੱਸਿਆ ਤੇ ਫਿਰ ਆਪਣੇ ਭਾਸ਼ਨ ਵਿੱਚ ਇਹ ਵੀ ਕਿਹਾ ਕਿ ਦੇਸ ਦੀਆ ਘੱਟ ਗਿਣਤੀਆ ਨੂੰ ਹਿੰਦੂ ਧਰਮ ਆਪਣੇ ਵਿੱਚ ਜ਼ਜ਼ਬ ਕਰਨ ਦੀ ਸਮੱਰਥਾ ਰੱਖਦਾ ਹੈ।

ਉਹਨਾਂ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਭਾਗਵਤ ਦੇ ਖਿਲਾਫ ਸਰਕਾਰ ਤੁਰੰਤ ਕਾਰਵਾਈ ਕਰਕੇ ਕਨੂੰਨੀ ਕਾਰਵਾਈ ਕਰਦੀ ਪਰ ਸਰਕਾਰ ਦੀ ਚੁੱਪ ਵੀ ਕਈ ਪ੍ਰੁਕਾਰ ਦੇ ਸ਼ੰਕੇ ਪ੍ਰਗਟ ਕਰਦੀ ਹੈ।

ਸਿੱਖ ਧਰਮ ਦੀ ਗੱਲ ਕਰਦਿਆ ਉਹਨਾਂ ਕਿਹਾ ਕਿ ਸਿੱਖ ਧਰਮ ਦੀ ਬੁਨਿਆਦ ਹੀ ਸਿੱਖੀ ਦੇ ਵੱਖਰੇ ਸਿਧਾਤਾਂ ਤੇ ਨਿਯਮਾਂ ਅਨੁਸਾਰ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰੱਖੀ ਸੀ ਜਿਸ ਨੂੰ ਇੱਕ ਮਰਿਆਦਾ ਦੇ ਸੂਤਰ ਵਿੱਚ ਪਰੋਣ ਦਾ ਕਾਰਜ ਦਸਵੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿੱਚ ਵਿਸਾਖੀ ਦੇ ਤਿਉਹਾਰ ਤੇ ਖਾਲਸਾ ਪੰਥ ਸਜਾ ਕੇ ਕੀਤਾ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version