Site icon Sikh Siyasat News

ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਹਰਿਆਣਾ ਅੰਦਰ ਅਗਲੀਆਂ ਸਾਰੀਆਂ ਚੋਣਾਂ ਆਪਣੇ ਚੋਣ ਨਿਸ਼ਾਨ ‘ਤੇ ਲੜਨ ਦਾ ਐਲਾਨ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਬਾਦਲ) ਹਰਿਆਣਾ ਅੰਦਰ ਅਗਲੀਆਂ ਸਾਰੀਆਂ ਚੋਣਾਂ ਆਪਣੇ ਚੋਣ ਨਿਸ਼ਾਨ ਉੱਤੇ ਲੜੇਗਾ। ਇਸ ਦੀ ਸ਼ੁਰੂਆਤ ਅੰਬਾਲਾ ਅਤੇ ਰੋਹਤਕ ਦੀਆਂ ਆ ਰਹੀਆਂ ਨਗਰ ਨਿਗਮ ਚੋਣਾਂ ਤੋਂ ਕੀਤੀ ਜਾਵੇਗੀ।

ਇਸ ਸੰਬੰਧੀ ਫੈਸਲਾ ਸੋਮਵਾਰ ਸ਼ਾਮੀਂ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਵਿਚ ਹੋਈ ਬਾਦਲ ਦਲ ਦੀ ਹਰਿਆਣਾ ਸੂਬਾ ਇਕਾਈ ਦੀ ਇੱਕ ਮੀਟਿੰਗ ਵਿਚ ਲਿਆ ਗਿਆ।

ਇਸ ਬਾਰੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹਰਿਆਣਾ ਅੰਦਰ ਅਗਲੀਆਂ ਸਾਰੀਆਂ ਚੋਣਾਂ ਪਾਰਟੀ ਦੇ ਚੋਣ ਨਿਸ਼ਾਨ ਉੱਤੇ ਲੜਣ ਸੰਬੰਧੀ ਹਰਿਆਣਾ ਇਕਾਈ ਦੇ ਮੈਂਬਰਾਂ ਨੇ ਸਰਬਸੰਮਤੀ ਨਾਲ ਇੱਕ ਮਤਾ ਪਾਸ ਕਰ ਦਿੱਤਾ ਹੈ।

ਸੁਖਬੀਰ ਬਾਦਲ ਨੇ ਕਿਹਾ ਕਿ ਹਰਿਆਣਾ ਦੀ ਸੂਬਾਈ ਲੀਡਰਸ਼ਿਪ ਵੱਲੋਂ ਬੇਨਤੀ ਕੀਤੇ ਜਾਣ ਉੱਤੇ ਇਹ ਫੈਸਲਾ ਵੀ ਕੀਤਾ ਗਿਆ ਹੈ ਕਿ ਉੱਥੇ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਵਿਚ ਮੱਦਦ ਕਰਨ ਲਈ ਪੰਜਾਬ ਤੋਂ ਬਾਦਲ ਦਲ ਦੇ ਸੀਨੀਅਰ ਆਗੂ ਭੇਜੇ ਜਾਣਗੇ।

ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਬਾਦਲ (ਫਾਈਲ ਫੋਟੋ)

ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਸ਼ਰਨਜੀਤ ਸਿੰਘ ਸੋਠਾ ਅਤੇ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ ਨੇ ਸੰਬੋਧਨ ਕੀਤਾ। ਇਸ ਮੌਕੇ ਕੁਰੂਕਸ਼ੇਤਰ ਵਾਲੇ ਪਾਰਟੀ ਦਫਤਰ ਦਾ ਆਧੁਨਿਕੀਕਰਨ ਕਰਨ ਦਾ ਸੁਝਾਅ ਦਿੱਤਾ ਗਿਆ। ਸੁਖਬੀਰ ਸਿੰਘ ਬਾਦਲ ਨੇ ਤੁਰੰਤ ਇਸ ਸੁਝਾਅ ਨੂੰ ਸਵੀਕਾਰ ਕਰ ਲਿਆ ਅਤੇ ਕਿਹਾ ਕਿ ਇਹ ਦਫਤਰ ਮਜ਼ਬੂਤ ਅਤੇ ਆਧੁਨਿਕ ਸੰਚਾਰ ਉਪਕਰਨਾਂ ਨਾਲ ਲੈਸ ਹੋਣਾ ਚਾਹੀਦਾ ਹੈ।

ਇਸ ਮੌਕੇ ਸੰਬੋਧਨ ਕਰਨ ਵਾਲੇ ਬਾਕੀ ਆਗੂਆਂ ਵਿਚ ਅਮਰਜੀਤ ਸਿੰਘ ਮੰਗੀ (ਜਗਾਧਰੀ), ਬਲਕਾਰ ਸਿੰਘ (ਵਿਧਾਇਕ ਕਾਲਿਆਂਵਾਲੀ), ਗੁਰਮੀਤ ਸਿੰਘ ਤਿਰਲੋਕਾਵਾਲਾ, ਭੁਪਿੰਦਰ ਸਿੰਘ ਅਸੰਧ (ਦੋਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ), ਬਲਦੇਵ ਸਿੰਘ ਕੈਣਪੁਰ, ਸੰਤ ਸਿੰਘ ਕੰਧਾਰੀ (ਅੰਬਾਲਾ), ਸੁਖਦੇਵ ਸਿੰਘ ਗੋਬਿੰਦਗੜ੍ਹ, ਗੁਰਜੋਤ ਸਿੰਘ ਨਿਡਰ (ਅੰਬਾਲਾ ਕੈਂਟ), ਬਲਬੀਰ ਸਿੰਘ (ਅੰਬਾਲਾ), ਰਵਿੰਦਰ ਸਿੰਘ ਰਾਣਾ (ਫਰੀਦਾਬਾਦ), ਸੁਖਸਾਗਰ ਸਿੰਘ (ਹਿਸਾਰ), ਗੁਰਮੀਤ ਸਿੰਘ ਪੂਨੀਆ, ਪ੍ਰੋਫੈਸਰ ਸੁੰਦਰ ਸਿੰਘ (ਕੈਥਲ), ਚਰਨਜੀਤ ਸਿੰਘ ਤੱਖੜ, ਬੀਬੀ ਕਰਤਾਰ ਕੌਰ, ਸੁਰਜੀਤ ਸਿੰਘ (ਅੰਬਾਲਾ) ਅਤੇ ਸੁਖਜੀਤ ਸਿੰਘ (ਸਿਰਸਾ) ਸ਼ਾਮਿਲ ਸਨ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

SAD (Badal) To Contest All Forthcoming Elections In BJP Ruled Haryana …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version