ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਚਾਰ ਥਾਵਾਂ ਉੱਤੇ ਹੋਈ ਗੋਲੀਬਾਰੀ ਅਤੇ ਹਿੰਸਾ ਮਗਰੋਂ ਉੱਥੇ ਮਿਉਂਸੀਪਲ ਚੋਣਾਂ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਪਾਰਟੀ ਨੇ ਉਹਨਾਂ ਅਧਿਕਾਰੀਆਂ ਖ਼ਿਲਾਫ ਕਾਰਵਾਈ ਕਰਨ ਦੀ ਵੀ ਮੰਗ ਕੀਤੀ ਹੈ, ਜਿਹਨਾਂ ਨੇ ਬਾਦਲ ਦਲ ਦੇ ਉਮੀਦਵਾਰਾਂ ਨੂੰ ਐਨਓਸੀ ਨਹੀਂ ਜਾਰੀ ਕੀਤੇ।
ਬਾਦਲ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਦਲਜੀਤ ਸਿੰਘ ਚੀਮਾ ਦੀ ਅਗਵਾਈ ਵਿਚ ਇੱਕ ਵਫ਼ਦ ਨੇ ਵੱਖ-ਵੱਖ ਥਾਵਾਂ ਉੱਤੇ ਹੋਈਆਂ ਚੋਣ ਜ਼ਾਬਤੇ ਦੀਆਂ ਉਲੰਘਣਾਵਾਂ ਦੀਆਂ ਤਸਵੀਰਾਂ ਸੂਬੇ ਦੇ ਚੋਣ ਕਮਿਸ਼ਨਰ ਜਗਪਾਲ ਸਿੰਘ ਸੰਧੂ ਨੂੰ ਸੌਂਪਣ ਦਾ ਦਾਅਵਾ ਕੀਤਾ ਹੈ। ਵਫ਼ਦ ਨੇ ਇਹ ਵੀ ਮੰਗ ਕੀਤੀ ਕਿ ਫਿਰੋਜ਼ਪੁਰ ਜ਼ਿਲ੍ਹੇ ਵਿਚ ਪੈਂਦੀਆਂ ਮੱਲਾਂਵਾਲਾ ਅਤੇ ਮੱਖੂ ਦੀਆਂ ਨਗਰ ਪੰਚਾਇਤਾਂ, ਪਟਿਆਲਾ ਜ਼ਿਲ੍ਹੇ ਵਿਚ ਪੈਂਦੀ ਘਨੌਰ ਅਤੇ ਮੋਗਾ ਜ਼ਿਲ੍ਹੇ ਵਿਚ ਪੈਂਦੀ ਬਾਘਾਪੁਰਾਣਾ ਦੀਆਂ ਨਗਰਪਾਲਿਕਾਵਾਂ ਦੀ ਚੋਣਾਂ ਤੁਰੰਤ ਰੱਦ ਕੀਤੀਆਂ ਜਾਣ। ਬਾਦਲ ਦਲ ਦੇ ਵਫ਼ਦ ਨੇ ਸੂਬੇ ਦੇ ਚੋਣ ਕਮਿਸ਼ਨਰ (ਐਸਈਸੀ) ਨੂੰ ਚਾਰੇ ਥਾਂਵਾਂ ਉੱਤੇ ਹੋਈ ਹਿੰਸਾ ਦੀ ਸ਼ਿਕਾਇਤ ਕੀਤੀ। ਵਫ਼ਦ ਨੇ ਦੋਸ਼ ਲਾਇਆ ਕਿ ਪਿਛਲੇ ਤਿੰਨ ਦਿਨਾਂ ਤੋਂ ਚੋਣ ਕਮਿਸ਼ਨਰ ਨੂੰ ਸ਼ਿਕਾਇਤਾਂ ਵੀ ਕੀਤੀਆਂ ਜਾ ਰਹੀਆਂ ਸਨ ਪਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਚੋਣ ਕਮਿਸ਼ਨਰ ਕੋਈ ਪਰਵਾਹ ਨਹੀਂ ਕਰ ਰਹੇ।
ਡਾਕਟਰ ਚੀਮਾ ਨੇ ਦੋਸ਼ ਲਾਇਆ ਕਿ ਮਾਨਾਂਵਾਲਾ ਅਤੇ ਮੱਖੂ ਦੇ ਮਾਮਲੇ ਵਿਚ ਕੱਲ੍ਹ ਸੂਬੇ ਦੇ ਚੋਣ ਕਮਿਸ਼ਨਰ ਕੋਲ ਦਰਜ ਕਰਵਾਈ ਸ਼ਿਕਾਇਤ ਦੇ ਬਾਵਜੂਦ ਉਥੇ ਬਾਦਲ ਦਲ ਦੇ ਕਿਸੇ ਵੀ ਉਮੀਦਵਾਰ ਨੂੰ ਐਨਓਸੀ ਨਹੀਂ ਦਿੱਤੀ ਗਈ। ਉਹਨਾਂ ਦੋਸ਼ ਲਾਇਆ ਕਿ ਜਦੋਂ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ, ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਜ਼ੀਰਾ ਅਤੇ ਵਰਦੇਵ ਸਿੰਘ ਮਾਨ ਅਕਾਲੀ ਦਲ ਬਾਦਲ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ਼ ਦਾਖ਼ਲ ਕਰਵਾਉਣ ਲਈ ਮੱਖੂ ਵਿਚ ਮਾਰਕੀਟ ਕਮੇਟੀ ਦੇ ਦਫ਼ਤਰ ਜਾ ਰਹੇ ਸਨ ਤਾਂ ਕਾਂਗਰਸ ਦੇ ਹਮਾਇਤੀਆਂ ਨੇ ਉਹਨਾਂ ਉੱਪਰ ਹਮਲਾ ਕਰ ਦਿੱਤਾ। ਡਾ. ਚੀਮਾ ਨੇ ਇਹ ਵੀ ਦੋਸ਼ ਲਾਇਆ ਕਿ ਹਮਲੇ ‘ਚ ਬਾਦਲ ਦਲ ਦੇ ਅਵਤਾਰ ਸਿੰਘ ਜ਼ੀਰਾ ਜ਼ਖ਼ਮੀ ਹੋ ਗਏ ਅਤੇ ਕਾਂਗਰਸ ਸਮਰਥਕਾਂ ਨੇ ਵਰਦੇਵ ਸਿੰਘ ਮਾਨ ਅਤੇ ਬਾਦਲ ਦਲ ਦੇ ਹੋਰ ਕਾਰਕੁੰਨਾਂ ਦੀਆਂ ਗੱਡੀਆਂ ਦੀ ਤੋੜ ਭੰਨ ਕੀਤੀ। ਡਾ. ਚੀਮਾ ਨੇ ਦੋਸ਼ ਲਾਇਆ ਕਿ ਅਵਤਾਰ ਸਿੰਘ ਜ਼ੀਰਾ ਦੀ ਕਾਰ ਉੱਤੇ ਗੋਲੀਆਂ ਚਲਾਈਆਂ ਗਈਆਂ। ਬਾਦਲ ਦਲ ਦੇ ਆਗੂ ਨੇ ਦੋਸ਼ ਲਾਇਆ ਕਿ ਇਸੇ ਤਰ੍ਹਾਂ ਬਾਘਾਪੁਰਾਣਾ ਵਿਚ ਜਦੋਂ ਅਕਾਲੀ ਦਲ ਬਾਦਲ ਦੇ ਕਾਰਕੁੰਨ ਐਸਡੀਐਮ ਦੇ ਦਫਤਰ ਵਿਚ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਜਾ ਰਹੇ ਸਨ ਤਾਂ ਕਾਂਗਰਸੀਆਂ ਨੇ ਹਮਲਾ ਕਰਦਿਆਂ ਉਹਨਾਂ ਦੇ ਕਾਗਜ਼ ਖੋਹ ਕੇ ਪਾੜ ਦਿੱਤੇ। ਡਾ. ਚੀਮਾ ਨੇ ਕਿਹਾ ਕਿ ਇਸ ਹਮਲੇ ਕਾਰਣ 15 ਉਮੀਦਵਾਰਾਂ ਵਿਚੋਂ 14 ਉਮੀਦਵਾਰ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਨਹੀਂ ਕਰ ਸਕੇ। ਇੰਨਾ ਹੀ ਨਹੀਂ ਇਸ ਹਮਲੇ ਵਿਚ ਬਾਘਾਪੁਰਾਣਾ ਸ਼ਹਿਰੀ ਪ੍ਰਧਾਨ ਪਵਨ ਢੰਡ ਦੀ ਬਾਂਹ ਟੁੱਟ ਗਈ ਅਤੇ 7 ਹੋਰ ਅਕਾਲੀ ਦਲ ਬਾਦਲ ਦੇ ਕਾਰਕੁੰਨ ਜ਼ਖ਼ਮੀ ਹੋ ਗਏ। ਬਾਕੀ ਜ਼ਖ਼ਮੀਆਂ ਵਿਚ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਹਰਮੇਲ ਸਿੰਘ ਮੌੜ ਅਤੇ ਸਰਕਲ ਪ੍ਰਧਾਨ ਬਲਤੇਜ ਸਿੰਘ ਵੀ ਸ਼ਾਮਿਲ ਹਨ।
ਡਾਕਟਰ ਚੀਮਾ ਨੇ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ‘ਤੇ ਦੋਸ਼ ਲਾਇਆ ਕਿ ਉਸਦੀ ਸਰਪ੍ਰਸਤੀ ਵਾਲੇ ਕਾਂਗਰਸੀਆਂ ਨੇ ਐਸਡੀਐਮ ਦੇ ਦਫ਼ਤਰ ਵਿਚ ਬਾਦਲ ਦਲ ਦੇ ਉਮੀਦਵਾਰਾਂ ਤੋਂ ਨਾਮਜ਼ਦਗੀ ਕਾਗਜ਼ ਖੋਹ ਕੇ ਪਾੜ ਦਿੱਤੇ। ਬਾਦਲ ਦਲ ਦੇ ਆਗੂ ਡਾ. ਚੀਮਾ ਨੇ ਦੋਸ਼ ਲਾਇਆ ਕਿ ਐਸਡੀਐਮ ਨੇ ਵਾਰਡ ਨੰਬਰ 12 ਤੋਂ ਬਾਦਲ ਦਲ ਦੇ ਉਮੀਦਵਾਰ ਕੁਲਦੀਪ ਸਿੰਘ ਦੇ ਕਾਗਜ਼ ਲੈਣ ਤੋਂ ਇਨਕਾਰ ਕਰ ਦਿੱਤਾ ਜਦਕਿ ਉਹ ਦੁਪਹਿਰ 12 ਵਜੇ ਤੋਂ ਐਸਡੀਐਮ ਦੇ ਦਫ਼ਤਰ ਵਿਚ ਬੈਠਾ ਸੀ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਮਦਨ ਲਾਲ ਜਲਾਲਪੁਰ ਦੇ ਭਰਾ ਅਤੇ ਕਾਂਗਰਸੀ ਕਾਰਕੁੰਨ ਰਜਿੰਦਰ ਸਿੰਘ ਨੇ ਕੁਲਦੀਪ ਸਿੰਘ ਅਤੇ ਉਸ ਦੇ ਬੇਟੇ ਦੀ ਕੁੱਟ ਮਾਰ ਕੀਤੀ। ਦਲਜੀਤ ਸਿੰਘ ਚੀਮਾ ਨੇ ਦੋਸ਼ ਲਾਇਆ ਕਿ ਖਿੱਚ ਧੂਹ ਦੌਰਾਨ ਬਾਦਲ ਦਲ ਦੀ ਸਾਬਕਾ ਵਿਧਾਇਕ ਹਰਪ੍ਰੀਤ ਕੌਰ ਮੁਖਮੈਲਪੁਰ ਨਾਲ ਧੱਕਾਮੁੱਕੀ ਵੀ ਕੀਤੀ ਗਈ।
ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਜਾਰੀ ਪ੍ਰੈਸ ਬਿਆਨ ‘ਚ ਡਾਕਟਰ ਚੀਮਾ ਨੇ ਦੋਸ਼ ਲਾਇਆ ਕਿ ਖੇਮਕਰਨ ਵਿਚ ਵੀ 13 ਉਮੀਦਵਾਰਾਂ ਦੇ ਘਰਾਂ ਉੱਤੇ ਪੁਲਿਸ ਦੇ ਛਾਪੇ ਪਵਾ ਕੇ ਬਾਦਲ ਦਲ ਦੇ ਉਮੀਦਵਾਰਾਂ ਨੂੰ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ।