Site icon Sikh Siyasat News

ਰੁਪਿੰਦਰ ਸਿੰਘ ਨੂੰ ਪੀ.ਜੀ.ਆਈ ਤੋਂ ਵਾਪਿਸ ਭੇਜਿਆ ਗਿਆ ਫ਼ਰੀਦਕੋਟ ਜੇਲ

ਚੰਡੀਗੜ੍ਹ: ਬਰਗਾੜੀ ਪਿੰਡ ਵਿੱਚ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਕੇਸ ਵਿੱਚ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਪਿੰਡ ਪੰਜਗਰਾਈਆਂ ਦੇ ਰੁਪਿੰਦਰ ਸਿੰਘ ਨੂੰ ਅੱਜ ਪੀ.ਜੀ.ਆਈ ਤੋਂ ਵਾਪਿਸ ਫ਼ਰੀਦਕੋਟ ਜੇਲ ਭੇਜ ਦਿੱਤਾ ਗਿਆ ਹੈ।

ਹਸਪਤਾਲ ਵਿੱਚ ਰੁਪਿੰਦਰ ਸਿੰਘ (ਫਾਈਲ ਫੋਟੋ)

ਜਿਕਰਯੋਗ ਹੈ ਕਿ ਕੋਟਕਪੂਰਾ ਧਰਨੇ ’ਤੇ ਪੁਲਿਸ ਵੱਲੋਂ ਸਿੱਖ ਸੰਗਤਾਂ ਉੱਤੇ ਕੀਤੇ ਗਏ ਲਾਠੀਚਾਰਜ ਵਿੱਚ ਰੁਪਿੰਦਰ ਸਿੰਘ ਦੀ ਰੀੜ੍ਹ ਦੀ ਹੱਡੀ ਤੇ ਸੱਟ ਲੱਗ ਗਈ ਸੀ।ਇਸ ਸੱਟ ਦੀ ਤਕਲੀਫ ਕਾਰਨ ਹੀ ਰੁਪਿੰਦਰ ਸਿੰਘ ਨੂੰ ਜੇਲ ਪ੍ਰਸ਼ਾਸਨ ਵੱਲੋਂ ਮੈਡੀਕਲ ਕਾਲੇਜ ਫ਼ਰੀਦਕੋਟ ਦਾਖਲ ਕਰਵਾਇਆ ਗਿਆ ਸੀ ਜਿੱਥੋਂ ਉਸ ਨੂੰ ਪੀ.ਜੀ.ਆਈ ਸ਼ਿਫਟ ਕਰ ਦਿੱਤਾ ਗਿਆ ਸੀ।ਪਰ ਹੁਣ ਉਸਦੀ ਹਾਲਤ ਵਿੱਚ ਸੁਧਾਰ ਤੋਂ ਬਾਅਦ ਡਾਕਟਰਾਂ ਵੱਲੋਂ ਉਸ ਨੂੰ ਅਰਾਮ ਕਰਨ ਦੀ ਸਲਾਹ ਦੇ ਕੇ ਦੁਬਾਰਾ ਜੇਲ ਭੇਜ ਦਿੱਤਾ ਗਿਆ ਹੈ।ਰੁਪਿੰਦਰ ਸਿੰਘ ਨੂੰ ਅੱਜ ਦੁਪਿਹਰ 1.30 ਵਜੇ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਤੇ ਸ਼ਾਮ 7 ਵਜੇ ਫਰੀਦਕੋਟ ਜੇਲ ਪ੍ਰਸ਼ਾਸਨ ਵੱਲੋਂ ਜੇਲ ਅੰਦਰ ਲਿਆ ਗਿਆ।

ਪੰਜਾਬ ਪੁਲਿਸ ਵੱਲੋਂ ਕੁਝ ਫੋਨ ਕਾਲਾਂ ਦੇ ਅਧਾਰ ਉੱਤੇ ਰੁਪਿੰਦਰ ਸਿੰਘ ਅਤੇ ਉਸ ਦੇ ਭਰਾ ਜਸਵਿੰਦਰ ਸਿੰਘ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੇ ਦੋਸ਼ ਲਗਾ ਦਿੱਤੇ ਗਏ ਸਨ ਤੇ ਇਸ ਘਟਨਾ ਪਿੱਛੇ ਵਿਦੇਸ਼ੀ ਹੱਥ ਹੋਣ ਦਾ ਦਾਅਵਾ ਕੀਤਾ ਗਿਆ ਸੀ।ਪੁਲਿਸ ਦੇ ਇਨ੍ਹਾਂ ਦਾਅਵਿਆਂ ਨੂੰ ਕੇਂਦਰ ਸਰਕਾਰ ਵੱਲੋਂ ਵੀ ਨਕਾਰ ਦਿੱਤਾ ਗਿਆ ਹੈ ਜਦਕਿ ਪੁਲਿਸ ਵੱਲੋਂ ਪੇਸ਼ ਕੀਤੇ ਗਏ ਸਬੂਤ ਲੋਕਾਂ ਦੀ ਕਚਹਿਰੀ ਵਿੱਚ ਝੂਠ ਸਾਬਿਤ ਹੋ ਚੁੱਕੇ ਹਨ।ਪਰ ਪੰਜਾਬ ਪੁਲਿਸ ਆਪਣੇ ਝੂਠ ਨੂੰ ਸੱਚ ਸਾਬਿਤ ਕਰਨ ਤੇ ਅੜੀ ਹੋਈ ਹੈ ਤੇ ਹੁਣ ਪੰਜਾਬ ਪੁਲਿਸ ਵੱਲੋਂ ਦੋਵਾਂ ਸਿੱਖ ਭਰਾਵਾਂ ਦਾ ਲਾਈ ਡਿਟੈਕਟਰ ਟੈਸਟ ਕਰਾਉਣ ਲਈ ਅਦਾਲਤ ਤੋਂ ਇਜਾਜਤ ਮੰਗਣ ਦੀ ਤਿਆਰੀ ਕੀਤੀ ਜਾ ਰਹੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version