Site icon Sikh Siyasat News

ਆਰ.ਐਸ.ਐਸ. ਦੇ ਸੂਬਾ ਮੀਤ ਪ੍ਰਧਾਨ ਬ੍ਰਿਗੇਡੀਅਰ (ਸੇਵਾਮੁਕਤ) ਜਗਦੀਸ਼ ਗਗਨੇਜਾ ਨੂੰ ਮਾਰੀ ਗੋਲੀ

ਆਰ.ਐਸ.ਐਸ. ਆਗੂ ਜਗਦੀਸ਼ ਗਗਨੇਜਾ (ਫਾਈਲ ਫੋਟੋ), ਜ਼ਖਮੀ ਹਾਲਤ ਵਿਚ ਹਸਪਤਾਲ ਦਾਖਲ ਜਗਦੀਸ਼ ਗਗਨੇਜਾ

ਜਲੰਧਰ: ਸ਼ਨੀਵਾਰ ਦੇਰ ਸ਼ਾਮ ਜੋਤੀ ਚੌਕ, ਜਲੰਧਰ ਨੇੜੇ ਦੋ ਅਣਪਛਾਤੇ ਨਕਾਬਪੋਸ਼ ਮੋਟਰ ਸਾਈਕਲ ਸਵਾਰ ਨੌਜਵਾਨਾਂ ਨੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸਹਿ ਸੰਚਾਲਕ (ਮੀਤ ਪ੍ਰਧਾਨ) ਸੇਵਾਮੁਕਤ ਬ੍ਰਿਗੇਡੀਅਰ ਜਗਦੀਸ਼ ਗਗਨੇਜਾ ਨੂੰ ਗੋਲੀਆਂ ਮਾਰ ਕੇ ਜ਼ਖ਼ਮੀ ਕਰ ਦਿੱਤਾ। ਹਮਲਾਵਰ ਹਵਾਈ ਫਾਇਰ ਕਰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ। ਹਮਲੇ ਪਿੱਛੋਂ ਇਕ ਰਾਹਗੀਰ ਨੇ ਇਕ ਹੋਰ ਵਿਅਕਤੀ ਦੀ ਸਹਾਇਤਾ ਦੇ ਨਾਲ ਜਗਦੀਸ਼ ਗਗਨੇਜਾ ਨੂੰ ਸਥਾਨਕ ਪਟੇਲ ਹਸਪਤਾਲ ਪਹੁੰਚਾਇਆ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸਹਿ ਸੰਚਾਲਕ (ਮੀਤ ਪ੍ਰਧਾਨ) ਸੇਵਾਮੁਕਤ ਬ੍ਰਿਗੇਡੀਅਰ ਜਗਦੀਸ਼ ਗਗਨੇਜਾ

ਦੇਰ ਰਾਤ ਹਸਪਤਾਲ ਵਿਖੇ ਡਾਕਟਰਾਂ ਨੇ ਆਪ੍ਰੇਸ਼ਨ ਕਰਕੇ ਗਗਨੇਜਾ ਦੇ ਸਰੀਰ ‘ਚੋਂ 2 ਗੋਲੀਆਂ ਕੱਢ ਦਿੱਤੀਆਂ ਸਨ। ਮੌਕੇ ਦੇ ਗਵਾਹ ਨਰਿੰਦਰ ਸਿੰਘ ਨੇ ਪੁਲਿਸ ਕਮਿਸ਼ਨਰ ਅਰਪਿਤ ਸ਼ੁਕਲਾ ਨੂੰ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੋਤੀ ਚੌਕ ਕੋਲ ਉਸ ਦੀ ਕਾਰ ਖ਼ਰਾਬ ਹੋ ਗਈ ਸੀ। ਉਹ ਜਿਉਂ ਹੀ ਮਾਡਲ ਟਾਊਨ ਰੋਡ ‘ਤੇ ਕਾਰ ਦੀ ਮੁਰੰਮਤ ਲਈ ਕਿਸੇ ਦੁਕਾਨ ਵੱਲ ਜਾ ਰਿਹਾ ਸੀ ਤਾਂ ਉਸ ਨੇ ਗੋਲੀਆਂ ਚੱਲਣ ਦੀ ਆਵਾਜ਼ ਸੁਣੀ। ਉਸ ਨੇ ਦੇਖਿਆ ਕਿ ਇਕ ਸਵਿਫ਼ਟ ਡਿਜ਼ਾਇਰ ਕਾਰ ਦੇ ਪਿੱਛੇ ਕੰਧ ਨਾਲ ਪੇਸ਼ਾਬ ਕਰਨ ਲਈ ਖੜ੍ਹੇ ਇਕ ਬੰਦੇ ਨੂੰ ਇਕ ਨਕਾਬਪੋਸ਼ ਗੋਲੀਆਂ ਮਾਰ ਰਿਹਾ ਸੀ, ਜਿਸ ਨਾਲ ਉਹ ਵਿਅਕਤੀ ਜ਼ਮੀਨ ‘ਤੇ ਡਿਗ ਗਿਆ। ਨਰਿੰਦਰ ਸਿੰਘ ਜਦ ਤੱਕ ਜ਼ਮੀਨ ‘ਤੇ ਡਿੱਗੇ ਹੋਏ ਵਿਅਕਤੀ ਤੱਕ ਪਹੁੰਚਦਾ ਉਸ ਸਮੇਂ ਤੱਕ ਹਮਲਾਵਰ ਪਲੈਟਿਨਾ ਮੋਟਰਸਾਈਕਲ ‘ਤੇ ਮੌਕੇ ਤੋਂ ਫ਼ਰਾਰ ਹੋ ਗਏ। ਸੜਕ ‘ਤੇ ਮੌਜੂਦ ਹੋਰ ਲੋਕ ਬੇਵੱਸ ਉਨ੍ਹਾਂ ਵੱਲ ਦੇਖਦੇ ਰਹੇ।

ਪੁਲਿਸ ਕਮਿਸ਼ਨਰ ਅਰਪਿਸ ਸ਼ੁਕਲਾ ਪੁਲਿਸ ਅਧਿਕਾਰੀਆਂ ਤੋਂ ਜਾਣਕਾਰੀ ਲੈਂਦੇ ਹੋਏ

ਨਰਿੰਦਰ ਸਿੰਘ ਨੇ ਦੱਸਿਆ ਕਿ ਪਿੱਛੇ ਬੈਠੇ ਵਿਅਕਤੀ ਦੇ ਹੱਥ ‘ਚ 2 ਪਿਸਤੌਲਾਂ ਸਨ, ਜੋ ਲਹਿਰਾਉਂਦਾ ਹੋਇਆ ਜਾ ਰਿਹਾ ਸੀ। ਇਸ ਦੌਰਾਨ ਉਸ ਨੇ ਦੋ ਹਵਾਈ ਫਾਇਰ ਵੀ ਕੀਤੇ। ਪੁਲਿਸ ਕਮਿਸ਼ਨਰ ਅਰਪਿਤ ਸ਼ੁਕਲਾ, ਡੀ.ਸੀ.ਪੀ. ਹਰਜੀਤ ਸਿੰਘ, ਏ.ਡੀ.ਸੀ.ਪੀ. (ਕ੍ਰਾਈਮ) ਵਿਵੇਕ ਸੋਨੀ, ਏ.ਡੀ.ਸੀ.ਪੀ. (ਸਪੈਸ਼ਲ ਬਰਾਂਚ) ਹਰਪ੍ਰੀਤ ਸਿੰਘ ਮੰਡੇਰ, ਏ.ਡੀ.ਸੀ.ਪੀ. (ਸਿਟੀ-1) ਜਸਬੀਰ ਸਿੰਘ, ਏ.ਡੀ.ਸੀ.ਪੀ. (ਸਿਟੀ-2) ਏ.ਐੱਸ. ਪਵਾਰ ਅਤੇ ਹੋਰ ਉੱਚ ਅਧਿਕਾਰੀ ਵੱਡੀ ਗਿਣਤੀ ‘ਚ ਪੁਲਿਸ ਮੁਲਾਜ਼ਮਾਂ ਸਮੇਤ ਜਾਂਚ ਕਰਨ ਪਹੁੰਚੇ। ਪੁਲਿਸ ਨੇ ਇਕ ਦੁਕਾਨ ਲੱਗੇ ਸੀ.ਸੀ.ਟੀ.ਵੀ. ਕੈਮਰੇ ਦੀਆਂ ਤਸਵੀਰਾਂ ਨੂੰ ਘੋਖਿਆ ਹੈ ਜਿਸ ਵਿਚ ਦੋ ਨਕਾਬਪੋਸ਼ ਮੋਟਰਸਾਈਕਲ ‘ਤੇ ਜਾਂਦੇ ਹੋਏ ਨਜ਼ਰ ਆਏ ਹਨ। ਇਸ ਤੋਂ ਇਲਾਵਾ ਪੁਲਿਸ ਨੇ ਮੌਕੇ ਤੋਂ 4 ਕਾਰਤੂਸਾਂ ਦੇ ਖ਼ੋਲ ਵੀ ਬਰਾਮਦ ਹੋਏ ਹਨ। ਜਿਨ੍ਹਾਂ ਵਿਚੋਂ ਤਿੰਨ ਖ਼ੋਲ ਮੌਕੇ ਤੋਂ ਅਤੇ ਇਕ ਖ਼ੋਲ ਥੋੜ੍ਹੀ ਦੂਰੀ ਤੋਂ ਬਰਾਮਦ ਹੋਇਆ। ਮੁੱਢਲੀ ਜਾਂਚ ‘ਚ ਪੁਲਿਸ ਨੂੰ ਪਤਾ ਲੱਗਾ ਕਿ ਦੀਪਨਗਰ, ਜਲੰਧਰ ਛਾਉਣੀ ਦੇ ਰਹਿਣ ਵਾਲੇ ਜਗਦੀਸ਼ ਗਗਨੇਜਾ ਆਪਣੀ ਪਤਨੀ ਸੁਦੇਸ਼ ਗਗਨੇਜਾ ਦੇ ਨਾਲ ਖ਼ਰੀਦਦਾਰੀ ਕਰਨ ਸ਼ਹਿਰ ‘ਚ ਆਏ ਹੋਏ ਸਨ ਜਦੋਂ ਉਨ੍ਹਾਂ ‘ਤੇ ਹਮਲਾ ਕੀਤਾ ਗਿਆ। ਪੁਲਿਸ ਵੱਲੋਂ ਦੇਰ ਰਾਤ ਤੱਕ ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਅਤੇ ਮੋਬਾਈਲ ਡੰਪ ਦੀ ਜਾਂਚ ਕੀਤੀ ਜਾ ਰਹੀ ਸੀ।

ਘਟਨਾ ਦਾ ਪਤਾ ਲਗਦੇ ਹੀ ਪੰਜਾਬ ਭਾਜਪਾ ਪ੍ਰਧਾਨ ਤੇ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ, ਮੁੱਖ ਸੰਸਦੀ ਸਕੱਤਰ ਕੇ.ਡੀ. ਭੰਡਾਰੀ, ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ, ਮੇਅਰ ਸੁਨੀਲ ਜੋਤੀ, ਮੁੱਖ ਸੰਸਦੀ ਸਕੱਤਰ ਸੋਮ ਪ੍ਰਕਾਸ਼, ਜ਼ਿਲ੍ਹਾ ਪ੍ਰਧਾਨ ਰਮੇਸ਼ ਸ਼ਰਮਾ, ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਅਨਿਲ ਜੋਸ਼ੀ, ਜੰਗਲਾਤ ਵਿਭਾਗ ਦੇ ਮੰਤਰੀ ਭਗਤ ਚੂੰਨੀ ਲਾਲ, ਕੈਬਨਿਟ ਮੰਤਰੀ ਅਜੀਤ ਸਿੰਘ ਕੋਹਾੜ, ਅਵਿਨਾਸ਼ ਰਾਏ ਖੰਨਾ, ਤੀਕਸ਼ਨ ਸੂਦ, ਡੀ. ਸੀ. ਕਮਲ ਕਿਸ਼ੋਰ ਯਾਦਵ, ਪੰਜਾਬ ਭਾਜਪਾ ਕਾਰਜਕਾਰਨੀ ਮੈਂਬਰ ਮਹਿੰਦਰ ਭਗਤ ਤੇ ਹੋਰ ਭਾਜਪਾ ਸਮਰਥਕ ਹਸਪਤਾਲ ਇਕੱਠੇ ਹੋ ਗਏ।

ਜ਼ਿਕਰਯੋਗ ਹੈ ਕਿ ਜਗਦੀਸ਼ ਗਗਨੇਜਾ ਨੂੰ ਚਾਰ ਸਾਲ ਪਹਿਲਾਂ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸਹਿ ਸੰਘ ਸੰਚਾਲਕ (ਪੰਜਾਬ ਮੀਤ ਪ੍ਰਧਾਨ) ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਉਧਰ ਪੁਲਿਸ ਕਮਿਸ਼ਨਰ ਸ਼ਕੁਲਾ ਨੇ ਦੱਸਿਆ ਕਿ ਉਨ੍ਹਾਂ ਨੇ ਗਗਨੇਜਾ ਦੀ ਸੁਰੱਖਿਆ ਲਈ ਦੋ ਗੰਨਮੈਨ ਭੇਜੇ ਸਨ ਪਰ ਉਨ੍ਹਾਂ ਨੇ ਇਹ ਕਹਿ ਕੇ ਗੰਨਮੈਨ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਨ੍ਹਾਂ ਨੂੰ ਕੋਈ ਖਤਰਾ ਨਹੀਂ।

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਜਗਦੀਸ਼ ਗਗਨੇਜਾ ‘ਤੇ ਹੋਏ ਹਮਲੇ ਦੀ ਸਖ਼ਤ ਨਿਖੇਧੀ ਕੀਤੀ ਹੈ। ਮੁੱਖ ਮੰਤਰੀ ਨੇ ਸਥਾਨਕ ਪੁਲਿਸ ਪ੍ਰਸ਼ਾਸਨ ਨੂੰ ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਦੋਸ਼ੀਆਂ ਨੂੰ ਲੱਭ ਕੇ ਸਖ਼ਤ ਕਾਰਵਾਈ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ। ਮੁੱਖ ਮੰਤਰੀ ਨੇ ਬ੍ਰਿਗੇਡੀਅਰ ਜਗਦੀਸ਼ ਗਗਨੇਜਾ ਦੇ ਬਿਹਤਰ ਇਲਾਜ ਲਈ ਲੁਧਿਆਣਾ ਦੇ ਡੀ. ਐਮ. ਸੀ. ਦੇ ਮਾਹਿਰਾਂ ਦੀ ਇਕ ਟੀਮ ਵੀ ਜਲੰਧਰ ਭੇਜਣ ਦੀਆਂ ਹਦਾਇਤਾਂ ਦਿੱਤੀਆਂ ਹਨ। ਉਨਾਂ ਕਿਹਾ ਕਿ ਸਰਕਾਰ ਹਰ ਕੀਮਤ ‘ਤੇ ਸ਼ਾਂਤੀ ਬਣਾਈ ਰੱਖੇਗੀ।

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਜਗਦੀਸ਼ ਗਗਨੇਜਾ ‘ਤੇ ਜਲੰਧਰ ਵਿਚ ਕੀਤੇ ਗਏ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਅਜਿਹੇ ਹਮਲੇ ਪੰਜਾਬ ਵਾਸਤੇ ਚੰਗੇ ਨਹੀਂ ਹਨ। ਉਨਾਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਪੰਜਾਬ ਦੇ ਅਰਾਜਕਤਾ ਵੱਲ ਜਾਣ ਤੋਂ ਪਹਿਲਾਂ ਅਜਿਹੀਆਂ ਖ਼ਤਰਨਾਕ ਸਾਜ਼ਿਸ਼ਾਂ ‘ਤੇ ਲਗਾਮ ਪਾਉਣੀ ਜ਼ਰੂਰੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version