Site icon Sikh Siyasat News

ਹਰੇਕ ਗਾਂ ਦਾ 200 ਰੁਪੱਈਆ: ਪੰਜਾਬ ਵਿਚੋਂ ਟਰੱਕ ਲੰਘਣ ਦਾ ਰੇਟ

ਚੰਡੀਗੜ੍ਹ: ਸਾਰੇ ਪੰਜਾਬ ਵਿਚੋਂ ਇਹ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ “ਗਊ ਰੱਖਿਅਕਾਂ” ਵਲੋਂ ਚਲਾਏ ਜਾ ਰਹੇ ਗੁੰਡਾ ਟੈਕਸ ਦੀ ਬਦੌਲਤ ਪਸ਼ੂਆਂ ਦਾ ਕਾਰੋਬਾਰ ਘਾਟੇ ਵਿਚ ਜਾ ਰਿਹਾ ਹੈ।

ਪਿਛਲੇ ਤਿੰਨ ਦਹਾਕਿਆਂ ਤੋਂ ਪਸ਼ੂ ਪਾਲਕ ਵਜੋਂ ਕਾਰੋਬਾਰ ਕਰ ਰਹੇ ਪਿੰਡ ਚੀਮਾ, ਜਗਰਾਉਂ ਦੇ ਅਮਰਜੀਤ ਸਿੰਘ ਦਿਓਲ ਨੇ ਦੱਸਿਆ ਕਿ ਉਨ੍ਹਾਂ ਨੇ ਹਾਲ ਹੀ ਵਿਚ “ਹਿੰਦੂ ਸ਼ਿਵ ਸੈਨਾ ਆਗੂ” ਨੂੰ 2 ਲੱਖ ਰੁਪਏ ਦਿੱਤੇ ਹਨ ਤਾਂ ਜੋ ਉਨ੍ਹਾਂ ਦੇ ਟਰੱਕਾਂ ਨੂੰ ਪੰਜਾਬ ਵਿਚ ਕਿਸੇ ਗਊ ਰੱਖਿਅਕ ਵਲੋਂ ਨਾ ਰੋਕਿਆ ਜਾਵੇ।

ਦਿਓਲ ਨੇ ਦੱਸਿਆ ਕਿ ਰੇਟ ਪਹਿਲਾਂ ਤੋਂ ਹੀ ਫਿਕਸ (ਪੱਕੇ) ਹਨ; 200 ਰੁਪਏ ਪ੍ਰਤੀ ਗਊ ਜਾਂ 2000 ਰੁਪਏ ਪ੍ਰਤੀ ਟਰੱਕ (ਇਕ ਟਰੱਕ ਵਿਚ 10 ਗਊਆਂ)। ਬਾਅਦ ਵਿਚ ਉਨ੍ਹਾਂ ਨੂੰ ਨਵੀਂ ਪੇਸ਼ਕਸ਼ ਆਈ ਕਿ ਉੱਕਾ-ਪੁੱਕਾ 3.80 ਲੱਖ ਰੁਪਏ ਦੇ ਕੇ ਛੇ ਮਹੀਨਿਆਂ ਲਈ ਬਿਨਾਂ ਰੋਕ ਟੋਕ ਕੰਮ ਕਰ ਸਕਣ, ਜਿਹੜੀ ਕਿ ਟਰੱਕ ਯੂਨੀਅਨ ਨੇ ਇਕੱਠਿਆਂ ਪੂਰੀ ਕੀਤੀ। ਇਕ ਵਾਰ ਪੈਸੇ ਦਾ ਭੁਗਤਾਨ ਹੋ ਜਾਣ ‘ਤੇ “ਗਊ ਰੱਖਿਅਕਾਂ” ਵਲੋਂ ਟਰੱਕ ਦਾ ਰਜਿਸਟ੍ਰੇਸ਼ਨ ਨੰਬਰ ਨੋਟ ਕਰ ਲਿਆ ਜਾਂਦਾ ਹੈ ਅਤੇ ਉਸਨੂੰ ਆਉਣ ਜਾਣ ਦਾ ਸੌਖਾ ਰਾਹ ਮਿਲ ਜਾਂਦਾ ਹੈ।

ਇਸ ਸਭ ਦੇ ਬਾਵਜੂਦ ਦਿਓਲ ਨੇ ਦੱਸਿਆ ਕਿ ਹੁਣ ਇਸ ਕਾਰੋਬਾਰ ‘ਚ ਘਾਟਾ ਹੀ ਪੈ ਰਿਹਾ ਹੈ। ਦਿਓਲ ਹੁਣ ਆਪਣਾ ਪਸ਼ੂਆਂ ਦੀ ਖਰੀਦ-ਵੇਚ ਦਾ ਕੰਮ ਛੱਡ ਕੇ ਡੇਅਰੀ ਵਾਲੇ ਪਾਸੇ ਨੂੰ ਹੋ ਰਿਹਾ ਹੈ।

ਦਲਜੀਤ ਸਿੰਘ ਜੋ ਕਿ ਪ੍ਰੋਗ੍ਰੈਸਿਵ ਡੇਅਰੀ ਫਾਰਮਰਸ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਹਨ ਨੇ ਦੱਸਿਆ ਕਿ ਪੁਲਿਸ ਨੂੰ ਸ਼ਿਕਾਇਤ ਕਰਨ ਦਾ ਵੀ ਕੋਈ ਫਾਇਦਾ ਨਹੀਂ, ਕਿਉਂਕਿ ਇੰਝ ਲਗਦਾ ਜਿਵੇਂ ਸਾਰੀ ਸਰਕਾਰੀ ਮਸ਼ੀਨਰੀ ਹੀ ਇਨ੍ਹਾਂ ਗਊ ਰੱਖਿਅਕਾਂ ਲਈ ਕੰਮ ਕਰ ਰਹੀ ਹੋਵੇ।

ਜਦੋਂ ਤੋਂ ਪੰਜਾਬ ਸਰਕਾਰ ਨੇ ਜਨਵਰੀ 2015 ਤੋਂ ਗਊ ਸੇਵਾ ਕਮਿਸ਼ਨ ਕਾਇਮ ਕੀਤਾ ਹੈ, ਉਦੋਂ ਤੋਂ ਹੀ ਡਿਪਟੀ ਕਮਿਸ਼ਨਰ ਕੋਲੋਂ ਤਿੰਨ ਪਰਤਾਂ ਦਾ ਨੋ ਆਬਜੈਕਸ਼ਨ ਸਰਟੀਫਿਕੇਟ ਲੈਣਾ ਪੈਂਦਾ ਹੈ। ਜਦਕਿ ਪਹਿਲਾਂ ਪਸ਼ੂ ਪਾਲਣ ਵਿਭਾਗ ਦੇ ਇਕ ਦਸਤਾਵੇਜ਼ ਨਾਲ ਹੀ ਕੰਮ ਚੱਲ ਜਾਂਦਾ ਸੀ।

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਇਸ ਭਰੋਸੇ ਦੇ ਬਾਵਜੂਦ ਇਕ ਐਨ ਓ ਸੀ “ਫੌਰੀ” ਤੌਰ ‘ਤੇ ਜਾਰੀ ਕੀਤਾ ਜਾਇਆ ਕਰੇਗਾ, ਹਰਿਆਣਾ ਦੇ ਮੁਕਾਬਲੇ ਪੰਜਾਬ ਵਿਚ ਐਨ.ਓ.ਸੀ. ਲੈਣੀ ਬਹੁਤ ਲੰਮਾ ਅਤੇ ਖੱਜਲ ਖੁਆਰ ਹੋਣ ਵਾਲਾ ਕੰਮ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਇਸ ਨਾਲ ਪਸ਼ੂ ਕਾਰੋਬਾਰ ‘ਤੇ ਬਹੁਤ ਬੁਰਾ ਅਸਰ ਪੈ ਰਿਹਾ ਹੈ ਅਤੇ “ਗਊ ਰੱਖਿਅਕਾਂ” ਨੂੰ ਸਰਗਰਮ ਹੋਣ ਦਾ ਮੌਕਾ ਮਿਲਦਾ ਹੈ।

ਸੰਡੇ ਐਕਸਪ੍ਰੈਸ ਨੇ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਦੇ ਡੀ.ਸੀ. ਦਫਤਰਾਂ ਵਲੋਂ ਜਾਰੀ ਸਰਟੀਫਿਕੇਟ ਦਾ ਡਾਟਾ ਇਕੱਠਾ ਕੀਤਾ। ਜਿਸ ਵਿਚ ਜਗਰਾਓਂ ਅਤੇ ਖੰਨਾ ਮੰਡੀਆਂ (ਲੁਧਿਆਣਾ), ਕਿੱਲਿਆਂਵਾਲੀ (ਮੁਕਤਸਰ) ਅਤੇ ਬਠਿੰਡਾ ਮੰਡੀ ਸ਼ਾਮਲ ਹਨ। ਲੁਧਿਆਣਾ ਦੇ ਡੀ.ਸੀ. ਰਵੀ ਭਗਤ ਨੇ ਕਿਹਾ ਕਿ ਉਨ੍ਹਾਂ ਨੇ ਪਿਛਲੇ ਇਕ ਸਾਲ ਵਿਚ ਪਸ਼ੂ ਟਰਾਂਸਪੋਰਟ ਦੇ 6 ਪਰਮਿਟ ਜਾਰੀ ਕੀਤੇ ਹਨ, ਜਦਕਿ ਮੁਕਤਸਰ ਅਤੇ ਬਠਿੰਡਾ ਜ਼ਿਲ੍ਹਿਆਂ ਵਿਚ ਇਕ ਵੀ ਸਰਟੀਫਿਕੇਟ ਜਾਰੀ ਨਹੀਂ ਹੋਇਆ।

ਅੰਦਾਜ਼ੇ ਮੁਤਾਬਕ ਹਰ ਸਾਲ 3 ਲੱਖ ਪਸ਼ੂ ਪੰਜਾਬ ਤੋਂ ਬਾਹਰ ਲਿਜਾਏ ਜਾਂਦੇ ਹਨ ਹਰ ਸਾਲ।

ਵਪਾਰੀਆਂ ਨੇ ਦੱਸਿਆ ਕਿ ‘ਸ਼ਿਵ ਸੈਨਾ’ ਅਤੇ ‘ਗਊ ਰੱਖਸ਼ਾ ਦਲ’ ਆਗੂ ਮੰਡੀਆਂ ਵਿਚ ਰੇਕੀ ਕਰਵਾ ਲੈਂਦੇ ਹਨ ਕਿ ਇਥੋਂ ਕਿੰਨੇ ਟਰੱਕ ਨਿਕਲੇ ਹਨ। ਇਕ ਵਪਾਰੀ ਨੇ ਦੱਸਿਆ, “ਉਹ ਸਾਡੇ ਨਾਲ ਸੰਪਰਕ ਕਰਦੇ ਹਨ, ਸਮਾਂ ਤੈਅ ਕਰਦੇ ਹਨ ਅਤੇ ਆਪਣੇ ਬੰਦੇ ਭੇਜ ਕੇ ਪੈਸੇ ਲੈ ਲੈਂਦੇ ਹਨ।”

ਦਿਓਲ ਨੇ ਦੱਸਿਆ, “ਮੈਂ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦਾ ਪਿਛਲੇ ਸਾਲ ਮੈਂ ਕਿੰਨਾ ਪਰੇਸ਼ਾਨ ਹੋਇਆ। ਮੈਂ 18 ਗਾਈਆਂ ਛੱਤੀਸਗੜ੍ਹ ਭੇਜਣੀਆਂ ਸਨ। ਮੈਂ ਡੀ.ਸੀ. ਦਫਤਰ ਗੇੜੇ ਮਾਰ-ਮਾਰ ਪਰੇਸ਼ਾਨ ਹੋ ਗਿਅ। ਅਖੀਰ ਵਿਚ ਮੈਂ ਫੈਸਲਾ ਕੀਤਾ ਕਿ ਮੈਂ ਬਿਨਾਂ ਕਾਗਜ਼ਾਂ ਤੋਂ ਹੀ ਪਸ਼ੂਆਂ ਨੂੰ ਭੇਜਾਂ। ਮੇਰਾ ਇਕ ਟਰੱਕ ਗਊ ਰਖਿਅਕਾਂ ਨੇ ਹਰਿਆਣੇ ਦੇ ਸਿਰਸਾ ਵਿਚ ਰੋਕ ਲਿਆ। ਡਰਾਈਵਰ ਅਤੇ ਹੈਲਪਰ ਦੀ ਬੁਰੀ ਤਰ੍ਹਾਂ ਮਾਰ ਕੁਟਾਈ ਕੀਤੀ। ਮੇਰੀ ਦੁੱਧ ਦਿੰਦੀਆਂ ਗਾਈਆਂ ਗਊਸ਼ਾਲਾ ਭੇਜ ਦਿੱਤੀਆਂ। ਆਪਣੇ ਮੁਲਾਜ਼ਮਾਂ ਨੂੰ ਛੁਡਾਉਣ ‘ਚ ਮੇਰੇ 50 ਹਜ਼ਾਰ ਰੁਪਏ ਲੱਗ ਗੇ।”

ਗਊ ਰੱਖਿਅਕਾਂ ‘ਤੇ ਗੁੱਸੇ ਹੁੰਦੇ ਹੋਏ ਦਿਓਲ ਨੇ ਦੱਸਿਆ, “ਉਹ ਆਪਣੇ ਆਪ ਨੂੰ ਗਊ ਦੇ ਰਖਵਾਲੇ ਕਹਿੰਦੇ ਹਨ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਗਊਆਂ ਦੀ ਸਾਂਭ ਸੰਭਾਲ ਕਿਵੇਂ ਕਰਨੀ ਹੈ। ਮੇਰੀਆਂ ਚਾਰ ਗਾਈਆਂ ਬਿਮਾਰੀ ਨਾਲ ਮਰ ਗਈਆਂ, ਗਊਸ਼ਾਲਾ ਜਾਣ ਤੋਂ ਕੁਝ ਦਿਨਾਂ ਬਾਅਦ।”

ਲੁਧਿਆਣਾ ਦੇ ਪੁਲਿਸ ਕਮਿਸ਼ਨਰ ਜੇ.ਐਸ. ਔਲਖ ਨੇ ਕਿਹਾ ਕਿ ਕਿਸੇ ਨੇ ਹਾਲੇ ਤਕ ਉਨ੍ਹਾਂ ਕੋਲ ਮਦਦ ਲਈ ਪਹੁੰਚ ਨਹੀਂ ਕੀਤੀ। ਇਸ ਮਸਲੇ ‘ਤੇ ਕੋਈ ਕਾਰਵਾਈ ਕਰਨ ਦਾ ਭਰੋਸਾ ਦਿੰਦਿਆਂ ਔਲਖ ਨੇ ਕਿਹਾ, “ਕੁਝ ਵਪਾਰੀਆਂ ਨੇ ਇਸ ਮੁੱਦੇ ‘ਤੇ ਮੇਰੇ ਨਾਲ ਗੱਲ ਕੀਤੀ ਪਰ ਹਾਲੇ ਤਕ ਕਿਸੇ ਨੇ ਵੀ ਲਿਖਤੀ ਸ਼ਿਕਾਇਤ ਨਹੀਂ ਕੀਤੀ।”

ਇਕ ਹੋਰ ਵਪਾਰੀ, ਅਮਰਿੰਦਰ ਸਿੰਘ ਨੇ ਕਿਹਾ ਕਿ ਉਸ ਨੂੰ ਨੇਪਾਲ ਅਤੇ ਬੰਗਲਾਦੇਸ਼ ਤੋਂ 1000 ਵਧੀਆ ਨਸਲ ਦੇ ਪਸ਼ੂ ਭੇਜਣ ਦਾ ਆਡਰ ਮਿਲਿਆ ਸੀ ਜੋ ਕਿ ਕਾਗਜ਼ੀ ਕਾਰਵਾਈ ਪੂਰੀ ਨਾ ਹੋਣ ਕਰਕੇ ਆਡਰ ਕੈਂਸਲ ਹੋ ਗਿਆ।

ਪੰਜਾਬ ਵਿਚ ਇਕ ਪਸ਼ੂਆਂ ਦੇ ਵਪਾਰ ਦੀ ਮਨਜ਼ੂਰੀ ਲਈ ਅਰਜ਼ੀ ਡੀ.ਸੀ. ਦਫਸਰ ਭੇਜੀ ਗਈ। ਡੀ.ਸੀ. ਦਫਤਰ ਨੇ ਅਰਜ਼ੀ ਮਾਰਕ ਕਰਕੇ ਪਸ਼ੂ ਪਾਲਣ ਵਿਭਾਗ, ਪੁਲਿਸ ਅਤੇ ਐਨੀਮਲ ਵੈਲਫੇਅਰ ਬੋਰਡ ਆਫ ਇੰਡੀਆ (AWBI) ਨੂੰ ਭੇਜ ਦਿੱਤੀ। AWBI ਦੇ ਅਧਿਕਾਰੀ ਨੇ ਖੁਦ ਆ ਕੇ ਮੌਕੇ ਦੀ ਜਾਂਚ ਕਰਨੀ ਹੁੰਦੀ ਹੈ, ਉਹ ਬਹੁਤ ਦਿਨਾਂ ਤਕ ਨਹੀਂ ਆਇਆ।

ਇਨ੍ਹਾਂ ਗੱਲਾਂ ਦਾ ਖੰਡਨ ਕਰਦੇ ਹੋਏ ਅਸ਼ਵਨੀ ਭਾਰਦਵਾਜ, ਡਿਪਟੀ ਡਾਇਰੈਕਟਰ, ਐਨੀਮਲ ਹਸਬੈਂਡਰੀ, ਲੁਧਿਆਣਾ ਨੇ ਕਿਹਾ, “ਅਸੀਂ ਐਨ.ਓ.ਸੀ. ਜਾਰੀ ਕਰਨ ਵਿਚ ਇਕ ਦਿਨ ਤੋਂ ਵੱਧ ਨਹੀਂ ਲਾਉਂਦੇ।”

ਪੰਜਾਬ ਸ਼ਿਵ ਸੈਨਾ ਦੇ ਪ੍ਰਧਾਨ ਰਾਜੀਵ ਟੰਡਨ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਹੈ ਕਿ ਗਊ ਰੱਖਿਆ ਦੇ ਨਾਂ ‘ਤੇ ਪੈਸੇ ਵਸੂਲਣ ਦਾ ਕਾਲਾ ਕਾਰੋਬਾਰ ਚੱਲ ਰਿਹਾ ਹੈ। ਕੁਝ ਲੋਕ ਸਾਡਾ ਨਾਂ ਵਰਤ ਰਹੇ ਹਨ, ਪੁਲਿਸ ਨੂੰ ਚਾਹੀਦਾ ਹੈ ਕਿ ਅਜਿਹੇ ਅਨਸਰਾਂ ‘ਤੇ ਕੇਸ ਦਰਜ ਕਰੇ।

ਇਕ ਪਸ਼ੂ ਪਾਲਕ ਨੇ ਦੱਸਿਆ, “ਗਊ ਰੱਖਿਅਕ ਤਾਂ ਐਨ.ਓ.ਸੀ. ਦੇ ਬਾਰੇ ਵੀ ਨਹੀਂ ਜਾਣਦੇ, ਕਿ ਉਹ ਕੀ ਚੀਜ਼ ਹੈ। ਉਹ ਐਨ.ਓ.ਸੀ. ਹੋਣ ਦੇ ਬਾਵਜੂਦ ਵੀ ਟਰੱਕ ਨੂੰ ਨਿਸ਼ਾਨਾ ਬਣਾਉਂਦੇ ਹਨ। ਇਸ ਵਿਚ ਸਿੱਖ ਡਰਾਈਵਰ ਅਤੇ ਪ੍ਰਵਾਸੀ ਮਜ਼ਦੂਰ ਹੁੰਦੇ ਹਨ ਜੋ ਕੁੱਟੇ ਜਾਂਦੇ ਹਨ। ਜੇ ਟਰੱਕ ਦਾ ਮਾਲਕ ਨਾਲ ਹੋਵੇ ਫੇਰ ਟਰੱਕ ਨੂੰ ਨਹੀਂ ਰੋਕਿਆ ਜਾਂਦਾ। ਅਸੀਂ ਗੁਪਤ ਰਸਤਿਆਂ ਤੋਂ ਸਫਰ ਕਰਦੇ ਹਾਂ।”

ਜਗਰਾਉਂ ਦੇ ਇਕ ਵਪਾਰੀ ਨੇ ਕਿਹਾ ਕਿ ਅਖੌਤੀ ਗਊ ਰਖਿਅਕਾਂ ਨੂੰ ਅਸਲ ਵਿਚ ਪਸ਼ੂਆਂ ਨਾਲ ਕੋਈ ਪਿਆਰ ਨਹੀਂ ਹੈ। ਜੇ ਉਨ੍ਹਾਂ ਨੂੰ ਪੈਸੇ ਦੇ ਦਵੋ ਫੇਰ ਚਾਹੇ ਜਿਹੋ ਜਿਹਾ ਮਰਜ਼ੀ ਪਸ਼ੂ ਲੈ ਜਾਓ। ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ।

ਹਰਿਆਣੇ ਵਿਚ ਜਿੱਥੇ ਐਨ.ਓ.ਸੀ. ਅਸਾਨੀ ਨਾਲ ਮਿਲ ਜਾਂਦੀ ਹੈ। ਉਥੇ ਵੀ “ਗਊ ਰਖਿਅਕਾਂ” ਦੀ ਦਹਿਸ਼ਤ ਬਣੀ ਰਹਿੰਦੀ ਹੈ। ਡਾ. ਅਸ਼ੋਕ ਮੰਤਰੂ, ਡਿਪਟੀ ਡਾਇਰੈਕਟਰ, ਪਸ਼ੂ ਪਾਲਣ ਵਿਭਾਗ, ਪੰਚਕੂਲਾ ਨੇ ਕਿਹਾ, “ਅਸੀਂ ਪਸ਼ੂ ਦੇ ਸਿਹਤ ਸਬੰਧੀ ਸਰਟੀਫਿਕੇਟ ਵੀ ਦਿੰਦੇ ਹਾਂ, ਕਿ ਇਹ ਦੁੱਧ ਦੇ ਕੰਮ ਲਈ ਪਸ਼ੂਆਂ ਨੂੰ ਲਿਜਾਇਆ ਜਾ ਰਿਹਾ ਹੈ। ਪਰ ਫਿਰ ਵੀ ਅਸੀਂ ਵਪਾਰੀਆਂ ਨੂੰ ਕਹਿੰਦੇ ਹਾਂ ਕਿ ਉਹ ਆਪਣੇ ‘ਰਿਸਕ’ ‘ਤੇ ਹੀ ਪਸ਼ੂਆਂ ਨੂੰ ਲਿਜਾਣ।”

ਰਾਜਪੁਰਾ, ਪਟਿਆਲਾ ਦੇ ਸਤੀਸ਼ ਕੁਮਾਰ, 54, ਪ੍ਰਧਾਨ ਗਊ ਰੱਖਿਆ ਦਲ, ਜੋ ਕਿ ਗਊ ਰੱਖਿਆ ਗਰੁੱਪ ਚਲਾ ਰਿਹਾ ਹੈ, ਪਿਛਲੇ 35 ਸਾਲਾਂ ਤੋਂ ‘ਗਊਆਂ ਨੂੰ ਪਿਆਰ ਕਰੋ’ ਮੁਹਿੰਮ ਚਲਾ ਰਿਹਾ ਹੈ। ਸਤੀਸ਼ ਆਪਣੇ ‘ਤੇ ਮਾਣ ਕਰਦਾ ਦੱਸਦਾ ਹੈ ਕਿ ਉਸਨੇ ਹੁਣ ਤਕ 2.5 ਲੱਖ ਗਊਆਂ ਬਚਾਈਆਂ ਹਨ ਅਤੇ 2000 ਕੇਸ ਦਰਜ ਕਰਵਾਏ ਹਨ। ਸਤੀਸ਼ ਦੱਸਦਾ ਹੈ ਕਿ ਉਸਦੀ ਬਦੌਲਤ ਹੁਣ 22 ਰਾਜਾਂ ਵਿਚ ਗਊ ਰੱਖਿਆ ਦਲ ਕੰਮ ਕਰ ਰਹੇ ਹਨ।

ਐਨ.ਓ.ਸੀ. ਦੇਰ ਨਾਲ ਮਿਲਣ ‘ਤੇ ਸਤੀਸ਼ ਕੁਮਾਰ ਕਹਿੰਦਾ ਹੈ ਕਿ ਉਹ ਗਊ ਨੂੰ ਵੱਢਣ ਲਈ ਲਿਜਾਂਦੇ ਹਨ ਨਾ ਕਿ ਦੁੱਧ ਲਈ। ਉਸ ਮੁਤਾਬਕ ਲੱਗ ਰਹੇ ਦੋਸ਼ਾਂ ਦੀ ਉਸਨੂੰ ਕੋਈ ਪਰਵਾਹ ਨਹੀਂ ਹੈ। ਮੈਂ ਗਊ ਮਾਤਾ ਦੀ ਰੱਖਿਆ ਲਈ ਹਥਿਆਰ ਚੁੱਕਿਆ ਹੈ ਅਤੇ ਇਹ ਉਦੋਂ ਤਕ ਚੱਲੇਗਾ ਜਦ ਤਕ ਭਾਰਤ ਵਿਚ ਗਊਆਂ ਦਾ ਵੱਢਿਆ ਜਾਣਾ ਬੰਦ ਨਹੀਂ ਹੋ ਜਾਂਦਾ। ਅਵਾਰਾ ਪਸ਼ੂਆਂ ਦੀ ਵਧ ਰਹੀ ਗਿਣਤੀ ਪਿਛੇ ਵੱਡਾ ਕਾਰਨ ਇਹ ਡੇਅਰੀ ਮਾਲਕ ਹਨ ਇਸੇ ਲਈ ਰੱਬ ਨੇ ਮੈਨੂੰ ਧਰਤੀ ‘ਤੇ ਭੇਜਿਆ ਹੈ।

ਜਾਣਕਾਰੀ ਦਾ ਸਰੋਤ: ਇੰਡੀਅਨ ਐਕਸਪ੍ਰੈਸ; ਪੰਜਾਬੀ ਰੂਪ: ਸਿੱਖ ਸਿਆਸਤ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version