Site icon Sikh Siyasat News

ਸੌਧਾ ਅਸਾਧ ਦੀ ਮਾਫੀ ਦਾ ਫੈਂਸਲਾ ਵਾਪਿਸ ਲੈਣਾ ਸਿੱਖ ਪੰਥ ਦੀ ਜਿੱਤ; ਜਥੇਦਾਰਾਂ ਦੀ ਨਿਯੁਕਤੀ ਦੇ ਵਿਧੀ ਵਿਧਾਨ ਲਈ ਪੰਥ ਇਕਮੁੱਠ ਹੋਵੇ

ਹੁਸ਼ਿਆਰਪੁਰ: ਜਥੇਦਾਰਾਂ ਵੱਲੋਂ ਸੌਦਾ ਸਾਧ ਨੂੰ ਦਿੱਤੀ ਮਾਫੀ ਦੇ ਫੈਸਲੇ ਨੂੰ ਵਾਪਿਸ ਲੈਣ ਦੀ ਕਾਰਵਾਈ ਨੂੰ ਸਿੱਖੀ ਸੋਚ ਦੀ ਜਿੱਤ ਦੱਸਦਿਆਂ ਦਲ ਖਾਲਸਾ ਦੇ ਪ੍ਰਧਾਨ ਸ.ਹਰਚਰਨਜੀਤ ਸਿੰਘ ਧਾਮੀ ਅਤੇ ਅਕਾਲੀ ਦਲ ਪੰਚ ਪ੍ਰਧਾਨੀ ਦੇ ਸ. ਕੁਲਬੀਰ ਸਿੰਘ ਬੜਾਪਿੰਡ ਨੇ ਕਿਹਾ ਕਿ ਕਿਸੇ ਇੱਕ ਰਾਜਨੀਤਕ ਪਾਰਟੀ ਜਾ ਵਿਅਕਤੀ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਕੀਤੇ ਫੈਸਲੇ ਸਿੱਖ ਕੌਮ ਕਦੇ ਵੀ ਪ੍ਰਵਾਨ ਨਹੀ ਕਰੇਗੀ।

ਭਾਈ ਹਰਚਰਨਜੀਤ ਸਿੰਘ ਧਾਮੀ ਅਤੇ ਭਾਈ ਕੁਲਬੀਰ ਸਿੰਘ ਬੜਾਪਿੰਡ ਪ੍ਰੈਸ ਕਾਨਫਰੰਸ ਦੌਰਾਨ(ਫਾਈਲ ਫੋਟੋ)

ਉਨ੍ਹਾਂ ਕਿਹਾ ਕਿ ਕਾਫੀ ਸਮੇ ਤੋਂ ਜਥੇਦਾਰਾਂ ਦੇ ਅਹੁਦੇ ਦੀ ਰਾਜਨੀਤਕਾਂ ਵੱਲੋਂ ਸਵਾਰਥੀ ਹਿੱਤਾਂ ਲਈ ਦੁਰਵਰਤੋ ਹੁੰਦੀ ਆ ਰਹੀ ਸੀ।ਸੱਤਾਧਾਰੀਆਂ ਵੱਲੋਂ ਇਹ ਪ੍ਰਭਾਵ ਦਿੱਤਾ ਜਾ ਰਿਹਾ ਸੀ ਕਿ ਉਹ ਆਪਣੇ ਹਰ ਨਜਾਇਜ ਫੈਸਲੇ ਨੂੰ ਜਥੇਦਾਰਾ ਦਾ ਡਰਾਵਾ ਦੇ ਕੇ ਕੌਮ ਤੋ ਮਨਵਾ ਲੈਣਗੇ ਪਰ ਇਸ ਘਟਨਾਕ੍ਰਮ ਨੇ ਸਿੱਧ ਕਰ ਦਿੱਤਾ ਹੈ ਕਿ ਕੌਮ ਜਥੇਦਾਰਾਂ ਤੋ ਸੁਪਰੀਮ ਹੈ।

ਜਥੇਦਾਰਾਂ ਦੇ ਅਸਤੀਫੇ ਦੀ ਉਠ ਰਹੀ ਮੰਗ ਬਾਰੇ ਉਨ੍ਹਾਂ ਕਿਹਾ ਕੇ ਇਹਨਾ ਜਥੇਦਾਰਾਂ ਨੂੰ ਹਟਾ ਕੇ ਪ੍ਰਚੱਲਤ ਵਿਧੀ ਰਾਹੀਂ ਨਿਯੁਕਤ ਕੀਤੇ ਨਵੇ ਜਥੇਦਾਰਾਂ ਤੋ ਵੀ ਕੌਮ ਦੇ ਭਲੇ ਦੀ ਆਸ ਨਹੀ ਕੀਤੀ ਜਾ ਸਕਦੀ।ਜਥੇਦਾਰਾਂ ਦੀ ਨਿਯੁਕਤੀ,ਯੋਗਤਾ,ਕਾਰਜਵਿਧੀ ਅਤੇ ਸੇਵਾਮੁਕਤੀ ਆਦਿ ਸੰਬੰਧੀ ਨਿਯਮ ਘੜਨ ਦੀ ਅਤਿ ਜਰੂਰਤ ਹੈ ਅਤੇ ਇਸ ਕਾਰਜ ਵਿੱਚ ਸਾਰੀ ਸਿੱਖ ਕੌਮ ਦੀ ਸ਼ਮੂਲੀਅਤ ਜਰੂਰੀ ਹੈ।

ਪੰਜਾਬ ਵਿੱਚ ਵੱਖ ਵੱਖ ਥਾਵਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹੋ ਰਹੀ ਬੇਅਦਬੀ ਦੀਆਂ ਘਟਨਾਵਾਂ ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਪਿਛੇ ਡੂੰਘੀ ਸਾਜਿਸ਼ ਹੈ ਅਤੇ ਸਿੱਖ ਕੌਮ ਨੂੰ ਚੁਣੌਤੀ ਹੈ।ਪੁਲਿਸ ਪ੍ਰਸ਼ਾਸਨ ਦਾ ਮੁੱਢ ਵਿੱਚ ਢਿੱਲ ਮੱਠ ਵਾਲਾ ਰਵੱਈਆ ਅਤੇ ਬਾਅਦ ਵਿੱਚ ਰੋਸ ਪ੍ਰਦਰਸ਼ਨ ਕਰ ਰਹੇ ਸਿੱਖਾਂ ਤੇ ਢਾਹੇ ਜੁਲਮਾ ਨੇ ਪੰਥ ਵਿਰੋਧੀਆਂ ਦੇ ਹੌਸਲੇ ਬੁਲੰਦ ਕੀਤੇ ਹਨ।

ਅਖੀਰ ਵਿੱਚ ਉਨ੍ਹਾਂ ਦਲ ਖਾਲਸਾ ਦੇ ਕੰਵਰਪਾਲ ਸਿੰਘ, ਸਿੱਖ ਯੂਥ ਆਫ ਪੰਜਾਬ ਦੇ ਕੌਮੀ ਪ੍ਰਧਾਨ ਪ੍ਰਮਜੀਤ ਸਿੰਘ ਟਾਂਡਾ ਅਤੇ ਜਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਗਗਨਦੀਪ ਸਿੰਘ ਦੀ ਤੁਰੰਤ ਰਿਹਾਈ ਦੀ ਮੰਗ ਕਰਦਿਆਂ ਕਿਹਾ ਕਿ ਜਥੇਦਾਰਾਂ ਵੱਲਂੋ ਅਪਣੀ ਹੋਈ ਇਤਿਹਾਸਿਕ ਗਲਤੀ ਦਾ ਅਹਿਸਾਸ ਕਰਕੇ ਮਾਫੀਨਾਮੇ ਵਾਲੇ ਫੈਸਲੇ ਨੂੰ ਵਾਪਿਸ ਲੈਣ ਉਪਰੰਤ ਵੀ ਇਸ ਫੈਸਲੇ ਦਾ ਵਿਰੋਧ ਕਰ ਰਹੇ ਸਿੰਘਾਂ ਨੂੰ ਜੇਲ ਵਿੱਚ ਨਜ਼ਰਬੰਦ ਰੱਖਣਾ ਸਰਕਾਰੀ ਧੱਕੇਸ਼ਾਹੀ ਦੀ ਮਿਸਾਲ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version