Site icon Sikh Siyasat News

ਦਿੱਲੀ ਸਿੱਖ ਕਤਲੇਆਮ ਦੇ ਮੁੱਖ ਦੋਸ਼ੀਆਂ ਜਗਦੀਸ਼ ਟਾਇਟਲਰ ਅਤੇ ਸੱਜਣ ਕੁਮਾਰ ਨੂੰ ਦਿੱਲੀ ਚੋਣਾਂ ਵਿੱਚ ਰਾਹੁਲ ਗਾਂਧੀ ਨੇ ਸੌਪੀਂ ਵੱਡੀ ਜਿਮੇਵਾਰੀ

ਨਵੀਂ ਦਿੱਲੀ (5 ਨਵੰਬਰ, 2014): ਦਿੱਲੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੀ ਪ੍ਰਚਾਰ ਮੁਹਿੰਮ ਲਈ ਰਾਹੁਲ ਗਾਂਧੀ ਵੱਲੋਂ ਗਠਿਤ ਪੈਨਲ ‘ਚ 1984 ਦੇ ਸਿੱਖ ਸਿੱਖ ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਜਗਦੀਸ਼ ਟਾਈਟਲਰ ਨੂੰ ਮੀਡੀਆ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ

ਇਸ ਪੈਨਲ ‘ਚ ਨਾ ਤਾਂ ਦਿੱਲੀ ਦੀ 3 ਵਾਰ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਅਤੇ ਨਾ ਹੀ ਸ਼ੀਲਾ ਦੀਕਸ਼ਤ ਦੇ ਬੇਟੇ ਸੰਦੀਪ ਦੀਕਸ਼ਤ ਨੂੰ ਪੈਨਲ ‘ਚ ਥਾਂ ਦਿੱਤੀ ਗਈ।

ਜਿਨ੍ਹਾਂ 8 ਨੇਤਾਵਾਂ ਨੂੰ ਪੈਨਲ ‘ਚ ਥਾਂ ਦੇਣ ਦੀ ਗੱਲ ਕਹੀ ਗਈ ਹੈ, ਉਨ੍ਹਾਂ ‘ਚ ਟਾਈਟਲਰ ਅਤੇ ਸੱਜਣ ਕੁਮਾਰ ਤੋਂ ਇਲਾਵਾ ਅਰਵਿੰਦਰ ਸਿੰਘ ਲਵਲੀ, ਹਾਰੂਨ ਯੂਸਫ, ਜੇ.ਪੀ. ਅਗਰਵਾਲ, ਜੈਕਿਸ਼ਨ, ਸ਼ਕੀਲ ਅਹਿਮਦ ਅਤੇ ਅਜੈ ਮਾਕਨ ਸ਼ਾਮਿਲ ਹਨ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਮਨਜੀਤ ਸਿੰਘ ਜੀ.ਕੇ. ਨੇ ਕਾਂਗਰਸ ਪਾਰਟੀ ਨੂੰ 1984 ਵਿੱਚ ਸਿੱਖ ਕਤਲੇਆਮ ਨੂੰ ਅੰਜ਼ਾਮ ਦੇਣ ਵਾਲੇ ਕਾਂਗਰਸੀ ਆਗੂਆਂ ਨੂੰ ਸਿਆਸਤ ਵਿੱਚ ਅੱਗੇ ਕਰਨ ਦੇ ਗਹਿਰੇ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ ਹੈ।

ਜੀ.ਕੇ. ਅੱਜ ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਦਿੱਲੀ ਵਿਧਾਨ ਸਭਾ ਚੋਣਾਂ ’ਚ ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਇਟਲਰ ਅਤੇ ਸੱਜਣ ਕੁਮਾਰ ਨੂੰ 8 ਮੈਂਬਰੀ ਵੱਡੀ ਜ਼ਿੰਮੇਦਾਰੀ ਕਮੇਟੀ ’ਚ ਮੈਂਬਰ ਬਣਾਉਣ ਦੀਆਂ ਆ ਰਹੀਆਂ ਮੀਡੀਆਂ ਰਿਪੋਰਟਾਂ ’ਤੇ ਆਪਣਾ ਪ੍ਰਤੀਕ੍ਰਮ ਦੇ ਰਹੇ ਸਨ।

ਕਾਂਗਰਸ ਵੱਲੋਂ ਵਾਰ-ਵਾਰ ਸਿੱਖਾਂ ਦੇ ਜਖਮਾਂ ’ਤੇ ਨਮਕ ਛਿੜਕਣ ਦਾ ਦੋਸ਼ ਲਗਾਉਂਦੇ ਹੋਏ ਜੀ.ਕੇ. ਨੇ ਕਿਹਾ ਕਿ ਐਨ.ਡੀ.ਏ. ਦੀ ਸਰਕਾਰ ਕੇਂਦਰ ਵਿੱਚ ਬਣਨ ਤੋਂ ਬਾਅਦ ਕਾਂਗਰਸ ਦੇ ਇਨ੍ਹਾਂ ਆਗੂਆਂ ਦੇ ਮਨਾਂ ਵਿੱਚ ਗਹਿਰਾ ਡਰ ਹੈ ਤੇ ਆਪਣੇ ਕੀਤੇ ਗਏ ਕਾਰਜਾਂ ਦੀ ਸਜ਼ਾਵਾਂ ਭੁਗਤਣ ਲਈ ਉਨ੍ਹਾਂ ਨੂੰ ਜੇਲ੍ਹਾਂ ਦੇ ਅੰਦਰ ਵੀ ਜਾਣਾ ਪੈ ਸਕਦਾ ਹੈ।

ਨਾਨਾਵਤੀ ਕਮਿਸ਼ਨ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਦੇਸ਼ ਭਰ ਵਿੱਚ ਇਸ ਕਤਲੇਆਮ ਦੌਰਾਨ ਮਾਰੇ ਗਏ 12 ਹਜ਼ਾਰ ਸਿੱਖਾਂ ’ਚੋਂ 3 ਹਜ਼ਾਰ ਸਿੱਖ ਇਕੱਲੇ ਦਿੱਲੀ ਵਿਚੋਂ ਸਨ ਜਿਸ ਵਿੱਚ 587 ਐਫ.ਆਈ.ਆਰ. ਦਰਜ਼ ਹੋਈਆਂ ਸਨ, ਪਰ ਦਿੱਲੀ ਪੁਲਿਸ ਤੇ ਸੀ.ਬੀ.ਆਈ. ਵੱਲੋਂ 241 ਐਫ.ਆਈ.ਆਰ. ਨੂੰ ਜਾਂ ਤੇ ਬੰਦ ਕਰ ਦਿੱਤਾ ਗਿਆ ਜਾਂ ਉਨ੍ਹਾਂ ਦੇ ਸਬੰਧ ਵਿੱਚ ਕਾਰਵਾਈ ਨੂੰ ਅਦਾਲਤ ਦੇ ਸਾਹਮਣੇ ਨਹੀਂ ਰੱਖਿਆ ਗਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version