Site icon Sikh Siyasat News

ਕੁਰਾਨ ਸ਼ਰੀਫ਼ ਦੀ ਬੇਅਦਬੀ ਮਾਮਲੇ ਵਿੱਚ ਪਾਰਟੀ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ: ਕੇਜਰੀਵਾਲ

ਚੰਡੀਗੜ੍ਹ/ ਅੰਮ੍ਰਿਤਸਰ: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠਲੀ ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੀ ਰੋਹ ਭਰਪੂਰ ਨਿਖੇਧੀ ਕਰਦਿਆਂ ਕਿਹਾ ਕਿ ਬੀਤੀ 24 ਜੂਨ ਨੂੰ ਮਾਲੇਰਕੋਟਲਾ ‘ਚ ਪਵਿੱਤਰ ਕੁਰਾਨ ਦੀ ਬੇਅਦਬੀ ਦੇ ਮਾਮਲੇ ਵਿੱਚ ਉਨ੍ਹਾਂ ਦੀ ਪਾਰਟੀ ਨੂੰ ਬਦਨਾਮ ਕਰਨ ਦੀ ਡੂੰਘੀ ਸਾਜ਼ਿਸ਼ ਰਚੀ ਗਈ ਹੈ।

ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ‘ਚ ਲੋਕਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ,”24 ਜੂਨ ਤੋਂ ਹੀ ਪੰਜਾਬ ਪੁਲਿਸ ਲਗਾਤਾਰ ਇਹੋ ਆਖਦੀ ਆ ਰਹੀ ਸੀ ਕਿ ਪਵਿੱਤਰ ਕੁਰਆਨ ਦੀ ਬੇਅਦਬੀ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਮੈਂਬਰਾਂ ਵੱਲੋਂ ਕੀਤੀ ਗਈ ਸੀ ਪਰ 2 ਜੁਲਾਈ ਨੂੰ ਉਨ੍ਹਾਂ ਨੇ ਉਸ ਘਟਨਾ ਲਈ ਅਚਾਨਕ ਆਮ ਆਦਮੀ ਪਾਰਟੀ ਉੱਤੇ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ। ਅਜਿਹਾ 3 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਮੇਰੇ ਤਿੰਨ ਦਿਨ ਪੰਜਾਬ ਦੌਰੇ ਤੋਂ ਠੀਕ ਪਹਿਲਾਂ ਜਾਣਬੁੱਝ ਕੇ ਕੀਤਾ ਗਿਆ।”

ਕੇਜਰੀਵਾਲ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਸੋਚਿਆ ਸੀ ਕਿ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦਾ ਯੂਥ ਮੈਨੀਫ਼ੈਸਟੋ (ਨੌਜਵਾਨਾਂ ਲਈ ਮਨੋਰਥ-ਪੱਤਰ) ਜਾਰੀ ਕਰਦੇ ਸਮੇਂ ਪਵਿੱਤਰ ਕੁਰਆਨ ਦਾ ਮੁੱਦਾ ਨਹੀਂ ਛੋਹਣਾ ਚਾਹੀਦਾ। ‘ਪਰ ਫਿਰ ਮੈਂ ਸੋਚਿਆ ਕਿ ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਦੀ ਉਸ ਸਰਕਾਰ ਦੇ ਇਤਰਾਜ਼ਯੋਗ ਚਿਹਰੇ ਦਾ ਪਰਦਾਫ਼ਾਸ਼ ਕਰਨਾ ਬਹੁਤ ਜ਼ਰੂਰੀ ਹੈ, ਜਿਸ ਨੇ ਬੇਅਦਬੀ ਦੀ ਉਸ ਘਟਨਾ ਰਾਹੀਂ ਮੇਰੀ ਇਸ ਫੇਰੀ ਨੂੰ ਨਾਕਾਮ ਕਰਨਾ ਚਾਹਿਆ।’

ਕੇਜਰੀਵਾਲ ਨੇ ਕਿਹਾ ਕਿ ਉਹ ਇਹ ਜਾਣ ਕੇ ਵੀ ਬਹੁਤ ਉਦਾਸ ਹੋਏ ਹਨ ਕਿ ਪੰਜਾਬ ਦੀ ਬਾਦਲ ਸਰਕਾਰ ਨੇ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਲਈ ਪਵਿੱਤਰ ਕੁਰਆਨ ਸ਼ਰੀਫ਼ ਦੇ ਮੁੱਦੇ ਨੂੰ ਵਰਤਿਆ। ‘ਸਾਨੂੰ ਬਦਨਾਮ ਕਰਨ ਦੇ ਤਾਂ ਸੈਂਕੜੇ ਹੋਰ ਵੀ ਤਰੀਕੇ ਹੋ ਸਕਦੇ ਸਨ। ਪਰ ਉਨ੍ਹਾਂ ਨੂੰ ਆਪਣੀ ਘਟੀਆ ਮਨਸ਼ਾ ਪੂਰੀ ਕਰਨ ਲਈ ਪਵਿੱਤਰ ਕੁਰਆਨ ਸ਼ਰੀਫ਼ ਦੇ ਪੰਨੇ ਪਾੜਨ ਦੀ ਕੀ ਲੋੜ ਸੀ।’

ਕੇਜਰੀਵਾਲ ਨੇ ਕਿਹਾ ਕਿ ਪਵਿੱਤਰ ਕੁਰਆਨ ਦੀ ਬੇਅਦਬੀ ਦਾ ਮੁੱਖ ਦੋਸ਼ੀ ਵਿਜੇ ਗਰਗ ਵਿਸ਼ਵ ਹਿੰਦੂ ਪ੍ਰੀਸ਼ਦ ਨਾਲ ਜੁੜਿਆ ਰਿਹਾ ਹੈ। ‘ਵਿਜੇ ਗਰਗ ਤਾਂ ਕੇਵਲ ਇੱਕ ਮੋਹਰਾ ਹੈ। ਜਦੋਂ ਆਮ ਆਦਮੀ ਪਾਰਟੀ ਪੰਜਾਬ ‘ਚ ਆਪਣੀ ਸਰਕਾਰ ਕਾਇਮ ਕਰੇਗੀ, ਤਾਂ ਅਸੀਂ ਪਵਿੱਤਰ ਕੁਰਆਨ ਦੀ ਬੇਅਦਬੀ ਕਰਨ ਦੀ ਸਾਜ਼ਿਸ਼ ਰਚਣ ਵਾਲੇ ਉਸ ਦੇ ਬਾਪ ਨੂੰ ਜੇਲ੍ਹ ਭੇਜਾਂਗੇ।’

ਕੇਜਰੀਵਾਲ ਨੇ ਕਿਹਾ ਪੰਜਾਬ ਵਿੱਚ ਸਰਕਾਰ ਕਾਇਮ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਸੂਬੇ ਵਿੱਚ ਬੇਅਦਬੀ ਦੀਆਂ ਅਜਿਹੀਆਂ ਕਿਸੇ ਵੀ ਪ੍ਰਕਾਰ ਦੀਆਂ ਘਟਨਾਵਾਂ ਨੂੰ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਉਨ੍ਹਾਂ ਸਾਰੇ ਤੱਤਾਂ ਨੂੰ ਜੇਲ੍ਹ ਭੇਜੇਗੀ, ਜਿਨ੍ਹਾਂ ਨੂੰ ਫਿਰਕੂ ਵੰਡੀਆਂ ਪਾਉਣ ਲਈ ਸੂਬੇ ਵਿੱਚ ਗੁਰੂ ਗ੍ਰੰਥ ਸਾਹਿਬ, ਬਾਇਬਲ, ਪਵਿੱਤਰ ਕੁਰਆਨ ਜਾਂ ਗੀਤਾ ਦੀ ਬੇਅਦਬੀ ਕੀਤੀ ਹੋਵੇਗੀ।

ਕੇਜਰੀਵਾਲ ਨੇ ਕਿਹਾ ਕਿ ਇੱਕ ਸੱਚਾ ਹਿੰਦੂ ਕਦੇ ਵੀ ਕਿਸੇ ਧਰਮ ਜਾਂ ਪਵਿੱਤਰ ਗ੍ਰੰਥ ਦੀ ਬੇਅਦਬੀ ਨਹੀਂ ਕਰੇਗਾ। ”ਇੰਝ ਜਾਪਦਾ ਹੈ ਕਿ ਬਾਦਲ ਤੇ ਭਾਰਤੀ ਜਨਤਾ ਪਾਰਟੀ ਪੂਰੀ ਤਰ੍ਹਾਂ ਪਾਗ਼ਲ ਹੋ ਚੁੱਕੇ ਹਨ ਅਤੇ ਉਹ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਲਈ ਕਿਸੇ ਵੀ ਪੱਧਰ ਤੱਕ ਜਾ ਸਕਦੇ ਹਨ। ਅਕਾਲੀ ਤੇ ਭਾਜਪਾ ਦੋਵੇਂ ਹੀ ਹੁਣ ਪੂਰੀ ਤਰ੍ਹਾਂ ਝੱਲੇ ਹੋ ਗਏ ਹਨ ਕਿਉਂਕਿ ਪਿਛਲੇ ਤਿੰਨ ਮਹੀਨਿਆਂ ਦੌਰਾਨ ਹੋਏ ਸਾਰੇ ਸਰਵੇਖਣਾਂ ਦੇ ਨਤੀਜਿਆਂ ‘ਚ ਇਹੋ ਆਖਿਆ ਗਿਆ ਹੈ ਕਿ ਪੰਜਾਬ ਵਿੱਚ ਅਗਲੀ ਸਰਕਾਰ ਆਮ ਆਦਮੀ ਪਾਰਟੀ ਹੀ ਬਣਾਏਗੀ ਤੇ ਉਸ ਨੂੰ ਸੂਬੇ ਵਿੱਚ 90 ਤੋਂ 110 ਸੀਟਾਂ ਮਿਲਣਗੀਆਂ।”

ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਸਮੁੱਚੀ ਅਫ਼ਸਰਸ਼ਾਹੀ, ਖ਼ਾਸ ਕਰ ਕੇ ਪੰਜਾਬ ਪੁਲਿਸ ਨੂੰ ਅਪੀਲ ਕੀਤੀ ਹੈ ਕਿ ਉਹ ਬਾਦਲ ਸਰਕਾਰ ਦੇ ਬੇਸਿਰਪੈਰ ਦੇ ਅਤੇ ਗ਼ੈਰ-ਸੰਵਿਧਾਨਕ ਹੁਕਮ ਮੰਨਣੇ ਛੱਡ ਦੇਣ।

ਕੇਜਰੀਵਾਲ ਨੇ ਕਿਹਾ,”ਮੈਨੂੰ ਪਤਾ ਲੱਗਾ ਹੈ ਕਿ ਦੋਵੇਂ ਬਾਦਲ ਪੰਜਾਬ ਪੁਲਿਸ ਉੱਤੇ ਉਨ੍ਹਾਂ ਦੇ ਸਿਆਸੀ ਵਿਰੋਧੀਆਂ ਖ਼ਿਲਾਫ਼ ਝੂਠੇ ਕੇਸ ਦਰਜ ਕਰਨ ਜਾਂ ਕੋਈ ਅਜਿਹੇ ਹੋਰ ਗ਼ੈਰ-ਸੰਵਿਧਾਨਕ ਕੰਮ ਕਰਨ ਬਹੁਤ ਜ਼ਿਆਦਾ ਦਬਾਅ ਪਾ ਰਹੇ ਹਨ। ਮੈਂ ਪੰਜਾਬ ਦੇ ਇਨ੍ਹਾਂ ਅਧਿਕਾਰੀਆਂ ਨੂੰ ਕਹਿਣਾ ਚਾਹਾਂਗਾ ਕਿ ਉਹ ਬਾਦਲਾਂ ਦੇ ਅਜਿਹੇ ਗ਼ੈਰ-ਕਾਨੂੰਨੀ ਹੁਕਮ ਲੈਣੇ ਬੰਦ ਕਰ ਦੇਣ ਕਿਉਂਕਿ ਉਹ ਹੁਣ ਸੱਤਾ ਤੋਂ ਲਾਂਭੇ ਹੋਣ ਵਾਲੇ ਹਨ। ਹੁਣ ਤੋਂ ਬਾਅਦ ਉਹ ਕੇਵਲ ਆਪਣੇ ਕੰਮ ਕਰਨ ਲਈ ਆਪਣੀ ਜ਼ਮੀਰ ਦੀ ਆਵਾਜ਼ ਹੀ ਸੁਣਨ।”

ਕੇਜਰੀਵਾਲ ਨੇ ਇਹ ਵੀ ਕਿਹਾ ਕਿ ਸੱਤਾ ‘ਚ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਇੱਕ ਮਹੀਨਾ ਜੇਲ੍ਹ ਵਿੱਚ ਰੱਖੇਗੀ, ਤਾਂ ਜੋ ਸੂਬੇ ਵਿੱਚ ਨਸ਼ਿਆਂ ਦੀ ਸਪਲਾਈ ਤੇ ਮਾਫ਼ੀਆ ਦੀ ਲੜੀ ਟੁੱਟ ਸਕੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version