ਫ਼ਤਹਿਗੜ੍ਹ ਸਾਹਿਬ (3 ਦਸੰਬਰ, 2011): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ, ਪ੍ਰਜ਼ੀਡੀਅਮ ਮੈਂਬਰ ਦਇਆ ਸਿੰਘ ਕੱਕੜ ਅਤੇ ਜਥੇਬੰਦਕ ਸਕੱਤਰ ਸੰਤੋਖ ਸਿੰਘ ਸਲਾਣਾ ਨੇ ਅੱਜ ਇੱਥੇ ਕਿਹਾ ਕਿ ‘ਫ਼ਖ਼ਰ-ਏ-ਕੌਮ’ ਵਰਗੇ ਐਵਾਰਡ ਕਿਸੇ ਸਿਆਸੀ ਵਿਅਕਤੀ ਨੂੰ ਨਹੀਂ ਸਗੋਂ ਧਰਮ ਤੇ ਮਾਨਵਤਾ ਲਈ ਕੁਰਬਾਨੀਆਂ ਕਰਨ ਵਾਲੀਆਂ ਸਖਸ਼ੀਅਤਾਂ ਨੂੰ ਦਿੱਤੇ ਜਾਣੇ ਹੀ ਸ਼ੋਭਦੇ ਹਨ। ਸਿਆਸਤਦਾਨਾਂ ਨੂੰ ਅਜਿਹੇ ਅਹਿਮ ਐਵਾਰਡ ਦੇ ਕੇ ਅਕਾਲ ਤਖ਼ਤ ਦੇ ਮਾਣ ਨੂੰ ਠੇਸ ਨਹੀਂ ਪਹੁੰਚਾਉਣੀ ਚਾਹੀਦੀ। ਉਨ੍ਹਾਂ ਕਿਹਾ ਕਿ ਦੁਨੀਆਂ ‘ਤੇ ਪਹਿਲਾ ਸਿੱਖ ਰਾਜ ਸਥਾਪਿਤ ਕਰਨ ਵਾਲੇ ਤੇ ਇਨਸਾਨੀ ਸਰੋਕਾਰਾਂ ਲਈ ਪਰਿਵਾਰ ਸਮੇਤ ਲਾਸਾਨੀ ਸ਼ਹੀਦੀ ਪਾਉਣ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਨ੍ਹਾਂ ਸਮੇਤ ਸ. ਜੱਸਾ ਸਿੰਘ ਆਹਲੂਵਾਲੀਆ, ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਸੁਖਦੇਵ ਸਿੰਘ ਸੁੱਖਾ, ਹਰਜਿੰਦਰ ਸਿੰਘ ਜ਼ਿੰਦਾ ਤੇ ਭਾਈ ਦਿਲਾਵਰ ਸਿੰਘ ਵਰਗੇ ਸ਼ਹੀਦ ਹੀ ਅਜਿਹੇ ਸਨਮਾਨਾਂ ਦੇ ਅਸਲ ਹੱਕਦਾਰ ਹਨ।ਉਕਤ ਆਗੂਆ ਨੇ ਕਿਹਾ ਕਿ ਪਿਛਲੇ ਕਈ ਦਹਾਕਿਆਂ ਤੋਂ ਸਿਆਸਤ ਵਿੱਚ ਸਰਗਰਮ ਸ. ਬਾਦਲ ਨੂੰ ਯਾਦਗਾਰਾਂ ਦੀ ਉਸਾਰੀ ਦਾ ਧਿਆਨ ਕਦੇ ਨਹੀਂ ਆਇਆ ਪਰ ਹੁਣ ਅਪਣੇ ਪਰਿਵਾਰ ਦਾ ਸਿਆਸੀ ਭੱਵਿਖ ਖਤਰੇ ਵਿੱਚ ਵੇਖ ਕੇ ਸਿੱਖ ਵੋਟਾਂ ਲਈ ਇਨ੍ਹਾਂ ਉਸਾਰੀਆਂ ਦਾ ਕਦਮ ਚੁੱਕਿਆ ਹੈ। ਅਨੰਦਪੁਰ ਸਾਹਿਬ ਦੇ ਵਿਰਾਸਤ-ਏ-ਖ਼ਾਲਸਾ ਵਿੱਚ ਭਾਜਪਾ ਤੇ ਆਰ.ਐਸ.ਐਸ ਤੇ ਕੇਂਦਰੀ ਏਜੰਸੀਆਂ ਦੇ ਇਸ਼ਾਰੇ ‘ਤੇ ਪੇਸ਼ ਕੀਤੀਆਂ ਗਈਆਂ ਗੈਰ ਸਿਧਾਂਤਕ ਤਸਵੀਰਾਂ ਤੋਂ ਹੀ ਸ. ਬਾਦਲ ਦੇ ਅਸਲ ਮਨੋਰਥ ਪ੍ਰਗਟ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਾਕਾ ਨੀਲਾ ਤਾਰਾ ਅਤੇ ਸਿੱਖ ਕਤਲੇਆਮ, ਜਿਸਨੂੰ ਬਾਦਲ ਦਲ ਵਲੋਂ ਹਮੇਸ਼ਾਂ ਚੋਣ ਮੁੱਦਾ ਬਣਾ ਕੇ ਸਿੱਖਾਂ ਦੀਆਂ ਵੋਟਾਂ ਬਟੋਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਦੀਆਂ ਯਾਦਗਾਰਾਂ ਸਿੱਖ ਕੌਮ ਦੀ ਚਿਰੋਕਣੀ ਮੰਗ ਦੇ ਬਾਵਯੂਦ ਵੀ ਸਥਾਪਤ ਨਾ ਕਰਨਾ ਇਹੋ ਸਾਬਤ ਕਰਦਾ ਹੈ ਕਿ ਸਿੱਖ ਕੌਮ ਤੇ ਉਸਦੀ ਵਿਰਾਸਤ ਤੇ ਸਿਧਾਂਤਾਂ ਦੀ ਥਾਂ ਸ. ਬਾਦਲ ਨੂੰ ਸਿਰਫ਼ ਅਪਣੇ ਸਿਆਸੀ ਮਕਸਦਾਂ ਤੱਕ ਮਤਲਬ ਹੈ। ਉਨ੍ਹਾਂ ਕਿਹਾ ਕਿ ਕੌਮੀ ਭੱਵਿਖ ਲਈ ਜਾਨਾ ਨਿਛਾਵਰ ਕਰਨ ਵਾਲੀਆਂ ਸ਼ਖਸ਼ੀਅਤਾਂ ਹੀ ਐਵਾਰਡਾਂ ਜਾਂ ਖ਼ਿਤਾਬਾਂ ਦੀਆਂ ਹੱਕਦਾਰ ਹੋ ਸਕਦੀਆਂ ਹਨ ਨਾ ਕਿ ਰਾਜਸੀ ਸੁੱਖ ਮਾਣ ਲੇ ਜੀਵਨ ਬਤੀਤ ਕਰਨ ਵਾਲੀਆਂ ਰਾਜਨੀਤਿਕ ਸ਼ਖਸ਼ੀਅਤਾਂ। ਉਕਤ ਆਗੂਆ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੋਈ ਫੈਸਲਾ ਲੈਣ ਸਮੇਂ ਇਹ ਖਿਆਲ ਜ਼ਰੂਰ ਰੱਖਣ ਕਿ ਇਸ ਨਾਲ ਨਾ ਤਾਂ ਤਖ਼ਤ ਦੇ ਮਾਣ-ਸਨਮਾਨ ‘ਤੇ ਕੋਈ ਕਿੰਤੂ ਉੱਠੇ ਤੇ ਨਾ ਹੀ ਦਿੱਤੇ ਜਾਣ ਵਾਲੇ ਕਿਸੇ ਖ਼ਿਤਾਬ, ਸੰਦੇਸ਼ ਜਾਂ ਹੁਕਮਾਨਾਮੇ ‘ਤੇ ਹੀ ਕੋਈ ਸਵਾਲ ਉੱਠੇ।