Site icon Sikh Siyasat News

ਪੰਜਾਬ ਦਾ ਜਲ ਸੰਕਟ : ਪਟਿਆਲਾ ਜਿਲ੍ਹੇ ਦੀ ਸਥਿਤੀ

ਦੁਨੀਆਂ ਦੇ ਇਤਿਹਾਸ ਵਿਚ ਪਾਣੀ ਦਾ ਇਕ ਅਹਿਮ ਸਥਾਨ ਹੈ। ਗੁਰਬਾਣੀ ਨੇ ਪਾਣੀ ਨੂੰ ‘ਪਿਤਾ’ ਦਾ ਦਰਜਾ ਦਿੱਤਾ ਹੈ।ਮਨੁੱਖਾਂ ਦੀ ਅੰਨ੍ਹੇਵਾਹ ਲੁੱਟ ਤੋਂ ਪਹਿਲਾਂ ਕੁਦਰਤ ਵਿੱਚ ਇਕ ਸੰਤੁਲਨ ਬਣਿਆ ਹੋਇਆ ਸੀ। ਇਸ ਵਿੱਚ ਜਿੰਨਾ ਕੁ ਪਾਣੀ ਜ਼ਮੀਨ ਵਿੱਚੋਂ ਕੱਢਿਆ ਜਾਂਦਾ ਸੀ, ਓਨਾ ਪਾਣੀ ਰੀਚਾਰਜ ਵੀ ਹੋ ਜਾਂਦਾ ਸੀ। ਖੇਤੀ ਲਈ ਜਿਆਦਾਤਰ ਨਹਿਰੀ ਪਾਣੀ ਵਰਤਿਆ ਜਾਂਦਾ ਸੀ। ਪਰ ਅਖੌਤੀ ‘ਟਿਉਬਵੈੱਲ ਇਨਕਲਾਬ’ ਨੇ ਪੰਜਾਬ ਦੀ ਧਰਤੀ ਦੀ ਹਿੱਕ ਵਿੱਚੋਂ ਦਿਨ-ਰਾਤ ਪਾਣੀ ਚੂਸਣਾ ਸ਼ੁਰੂ ਕਰ ਦਿੱਤਾ ਤੇ ਸਾਨੂੰ ਅਜੋਕੀ ਗੰਭੀਰ ਸਥਿਤੀ ਵਿਚ ਲਿਆ ਕੇ ਖੜ੍ਹਾ ਕਰ ਦਿੱਤਾ ਹੈ।

ਪੰਜਾਬ ਨੂੰ 150 ਬਲਾਕਾਂ ਵਿੱਚ ਵੰਡਿਆ ਗਿਆ ਹੈ, ਜਿਸ ਵਿੱਚ 117 ਅਜਿਹੇ ਬਲਾਕ ਹਨ ਜਿਹਨਾਂ ਵਿੱਚ ਪਾਣੀ ਰੀਚਾਰਜ ਹੋਣ ਦੀ ਦਰ ਪਾਣੀ ਕੱਢਣ ਦੀ ਦਰ ਤੋਂ ਬਹੁਤ ਘੱਟ ਹੈ। ਇਸ ਲਈ ਇਹਨਾਂ 117 ਬਲਾਕਾਂ ਨੂੰ ਅਤਿ-ਸ਼ੋਸ਼ਿਤ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ।
ਪਟਿਆਲਾ ਜ਼ਿਲ੍ਹੇ ਦੀ ਸਥਿਤੀ:
ਪਟਿਆਲਾ ਜ਼ਿਲ੍ਹੇ ਦੇ ਹਾਲਾਤ ਬਾਕੀ ਪੰਜਾਬ ਨਾਲੋਂ ਘੱਟ ਚਿੰਤਾਜਨਕ ਨਹੀਂ ਹਨ। ਇਸ ਦੇ 9 ਬਲਾਕ ਹਨ ਅਤੇ ਸਾਰੇ ਹੀ ਅਤਿ-ਸ਼ੋਸ਼ਿਤ ਸ਼੍ਰੇਣੀ ਵਿੱਚ ਆਉਂਦੇ ਹਨ। ਅੰਕੜਿਆਂ ‘ਤੇ ਨਿਗ੍ਹਾ ਮਾਰਦਿਆਂ ਸਹਿਜੇ ਹੀ ਇਸ ਸਥਿਤੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਜਿਵੇਂ ਕਿ-
2017(%) 2020(%)
ਭੁਨਰਹੇੜੀ 231 276
ਘਨੌਰ 160 106
ਨਾਭਾ 160 234
ਪਟਿਆਲਾ 228 216
ਰਾਜਪੁਰਾ 211 176
ਸਮਾਣਾ 248 204
ਸਨੌਰ 250 254
ਪਾਤੜਾਂ 368 317
ਸ਼ੰਭੂ ਕਲਾਂ new block in 207
2019-20
ਬਲਾਕਾਂ ਦੀ ਸ਼ੋਸ਼ਣ ਦਰ:
ਪਟਿਆਲਾ ਜ਼ਿਲ੍ਹੇ ਦੇ ਸਾਰੇ ਬਲਾਕਾਂ ਵਿੱਚੋਂ ਬੇ-ਹਿਸਾਬਾ ਪਾਣੀ ਕੱਢਿਆ ਜਾ ਰਿਹਾ ਹੈ। ਭਾਵੇਂ ਕਿ ਇਸਦੇ 2-3 ਬਲਾਕਾਂ ਵਿੱਚ ਪਾਣੀ ਕੱਢਣ ਦੀ ਦਰ ਵਿੱਚ ਥੋੜ੍ਹੀ ਜਿਹੀ ਗਿਰਾਵਟ ਆਈ ਹੈ ਪਰ ਫਿਰ ਵੀ ਇਹ ਸਾਰੇ ਬਲਾਕ ਅਤਿ-ਸ਼ੋਸ਼ਿਤ ਸ਼੍ਰੇਣੀ ਵਿੱਚ ਹੀ ਹਨ। ਘਨੌਰ ਬਲਾਕ ਨੂੰ ਛੱਡ ਕੇ ਬਾਕੀ ਸਾਰੇ ਬਲਾਕਾਂ ਵਿੱਚ ਲਗਪਗ ਦੁੱਗਣਾ ਜਾਂ ਇਸ ਤੋਂ ਵੀ ਵੱਧ ਪਾਣੀ ਕੱਢਿਆ ਜਾ ਰਿਹਾ ਹੈ। ਭੁਨਰਹੇੜੀ ਬਲਾਕ ਵਿੱਚ 276%, ਸਨੌਰ ਵਿੱਚ 254% ਅਤੇ ਪਾਤੜਾਂ ਵਿੱਚ 317% ਤੱਕ ਵੀ ਪਾਣੀ ਕੱਢਿਆ ਜਾ ਰਿਹਾ ਹੈ।
ਧਰਤੀ ਹੇਠਲੇ ਜਲ ਭੰਡਾਰ ਦੀ ਸਥਿਤੀ:
ਮਿਣਤੀ ਦੇ ਪੱਖੋਂ ਪਟਿਆਲਾ ਜ਼ਿਲ੍ਹੇ ਵਿੱਚ 2018 ਦੇ ਅੰਕੜਿਆਂ ਅਨੁਸਾਰ ਤਿੰਨਾਂ ਪੱਤਣਾਂ ਨੂੰ ਮਿਲਾ ਕੇ 200.87 ਲੱਖ ਏਕੜ ਫੁੱਟ (LAF) ਪਾਣੀ ਹੈ ਜੋ ਕਿ ਪੰਜਾਬ ਦੇ ਲਗਪਗ ਤਿੰਨ-ਚੌਥਾਈ ਜ਼ਿਲ੍ਹਿਆਂ ਨਾਲੋਂ ਵੱਧ ਹੈ। ਇਸ ਦੇ ਪਹਿਲੇ ਪੱਤਣ ਵਿੱਚ 83 LAF, ਦੂਜੇ ਪੱਤਣ ਵਿੱਚ 58.85 LAF ਅਤੇ ਤੀਜੇ ਪੱਤਣ ਵਿੱਚ 58.66 LAF ਪਾਣੀ ਬਚਿਆ ਹੈ। ਜਿਸ ਗਤੀ ਨਾਲ ਇਸ ਜ਼ਿਲ੍ਹੇ ਦਾ ਪਾਣੀ ਕੱਢਿਆ ਜਾ ਰਿਹਾ ਹੈ, ਉਸ ਅਨੁਸਾਰ ਆਉਣ ਵਾਲੇ ਸਮੇਂ ਵਿਚ ਇਸ ਜ਼ਿਲ੍ਹੇ ਵਿੱਚ ਵੀ ਪਾਣੀ ਦੀ ਗੰਭੀਰ ਸਮੱਸਿਆ ਪੈਦਾ ਹੋ ਜਾਵੇਗੀ।
ਪਟਿਆਲਾ ਜ਼ਿਲ੍ਹੇ ਵਿੱਚ ਜੰਗਲਾਤ ਹੇਠ ਰਕਬਾ:
ਪਟਿਆਲਾ ਜ਼ਿਲ੍ਹੇ ਵਿੱਚ ਸਿਰਫ਼ 2.25% ਹੀ ਜੰਗਲਾਤ ਹੇਠ ਰਕਬਾ ਹੈ, ਜਦਕਿ ਝੋਨੇ ਹੇਠ 91% ਰਕਬਾ ਆਉਂਦਾ ਹੈ। ਮਾਹਿਰਾਂ ਅਨੁਸਾਰ ਲਗਪਗ 33% ਧਰਤੀ ਉੱਤੇ ਜੰਗਲ ਹੋਣਾ ਜ਼ਰੂਰੀ ਹੈ। ਇਸ ਤਰ੍ਹਾਂ ਪਟਿਆਲਾ ਜ਼ਿਲ੍ਹਾ ਜ਼ਰੂਰੀ ਅੰਕੜੇ ਤੋਂ ਬਹੁਤ ਜ਼ਿਆਦਾ ਦੂਰ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ।
ਸੰਭਾਵੀ ਹੱਲ ਲਈ ਕੀ ਕੀਤਾ ਜਾ ਸਕਦਾ ਹੈ:
ਨਿੱਜੀ ਪੱਧਰ ਉੱਤੇ ਕੀਤੇ ਜਾ ਸਕਣ ਵਾਲੇ ਕਾਰਜ ਇਸ ਪ੍ਰਕਾਰ ਹਨ-
ਜਿਲ੍ਹੇ ਵਿਚ ਤਿੰਨ ਫਸਲੀ ਚੱਕਰ ਨੂੰ ਤੋੜ ਕੇ ਖੇਤੀਬਾੜੀ ਵਿੱਚ ਵਿੰਭਿੰਨਤਾ ਲਿਆਉਣੀ ਬਹੁਤ ਜਰੂਰੀ ਹੈ।
ਝੋਨੇ ਹੇਠ ਰਕਬਾ ਘਟਾਉਣ ਲਈ ਵਿਦੇਸ਼ਾਂ ਵਿਚ ਰਹਿੰਦੇ ਜੀਅ ਆਪਣੀ ਜਮੀਨ ਦਾ ਠੇਕਾ ਝੋਨਾ ਨਾ ਲਾਉਣ ਦੀ ਸ਼ਰਤ ਉੱਤੇ ਘਟਾ ਕੇ ਆਪਣੇ ਜਿਲ੍ਹੇ ਦੀ ਸਥਿਤੀ ਵਿਚ ਸੁਧਾਰ ਲਈ ਉੱਦਮ ਕਰ ਸਕਦੇ ਹਨ।
ਨਿਜੀ ਪੱਧਰ ‘ਤੇ ਮੀਂਹ ਦੇ ਪਾਣੀ ਦੀ ਸੰਭਾਲ ਅਤੇ ਯੋਗ ਵਰਤੋਂ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ। ਖਾਸ ਕਰਕੇ ਸ਼ਹਿਰੀ ਖੇਤਰਾਂ ਵਿੱਚ ਮੀਂਹ ਦੇ ਪਾਣੀ ਨੂੰ ਵਰਤਣ ਦੇ ਯੋਗ ਢੰਗ ਅਪਨਾਉਣੇ ਚਾਹੀਦੇ ਹਨ।
ਜੰਗਲਾਤ ਹੇਠ ਰਕਬਾ ਵਧਾਇਆ ਜਾਣਾ ਚਾਹੀਦਾ ਹੈ। ਇਸ ਵਾਸਤੇ ਨਿੱਜੀ ਅਤੇ ਸਮਾਜਿਕ ਪੱਧਰ ‘ਤੇ ਛੋਟੇ ਜੰਗਲ ਲਗਾਏ ਜਾ ਸਕਦੇ ਹਨ।
ਪੰਚਾਇਤੀ ਅਤੇ ਹੋਰ ਸਾਂਝੀਆਂ ਜਮੀਨਾਂ ਦੀ ਵਰਤੋਂ ਇਸ ਮਕਸਦ ਲਈ ਕੀਤੀ ਜਾ ਸਕਦੀ ਹੈ।
ਇੱਥੇ ਇਹ ਦੱਸਣ ਯੋਗ ਹੈ ਕਿ ਕਾਰਸੇਵਾ ਖਡੂਰ ਸਾਹਿਬ ਵੱਲੋਂ “ਗੁਰੂ ਨਾਨਕ ਯਾਦਗਾਰੀ ਜੰਗਲ” (ਝਿੜੀ) ਲਗਾਏ ਜਾਂਦੇ ਹਨ। ਇਹ ਛੋਟਾ ਜੰਗਲ ਲਾਉਣ ਲਈ ਘੱਟੋ-ਘੱਟ ਦਸ ਮਰਲੇ ਥਾਂ ਲੋੜੀਂਦੀ ਹੁੰਦੀ ਹੈ। ਇਹ ਜੰਗਲ ਕਾਰਸੇਵਾ ਖਡੂਰ ਸਾਹਬ ਵੱਲੋਂ ਬਿਨਾਂ ਕੋਈ ਖਰਚ ਲਏ ਲਗਾਈ ਜਾਂਦੀ ਹੈ। ਇਸ ਵਾਸਤੇ ਵਧੇਰੇ ਜਾਣਕਾਰੀ ਲਈ ਖੇਤੀਬਾੜੀ ਅਤੇ ਵਾਤਾਵਰਨ ਜਾਗਰੁਕਤਾ ਕੇਂਦਰ ਨਾਲ ਜਾਂ ਸਿੱਧੇ ਤੌਰ ਉੱਤੇ ਕਾਰਸੇਵਾ ਖਡੂਰ ਸਾਹਿਬ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version