Site icon Sikh Siyasat News

ਪੰਜਾਬ ਦੇ ਲੋਕ ਸੰਪਰਕ ਅਫਸਰਾਂ ਨੇ ਕੀਤੀ ਅਕਾਲ ਪੁਰਖ ਅੱਗੇ ਸਾਂਝੀ ਅਰਜੋਈ

ਚੰਡੀਗੜ: ਲੰਘੇ ਦਿਨ ਪੰਜਾਬ ਦੇ ਡੇਢ ਦਰਜਨ ਤੋਂ ਵੱਧ ਲੋਕ ਸੰਪਰਕ ਅਧਿਕਾਰੀਆਂ ਨੇ ‘ਅਰਜੋਈ’ ਨਾਮ ਦੀ ਪਹਿਲ ਹੇਠ ਨਿਵੇਕਲਾ ਉਪਰਾਲਾ ਕਰਦਿਆਂ ਕਰੋਨਾਵਾਇਰਸ ਦੀ ਮਹਾਂਮਾਰੀ ਦੀ ਲਪੇਟ ਵਿੱਚ ਆਈ ਸਮੁੱਚੀ ਲੋਕਾਈ ਦੀ ਚੜਦੀਕਲਾ ਅਤੇ ਸਿਹਤਯਾਬੀ ਲਈ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ-ਜੋਦੜੀ ਕੀਤੀ ਹੈ। ਇਨਾਂ ਅਫਸਰਾਂ ਨੇ ਇਸ ਕੁਦਰਤੀ ਬਿਪਤਾ ਮੌਕੇ ਸਵੈ-ਬੰਦੀ ਦੌਰਾਨ ਆਪੋ-ਆਪਣੇ ਘਰਾਂ ਵਿੱਚ ਗੁਰਮਤਿ ਦੇ ਮੁਢਲੇ ਸਿਧਾਂਤ ‘ਨਾਨਕ ਨਾਮ ਚੜਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ’ ਦੇ ਗਾਡੀ ਰਾਹ ’ਤੇ ਚਲਦਿਆਂ ਗੁਰਬਾਣੀ ਸਬਦਾਂ ਰਾਹੀਂ ਮਨੁੱਖਤਾ ਦੀ ਭਲਾਈ ਲਈ ਅਦਨਾ ਜਿਹਾ ਉੱਦਮ ਕੀਤਾ ਹੈ।

 

ਇਸ ਬਿਮਾਰੀ ਤੋਂ ਪੀੜਤ ਮਨੁੱਖਾਂ ਨੂੰ ਰੋਗਾਂ ਤੋਂ ਨਿਜਾਤ ਦਿਵਾਉਣ ਲਈ ‘ਅਰਜੋਈ’ ਨਾਮ ਦੀ ਇਸ ਸੰਖੇਪ ਵੀਡੀਓ ਵਿੱਚ ਲੋਕ ਸੰਪਰਕ ਅਧਿਕਾਰੀਆਂ ਨੇ ਵੱਖੋ-ਵੱਖ ਗੁਰ ਸ਼ਬਦਾਂ ਰਾਹੀਂ ਉਨਾਂ ਦੀ ਸਿਹਤਯਾਬੀ ਵਾਸਤੇ ਅਰਜ ਕੀਤੀ ਹੈ। ਉਨਾਂ ਨੇ ਦੁਨੀਆਂ ਭਰ ਵਿੱਚ ਕਰੋਨਾ ਵਿਰੁੱਧ ਜੰਗ ’ਚ ਮੂਹਰਲੀ ਕਤਾਰ ਵਿੱਚ ਹੋ ਕੇ ਲੜ ਰਹੇ ਹਰ ਖੇਤਰ ਦੇ ਜੁਝਾਰੂਆਂ ਅਤੇ ਇਸ ਰੋਗ ਦੀ ਤਾਬ ਝੱਲ ਰਹੇ ਮਰੀਜਾਂ ਦੀ ਚੜਦੀਕਲਾ ਲਈ ਅਰਜੋਈ ਕਰਨ ਦੇ ਨਾਲ-ਨਾਲ ਇਸ ਮਹਾਂਮਾਰੀ ਕਾਰਨ ਫਾਨੀ ਸੰਸਾਰ ਤੋਂ ਅਲਵਿਦਾ ਹੋਣ ਵਾਲਿਆਂ ਨੂੰ ਵੀ ਯਾਦ ਕੀਤਾ ਹੈ।

ਲੋਕ ਸੰਪਰਕ ਉੱਚ ਅਧਿਕਾਰੀ ਸ. ਹਰਜੀਤ ਸਿੰਘ ਗਰੇਵਾਲ ਦੇ ਮੁਤਾਬਕ ਇਨਾਂ ਅਦਨੇ ਯਤਨਾਂ ਦਾ ਇਕਮਾਤਰ ਉਦੇਸ਼ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰਵਾਕ ‘ਸਰਬ ਰੋਗ ਕਾ ਅਉਖਦੁ ਨਾਮ’ ਰਾਹੀਂ ਗੁਰਬਾਣੀ ਦੇ ਓਟ ਆਸਰੇ ਤਹਿਤ ਪਰਮਾਤਮਾ ਦੀਆਂ ਮਿਹਰਾਂ ਅਤੇ ਅਸੀਸਾਂ ਸਦਕਾ ਆਲਮੀ ਸੰਕਟ ਦੀ ਇਸ ਘੜੀ ਮੌਕੇ ਪਰਵਦਿਗਾਰ ਅੱਗੇ ‘ਅਰਦਾਸ’ ਰਾਹੀਂ ਸਮੁੱਚੀ ਮਾਨਵਤਾ ਦੀ ਭਲਾਈ ਖਾਤਰ ਸਾਂਝੀ ਅਰਜੋਈ ਕਰਨਾ ਹੈ।

ਇਸ ਅਰਜੋਈ ਵਿੱਚ ਇੰਨਾਂ ਸਾਬਤ-ਸੂਰਤ ਅਧਿਕਾਰੀਆਂ ਨੇ ਲੋਕਾਂ ਨੂੰ ਕੋਵਿਡ-19 ਦਰਮਿਆਨ ਘਰਾਂ ਵਿੱਚ ਰਹਿ ਕੇ ਆਪੋ-ਆਪਣੇ ਸੂਬਿਆਂ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੇ ਸੰਦੇਸ਼ ਦਾ ਪਸਾਰ ਵੀ ਕੀਤਾ ਹੈ। ਸ੍ਰੀ ਗਰੇਵਾਲ ਨੇ ਦੱਸਿਆ ਕਿ ਇਸ ਪ੍ਰੇਰਨਾਦਾਇਕ ਵੀਡਿਓ ਵਿੱਚ ਕੇਂਦਰੀ ਸਰਕਾਰ ਅਤੇ ਸੂਬਾ ਸਰਕਾਰਾਂ ਦੀ ਐਡਵਾਈਜਰੀ ਮੁਤਾਬਕ ਸਮਾਜਿਕ ਦੂਰੀ ਸਮੇਤ ਸਿਹਤ ਅਤੇ ਸਫਾਈ ਨਾਲ ਸਬੰਧਤ ਲੋੜੀਦੀਆਂ ਸੇਧਾਂ ਨੂੰ ਅਪਣਾਉਣ ਉਤੇ ਜੋਰ ਦਿੰਦਿਆਂ ਲੋਕਾਂ ਨੂੰ ਆਪਣੇ ਘਰਾਂ ਵਿਚ ਰਹਿਣ ਦੇ ਨਾਲ-ਨਾਲ ਖਤਰਨਾਕ ਕਰੋਨਾ ਵਾਇਰਸ ਵਿਰੁੱਧ ਜੰਗ ਲੜਦਿਆਂ ਸੁਰੱਖਿਅਤ ਰਹਿਣ ਦੀ ਅਪੀਲ ਵੀ ਕੀਤੀ ਗਈ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version