Site icon Sikh Siyasat News

ਪੰਜਾਬ ਸਰਕਾਰ ਨੇ ਭਾਈ ਗੁਰਦੀਪ ਸਿੰਘ ਖੇੜਾ ਦੀ ਛੁੱਟੀ ਦੀ ਅਰਜ਼ੀ ਨੂੰ ਕੀਤਾ ਰੱਦ

ਅੰਮ੍ਰਿਤਸਰ (21 ਸਤੰਬਰ, 2015): ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਲਈ ਆਨਾਕਾਨੀ ਕਰਨ ਵਾਲੀ ਪੰਜਾਬ ਸਰਕਾਰ ਅਤੇ ਰਿਹਾਈ ਦੇ ਰਾਹ ਵਿੱਚ ਰੋੜੇ ਬਣੀ ਪੰਜਾਬ ਪੁਲਿਸ ਦਾ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਵਿਰੋਧੀਮ ਚਿਹਰਾ ਪੂਰੀ ਤਰਾਂ ਨੰਗਾ ਹੋ ਗਿਆ ਹੈ। ਕਰਨਾਟਕ ਤੋਂ ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿੱਚ ਤਬਦੀਲ ਕੀਤੇ ਗਏ ਸਿੱਖ ਸਿਆਸੀ ਕੈਦੀ ਗੁਰਦੀਪ ਸਿੰਘ ਖੇੜਾ ਨੂੰ ਪੈਰੋਲ ’ਤੇ ਰਿਹਾਅ ਕਰਨ ਦੀ ਅਪੀਲ ਨੂੰ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੇ ਰੱਦ ਕਰ ਦਿੱਤਾ ਹੈ।

ਗੁਰਦੀਪ ਸਿੰਘ ਖੈਡ਼ਾ ਨੂੰ ਸੋਮਵਾਰ ਨੂੰ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੋਂ ਬਾਹਰ ਲਿਜਾਂਦੀ ਹੋਈ ਪੁਲੀਸ(ਫਾਈਲ ਫੋਟੋ)

ਮਿਲੇ ਵੇਰਵਿਆਂ ਅਨੁਸਾਰ ਦਿਹਾਤੀ ਪੁਲੀਸ ਵੱਲੋਂ ਇਸ ਸਬੰਧੀ ਦਿੱਤੀ ਗਈ ਰਿਪੋਰਟ ਵਿੱਚ ਖ਼ਦਸ਼ਾ ਪ੍ਰਗਟਾਇਆ ਗਿਆ ਹੈ ਕਿ ਜੇਕਰ ਉਸਨੂੰ ਪੈਰੋਲ ’ਤੇ ਰਿਹਾਈ ਮਿਲਦੀ ਹੈ ਤਾਂ ਉਹ ਫ਼ਰਾਰ ਹੋ ਸਕਦਾ ਹੈ ਅਤੇ ਅਮਨ ਤੇ ਕਾਨੂੰਨ ਦੀ ਸਥਿਤੀ ਵੀ ਵਿਗੜ ਸਕਦੀ ਹੈ।

ਦਿਹਾਤੀ ਪੁਲੀਸ ਦੀ ਇਸ ਰਿਪੋਰਟ ਦੇ ਆਧਾਰ ’ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਸ ਦੀ ਪੈਰੋਲ ਸਬੰਧੀ ਅਰਜ਼ੀ ਰੱਦ ਕਰ ਦਿੱਤੀ ਗਈ ਹੈ। ਇਸ ਦੀ ਪੁਸ਼ਟੀ ਕਰਦਿਆਂ ਡਿਪਟੀ ਕਮਿਸ਼ਨਰ ਰਵੀ ਭਗਤ ਨੇ ਆਖਿਆ ਕਿ ਪੁਲੀਸ ਵੱਲੋਂ ਮਿਲੀ ਰਿਪੋਰਟ ਦੇ ਆਧਾਰ ’ਤੇ ਉਸਨੂੰ ਪੈਰੋਲ ’ਤੇ ਰਿਹਾਅ ਕਰਨ ਤੋਂ ਮਨ੍ਹਾਂ ਕੀਤਾ ਗਿਆ ਹੈ। ਦੂਜੇ ਪਾਸੇ ਦਿਹਾਤੀ ਪੁਲੀਸ ਦੇ ਐਸ.ਐਸ.ਪੀ. ਜਸਦੀਪ ਸਿੰਘ ਨੇ ਆਖਿਆ ਕਿ ਜਿਸ ਆਧਾਰ ’ਤੇ ਉਸ ਵੱਲੋਂ ਪੈਰੋਲ ’ਤੇ ਰਿਹਾਈ ਦੀ ਅਪੀਲ ਕੀਤੀ ਗਈ ਸੀ, ਉਹ ਜਾਇਜ਼ ਨਹੀਂ ਹੈ।

ਗੁਰਦੀਪ ਸਿੰਘ ਖੈੜਾ ਵੱਲੋਂ ਆਪਣੀ ਅਰਜ਼ੀ ਵਿੱਚ ਦੱਸਿਆ ਗਿਆ ਸੀ ਕਿ ਉਸ ਦੇ ਘਰ ਨੂੰ ਮੁਰੰਮਤ ਦੀ ਲੋੜ ਹੈ ਅਤੇ ਉਹ ਆਪਣੀ ਹਾਜ਼ਰੀ ਵਿੱਚ ਮੁਰੰਮਤ ਕਰਾਉਣਾ ਚਾਹੁੰਦਾ ਹੈ। ਇਸ ਸਬੰਧ ਵਿੱਚ ਪੁਲੀਸ ਵੱਲੋਂ ਉਸ ਦੇ ਘਰ ਤੇ ਆਲੇ ਦੁਆਲੇ ਦਾ ਜਾਇਜ਼ਾ ਲਿਆ ਗਿਆ ਸੀ। ਉਸ ਵੱਲੋਂ ਦੱਸੇ ਗਏ ਕਾਰਨਾਂ ਨੂੰ ਜਾਇਜ਼ ਨਾ ਮੰਨਦੇ ਹੋਏ ਪੁਲੀਸ ਨੇ ਨਾਂਹ ਪੱਖੀ ਰਿਪੋਰਟ ਦਿੱਤੀ ਹੈ।

ਗੁਰਦੀਪ ਸਿੰਘ ਖੈੜਾ (55 ਸਾਲ) ਅੰਮ੍ਰਿਤਸਰ ਜ਼ਿਲੇ ਦੇ ਪਿੰਡ ਜੱਲੂਪੁਰ ਖੈੜਾ ਦਾ ਵਾਸੀ ਹੈ ਅਤੇ ਉਸਨੂੰ ਟਾਡਾ ਕਾਨੂੰਨ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਖਿਲਾਫ 1996 ਵਿੱਚ ਦੋ ਵੱਖ ਵੱਖ ਕੇਸ ਦਿੱਲੀ ਅਤੇ ਕਰਨਾਟਕ ਵਿੱਚ ਦਰਜ ਕੀਤੇ ਗਏ ਸਨ ਅਤੇ ਅਦਾਲਤ ਵੱਲੋਂ ਉਸਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਉਸਨੂੰ ਹਾਲ ਹੀ ਵਿੱਚ ਕਰਨਾਟਕ ਜੇਲ੍ਹ ਤੋਂ ਅੰਮ੍ਰਿਤਸਰ ਜੇਲ੍ਹ ਵਿੱਚ ਤਬਦੀਲ ਕੀਤਾ ਗਿਆ ਹੈ। ੳੁਸ ਤੋਂ ਪਹਿਲਾਂ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਦਵਿੰਦਰਪਾਲ ਸਿੰਘ ਭੁੱਲਰ ਨੂੰ ਵੀ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ ਤਬਦੀਲ ਕੀਤਾ ਜਾ ਚੁੱਕਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version