ਚੰਡੀਗੜ੍ਹ: ਪੰਚਕੂਲਾ ਦੀ ਸੀ. ਬੀ. ਆਈ. ਅਦਾਲਤ ਵੱਲੋਂ ਸਿਰਸਾ ਡੇਰਾ ਦੇ ਵਿਵਾਦਤ ਮੁਖੀ ਰਾਮ ਰਹੀਮ ਵਿਰੁੱਧ ਕੇਸ ‘ਚ ਫ਼ੈਸਲਾ ਸੁਣਾਉਣ ਲਈ ਡੇਰਾ ਮੁਖੀ ਨੂੰ ਪੇਸ਼ ਹੋਣ ਦੇ ਦਿੱਤੇ ਗਏ ਹੁਕਮਾਂ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਦਾ ਪੁਲਿਸ ਪ੍ਰਸ਼ਾਸਨ ਪੱਬਾਂ ਭਾਰ ਹੋਇਆ ਪਿਆ ਹੈ। ਰਾਜ ਸਰਕਾਰ ਵੱਲੋਂ ਕੇਂਦਰ ਤੋਂ ਕੇਂਦਰੀ ਸੁਰੱਖਿਆ ਬਲਾਂ ਦੀ ਵੱਡੀ ਨਫ਼ਰੀ ਦੀ ਰੱਖੀ ਗਈ ਮੰਗ ਮੁਕਾਬਲੇ ਕੇਂਦਰ ਵੱਲੋਂ ਪੰਜਾਬ ਨੂੰ ਕੇਂਦਰੀ ਸੁਰੱਖਿਆ ਬਲਾਂ ਦੀਆਂ ਜੋ 75 ਕੰਪਨੀਆਂ ਅਲਾਟ ਕੀਤੀਆਂ ਗਈਆਂ ਹਨ, ਉਨ੍ਹਾਂ ‘ਚੋਂ ਬਹੁਤੀ ਫੋਰਸ ਰਾਜ ‘ਚ ਪੁੱਜ ਗਈ ਹੈ ਅਤੇ ਕੱਲ੍ਹ ਤੱਕ ਇਹ ਸਾਰੀਆਂ ਕੰਪਨੀਆਂ ਅਲਾਟ ਕੀਤੇ ਜ਼ਿਲ੍ਹਿਆਂ ‘ਚ ਤਾਇਨਾਤ ਹੋ ਜਾਣਗੀਆਂ।
ਰਾਜ ਸਰਕਾਰ ਵੱਲੋਂ ਪੰਜਾਬ ਆਰਮਡ ਪੁਲਿਸ ਜਲੰਧਰ ਅਤੇ ਕਮਾਂਡੋ ਟ੍ਰੇਨਿੰਗ ਸੈਂਟਰ ਬਹਾਦਰਗੜ੍ਹ ‘ਚ ਟ੍ਰੇਨਿੰਗ ਪ੍ਰਾਪਤ ਕਰ ਰਹੇ ਕੋਈ 5000 ਜਵਾਨਾਂ ਨੂੰ ਵੀ ਮਾਲਵੇ ਦੇ ਜ਼ਿਲ੍ਹਿਆਂ ‘ਚ ਤਾਇਨਾਤੀ ਲਈ ਭੇਜ ਦਿੱਤਾ ਹੈ। ਜ਼ਿਲ੍ਹਾ ਅਧਿਕਾਰੀਆਂ ਨੂੰ ਸਾਰੀਆਂ ਸੰਵੇਦਨਸ਼ੀਲ ਥਾਵਾਂ ਦੀ ਸ਼ਨਾਖ਼ਤ ਕਰਨ ਅਤੇ ਉਨ੍ਹਾਂ ਲਈ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕਰਨ ਲਈ ਵੀ ਕਿਹਾ ਗਿਆ ਹੈ।
ਰਾਜ ਸਰਕਾਰ ਵੱਲੋਂ ਡੀ.ਜੀ.ਪੀ. ਅਮਨ ਕਾਨੂੰਨ ਐਚ.ਐਸ. ਢਿੱਲੋਂ ਨੂੰ ਇਸ ਸਾਰੇ ਆਪ੍ਰੇਸ਼ਨ ਦਾ ਚਾਰਜ ਦਿੱਤਾ ਹੈ, ਜਦਕਿ ਡੀ.ਜੀ.ਪੀ. ਸੁਰੇਸ਼ ਅਰੋੜਾ ਸਮੁੱਚੇ ਆਪ੍ਰੇਸ਼ਨ ਦੀ ਨਿਗਰਾਨੀ ਕਰਨਗੇ। ਪੰਜਾਬ ਪੁਲਿਸ ਦੀ ਸੂਚਨਾ ਅਨੁਸਾਰ ਡੇਰਾ ਸਿਰਸਾ ਵਿਖੇ ਇਸ ਵੇਲੇ ਕੋਈ 2 ਤੋਂ ਢਾਈ ਲੱਖ ਸ਼ਰਧਾਲੂ ਹਾਜ਼ਰ ਹਨ ਅਤੇ ਉਨ੍ਹਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ 25 ਅਗਸਤ ਨੂੰ ਡੇਰਾ ਮੁਖੀ ਦੀ ਅਦਾਲਤ ‘ਚ ਪੇਸ਼ੀ ਸਬੰਧੀ ਫ਼ੈਸਲਾ ਉਹ ਕਰਨਗੇ, ਜਿਸ ਕਾਰਨ ਇਹ ਸਪੱਸ਼ਟ ਨਹੀਂ ਕਿ ਡੇਰਾ ਮੁਖੀ 25 ਅਗਸਤ ਨੂੰ ਪੰਚਕੂਲਾ ਅਦਾਲਤ ‘ਚ ਪੇਸ਼ ਹੋਣਗੇ ਜਾਂ ਨਹੀਂ। ਅਦਾਲਤ ਵੱਲੋਂ ਸਾਰੇ ਦੋਸ਼ੀਆਂ ਅਤੇ ਸ਼ਿਕਾਇਤਕਰਤਾਵਾਂ ਦੇ ਹਾਜ਼ਰ ਹੋਣ ਤੋਂ ਬਿਨਾਂ ਫ਼ੈਸਲਾ ਨਹੀਂ ਸੁਣਾਇਆ ਜਾ ਸਕਦਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਅੱਜ ਦਿੱਲੀ ਜਾ ਰਹੇ ਹਨ ਵੀ 23 ਅਗਸਤ ਨੂੰ ਵਾਪਸ ਚੰਡੀਗੜ੍ਹ ਪਰਤ ਆਉਣਗੇ ਤਾਂ ਜੋ ਉਹ ਖ਼ੁਦ ਵੀ ਹਾਲਾਤ ‘ਤੇ ਨਜ਼ਰ ਰੱਖ ਸਕਣ।
ਸਬੰਧਤ ਖ਼ਬਰ:
ਅਦਾਲਤ ਨੇ ਡੇਰਾ ਸਿਰਸਾ ਮੁਖੀ ਖਿਲਾਫ ਜਿਸਮਾਨੀ ਸੋਸ਼ਣ ਮੁਕੱਦਮੇ ਦਾ ਫੈਸਲਾ 25 ਅਗਸਤ ਲਈ ਸੁਰੱਖਿਅਤ ਰੱਖਿਆ …