Site icon Sikh Siyasat News

ਪੰਜਾਬ ਦੀ ‘ਭ੍ਰਿਸ਼ਟ ਸਰਕਾਰ’ ਨੂੰ ਬਰਖਾਸਤ ਕਰਨ ਦੀ ਮੰਗ

ਫ਼ਤਿਹਗੜ੍ਹ ਸਾਹਿਬ (6 ਮਈ, 2011): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਤੇ ਜਥੇਬੰਦਕ ਸਕੱਤਰ ਸੰਤੋਖ ਸਿੰਘ ਸਲਾਣਾ ਨੇ ਭਾਜਪਾ ਵਿਧਾਇਕ ਤੇ ਸੰਸਦੀ ਸਕੱਤਰ ਰਾਜ ਖੁਰਾਣਾ ਦੀ ਡੇਢ ਕਰੋੜ ਰੁਪਏ ਰਿਸ਼ਵਤ ਮੰਗਣ ਦੇ ਦੋਸ਼ਾਂ ਵਿਚ ਸੀ.ਬੀ.ਆਈ. ਵਲੋਂ ਕੀਤੀ ਗਈ ਗ੍ਰਿਫ਼ਤਾਰੀ ਤੇ ਇਸ ਮਾਮਲੇ ਵਿੱਚ ਭਾਜਪਾ ਦੇ ਵਿਧਾਇਕ ਦਲ ਦੇ ਨੇਤਾ ਮਨੋਰੰਜਨ ਕਾਲੀਆ ਤੇ ਭਲਾਈ ਮੰਤਰੀ ਚੌਧਰੀ ਸਵਰਨਾ ਰਾਮ ਦਾ ਨਾਂ ਸਾਹਮਣੇ ਆਉਣ ’ਤੇ ਇਸ ‘ਭ੍ਰਿਸ਼ਟ ਸਰਕਾਰ’ ਨੂੰ ਤੁਰੰਤ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਵਿਧਾਇਕ ਤੇ ਸੰਸਦੀ ਸਕੱਤਰ ਸੋਹਣ ਸਿੰਘ ਠੰਢਲ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਸਜ਼ਾ ਤੇ ਹੁਣ ਇਸ ਤਾਜ਼ਾ ਮਾਮਲੇ ਨਾਲ ਅਕਾਲੀ ਭਾਜਪਾ ਸਰਕਾਰ ਦਾ ਭ੍ਰਿਸ਼ਟ ਚਿਹਰਾ ਲੋਕਾਂ ਸਾਹਮਣੇ ਸਾਫ਼ ਹੋ ਚੁੱਕਿਆ ਹੈ। ਉਕਤ ਆਗੂਆਂ ਨੇ ਕਿਹਾ ਕਿ ਅਕਾਲੀ-ਭਾਜਪਾਈਏ ਹਰ ਅਨੈਤਿਕ ਤਰੀਕੇ ਨਾਲ ਪੈਸਾ ਕਮਾਉਣ ਵਿੱਚ ਲੱਗੇ ਹੋਏ ਹਨ ਤੇ ਦੋਵਾਂ ਹੱਥਾਂ ਨਾਲ ਲੋਕਾਂ ਨੂੰ ਲੁੱਟ ਰਹੇ ਹਨ। ਇੱਥੋਂ ਤੱਕ ਕਿ ‘ਕਿਸਾਨ ਭੂਮੀ ਬਚਾਓ ਸੰਘਰਸ਼ ਕਮੇਟੀ’ ਨੇ ਤਾਂ ਰਾਜ ਖੁਰਾਣਾ ’ਤੇ ਇਹ ਦੋਸ਼ ਵੀ ਲਗਾਏ ਹਨ ਕਿ ਉਸਨੇ ਰਾਜਪੁਰਾ ਦੇ ਅੱਧਾ ਦਰਜਨ ਪਿੰਡਾਂ ਦੀ 1359 ਏਕੜ ਜ਼ਮੀਨ ਕੌਡੀਆਂ ਦੇ ਭਾਅ ਹਥਿਆਉਣ ਲਈ ਇੰਫੋਟੈਕ ਦੇ ਚੇਅਰਮੈਨ ਹਰਜੀਤ ਸਿੰਘ ਨਾਲ ਮਿਲੀਭੁਗਤ ਦੇ ਇਲਜ਼ਾਮ ਵੀ ਲਗਾਏ ਹਨ।

ਉਕਤ ਆਗੂਆਂ ਨੇ ਵਿਧਾਇਕ ਮੋਹਣ ਲਾਲ ਬੰਗਾ ਤੇ ਸਰਬਜੀਤ ਸਿੰਘ ਮੱਕੜ ਦੇ ਰਿਸ਼ਤੇਦਾਰ ਪ੍ਰਿੰਸ ਮੱਕੜ ਦਾ ਹਵਾਲਾ ਦਿੰਦਿਆ ਕਿਹਾ ਕਿ ਅਕਾਲੀ-ਭਾਜਪਾ ਵਾਲੇ ਸਿਰਫ਼ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਹੀ ਨਹੀਂ ਸਗੋਂ ਕਤਲਾਂ ਵਰਗੇ ਸੰਗੀਨ ਦੋਸ਼ਾਂ ਵਿੱਚ ਵੀ ਲਿਪਤ ਹਨ। ਉਨ੍ਹਾਂ ਕਿਹਾ ਕਿ ਪੰਜਾਬ ਤੇ ਪੰਜਾਬ ਦੇ ਲੋਕਾਂ ਨੂੰ ਇਸ ਲੁੱਟ ਤੇ ਕੁੱਟ ਤੋਂ ਬਚਾਉਣ ਲਈ ਇਸ ਭ੍ਰਿਸ਼ਟ ਸਰਕਾਰ ਨੂੰ ਬਰਤਰਫ ਕੀਤੇ ਜਾਣ ਤੋਂ ਬਿਨਾਂ ਹੋਰ ਕੋਈ ਵੀ ਰਾਹ ਬਾਕੀ ਨਹੀਂ ਬਚਿਆ। ਇਸ ਸਮੇਂ ਉਕਤ ਆਗੂਆਂ ਨਾਲ ਸਰਪੰਚ ਗੁਰਮੁਖ ਸਿੰਘ ਡਡਹੇੜੀ, ਹਰਪ੍ਰੀਤ ਸਿੰਘ ਹੈਪੀ, ਦਰਸ਼ਨ ਸਿੰਘ ਬੈਣੀ, ਪ੍ਰਮਿੰਦਰ ਸਿੰਘ ਕਾਲਾ, ਭਗਵੰਤ ਸਿੰਘ ਮਹੱਦੀਆ, ਕਿਹਰ ਸਿੰਘ ਮਾਰਵਾ, ਮਿਹਰ ਸਿੰਘ ਬਸੀ ਪਠਾਣਾਂ ਤੇ ਅੰਮ੍ਰਿਤਪਾਲ ਸਿੰਘ ਆਦਿ ਵੀ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version